Close
Menu

ਬਿਹਾਰ ਚੋਣਾਂ ਮਗਰੋਂ ਟੁੱਟ ਸਕਦੀ ਹੈ ਅਕਾਲੀ-ਭਾਜਪਾ ਸਾਂਝ

-- 28 September,2015

ਚੰਡੀਗੜ੍ਹ, 28 ਸਤੰਬਰ: ਪੰਜਾਬ ’ਚ ਪਿਛਲੇ ਪੌਣੇ ਦੋ ਦਹਾਕਿਆਂ ਤੋਂ ਚੱਲੇ ਆ ਰਹੇ ਅਕਾਲੀ-ਭਾਜਪਾ ਗੱਠਜੋੜ ’ਤੇ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਪਰਛਾਵਾਂ ਪੈਣ ਦੇ ਆਸਾਰ ਹਨ। ਅਕਾਲੀ ਹਲਕਿਆਂ ਦਾ ਮੰਨਣਾ ਹੈ ਕਿ ਬਿਹਾਰ ਦੀਆਂ ਚੋਣਾਂ ’ਚ ਜੇਕਰ ਭਾਰਤੀ ਜਨਤਾ ਪਾਰਟੀ ਦੀ ਕਾਰਗੁਜ਼ਾਰੀ ਬਿਹਤਰ ਰਹੀ ਤਾਂ ਅਕਾਲੀ ਦਲ ਨੂੰ 2017 ਦੀਆਂ ਚੋਣਾਂ ਤਕ ਗੱਠਜੋੜ ਬਚਾਉਣ ਲਈ ਭਾਜਪਾ ਦੀਆਂ ਸ਼ਰਤਾਂ ਮੰਨਣੀਆਂ ਪੈ ਸਕਦੀਆਂ ਹਨ ਅਤੇ ਭਾਜਪਾ ਦੇ ਅਕਾਲੀਆਂ ਨਾਲੋਂ ਅਲੱਗ ਹੋਣ ਦੀ ਨੌਬਤ ਵੀ ਆ ਸਕਦੀ ਹੈ। ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਪਾਰਟੀ ਹਾਈ ਕਮਾਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਖ਼ਤਿਆਰ ਕੀਤੀ ਜਾਣ ਵਾਲੀ ਰਣਨੀਤੀ ਦਾ ਇੰਤਜ਼ਾਰ ਕਰ ਰਹੀ ਹੈ। ਸੂਤਰਾਂ ਮੁਤਾਬਕ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਦੋ ਮੀਟਿੰਗ ਹੋ ਚੁੱਕੀਆਂ ਹਨ। ਅਮਰਿੰਦਰ ਵਿਰੋਧੀ ਆਗੂਅਾਂ ਵੱਲੋਂ ਇਨ੍ਹਾਂ ਮੀਟਿੰਗਾਂ ਨੂੰ ਭਾਵੇਂ ਵਿਦੇਸ਼ੀ ਖਾਤਿਆਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਪਰ ਅਕਾਲੀ ਤੇ ਭਾਜਪਾ ਆਗੂਆਂ ਦਾ ਮੰਨਣਾ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੇਕਰ ਕੈਪਟਨ ਪਾਰਟੀ ਬਣਾਉਂਦੇ ਹਨ ਤਾਂ ਭਾਜਪਾ ਅਕਾਲੀ ਦਲ ਨਾਲੋਂ ਤੋੜ ਵਿਛੋੜਾ ਕਰਕੇ ਨਵੀਂ ਪਾਰਟੀ ਨਾਲ ਵੀ ਸਾਂਝ ਪਾ ਸਕਦੀ ਹੈ।  ਸੂਤਰਾਂ ਅਨੁਸਾਰ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਕੇਂਦਰੀ ਵਿੱਤ ਮੰਤਰੀ ਤੇ ਸਾਬਕਾ ਮੁੱਖ ਮੰਤਰੀ ਦਰਮਿਆਨ ਹੋਈਆਂ ਮੀਟਿੰਗਾਂ ਦੀ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਦੇ ਦਿੱਤੀ ਹੈ। ਅਕਾਲੀ ਆਗੂਆਂ ਮੁਤਾਬਕ ਬਿਹਾਰ ਚੋਣਾਂ ਦੇ ਨਤੀਜੇ ਪੰਜਾਬ ਦੀ ਰਾਜਨੀਤੀ ’ਤੇ ਵੀ ਅਸਰ ਪਾਉਣਗੇ। ਇਸ ਪੂਰਬੀ ਰਾਜ ਦੀ ਸੱਤਾ ’ਤੇ ਕਾਬਜ਼ ਹੋਣ ਲਈ ਭਾਜਪਾ ਵੱਲੋਂ ਸਿਰ ਤੋੜ ਯਤਨ ਕੀਤੇ ਜਾ ਰਹੇ ਹਨ। ਬਿਹਾਰ ਦੇ ਚੋਣ ਨਤੀਜਿਆਂ ਤੋਂ ਬਾਅਦ ਪੰਜਾਬ ਦੀਆਂ ਚੋਣਾਂ ਦਾ ਐਲਾਨ ਹੋਣ ਵਿੱਚ ਮਹਿਜ਼ 13 ਕੁ ਮਹੀਨੇ ਰਹਿ ਜਾਣਗੇ। ਇਸ ਤਰ੍ਹਾਂ ਨਾਲ ਭਾਜਪਾ ਵੱਲੋਂ ਇਹ ਫੈਸਲਾ ਬਿਹਾਰ ਚੋਣਾਂ ਤੋਂ ਤੁਰੰਤ ਬਾਅਦ ਕੀਤਾ ਜਾਵੇਗਾ ਕਿ ਭਵਿੱਖ ਦੀਆਂ ਚੋਣਾਂ ਅਕਾਲੀ ਦਲ ਨਾਲ ਰਲ ਕੇ ਲੜਨੀਆਂ ਹਨ ਜਾਂ ਕਿਸੇ ਹੋਰ ਪਾਰਟੀ ਨਾਲ।
ਅਕਾਲੀ ਆਗੂਆਂ ਅਨੁਸਾਰ ਭਾਜਪਾ ਦੀ ਪੰਜਾਬ ਲੀਡਰਸ਼ਿਪ ਦੇ ਬਹੁਤੇ ਆਗੂ ਤੇ ਵਰਕਰ ਅਕਾਲੀਆਂ ਨਾਲੋਂ ਅਲੱਗ ਹੋਣਾ ਚਾਹੁੰਦੇ ਹਨ। ਕੇਂਦਰੀ ਮੰਤਰੀ ਅਰੁਣ ਜੇਤਲੀ, ਰਾਜਨਾਥ ਸਿੰਘ ਅਤੇ ਨਿਤਿਨ ਗਡਕਰੀ ਨਾਲ ਅਕਾਲੀਆਂ ਦੇ ਚੰਗੇ ਸਬੰਧਾਂ ਕਾਰਨ ਗੱਠਜੋੜ ਬਣਿਆ ਹੋਇਆ ਹੈ। ਅਕਾਲੀ ਦਲ ਤੇ ਭਾਜਪਾ ਅੰਦਰ ਜੇਤਲੀ-ਅਮਰਿੰਦਰ ਮੀਟਿੰਗਾਂ ਨੇ ਨਵੀਂ ਚਰਚਾ ਛੇੜੀ ਹੋਈ ਹੈ। ਸਾਬਕਾ ਮੁੱਖ ਮੰਤਰੀ ਦੀ ਕੋਰ ਟੀਮ ਦੇ ਇੱਕ ਮੈਂਬਰ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਜੇਤਲੀ ਤੇ ਕੈਪਟਨ ਵਿਚਾਲੇ ਮੀਟਿੰਗਾਂ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜ਼ਾਹਿਰ ਹੈ ਕਿ ਇਨ੍ਹਾਂ ਮੀਟਿੰਗਾਂ ’ਚ ਪੰਜਾਬ ਦੇ ਰਾਜਸੀ ਹਾਲਾਤਾਂ ਬਾਰੇ ਹੀ ਚਰਚਾ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਲੰਘੀਆਂ ਲੋਕ ਸਭਾ ਚੋਣਾਂ ਵਿੱਚ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਜੇਤਲੀ ਨੂੰ ਇੱਕ ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ। ਇਸ ਬਾਅਦ ਹੁਣ ਭਾਜਪਾ ਲੀਡਰਸ਼ਿਪ ਨੂੰ ਸਾਬਕਾ ਮੁੱਖ ਮੰਤਰੀ ਦੀ ਲੋਕਪ੍ਰੀਅਤਾ ਦਾ ਵੀ ਅੰਦਾਜ਼ਾ ਲੱਗ ਚੁੱਕਾ ਹੈ। ਇਹੀ ਕਾਰਨ ਹੈ ਕਿ ਅਕਾਲੀਆਂ ਤੋਂ ਬਾਅਦ ਭਾਜਪਾ ਜੇਕਰ ਕੋਈ ਬਦਲ ਲੱਭ ਰਹੀ ਹੈ ਤਾਂ ਉਹ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਨਵੀਂ ਪਾਰਟੀ ਹੀ ਹੋ ਸਕਦੀ ਹੈ। ਕਾਂਗਰਸ ਵੱਲੋਂ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਪੂਰੀ ਤਰ੍ਹਾਂ ਅੱਖੋਂ ਪਰੋਖੇ ਕੀਤਾ ਹੋਇਆ ਹੈ। ਸਾਬਕਾ ਮੁੱਖ ਮੰਤਰੀ ਨੇ ਪਿਛਲੇ ਦਿਨਾਂ ਦੌਰਾਨ ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ’ਤੇ ਸਿੱਧੇ ਨਿਸ਼ਾਨੇ ਸੇਧੇ ਸਨ। ਸਾਬਕਾ ਮੁੱਖ ਮੰਤਰੀ ਦੀਆਂ ਟਿੱਪਣੀਆਂ ਨੇ ਭਵਿੱਖ ਦੀ ਰਾਜਨੀਤੀ ਵੀ ਇੱਕ ਤਰ੍ਹਾਂ ਨਾਲ ਤੈਅ ਕਰ ਹੀ ਦਿੱਤੀ ਹੈ। ਅਮਰਿੰਦਰ ਸਿੰਘ ਦੀ ਵਿਦੇਸ਼ ਤੋਂ ਵਾਪਸੀ ਨੂੰ ਪੰਜਾਬ ਦੇ ਲੋਕਾਂ ਤੇ ਸਿਆਸੀ ਆਗੂਆਂ ਵੱਲੋਂ ਉਤਸੁਕਤਾ ਨਾਲ ਦੇਖਿਆ ਜਾ ਰਿਹਾ ਹੈ।

Facebook Comment
Project by : XtremeStudioz