Close
Menu

ਬਿਹਾਰ ਦਾ ਰਾਜਸੀ ਸੰਕਟ ਖਤਮ ; ਨਿਤੀਸ਼ 22 ਫਰਵਰੀ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ

-- 20 February,2015

Nitish Kumar cm_punjabupdate.co

ਪਟਨਾ, 20 ਫਰਵਰੀ
ਬਿਹਾਰ ਵਿਧਾਨ ਸਭਾ ਵਿੱਚ ਭਰੋਸੇ ਦੀ ਵੋਟ ਦੌਰਾਨ ਹਾਰ ਦੇ ਆਸਾਰ ਸਾਫ ਤੌਰ ‘ਤੇ ਦੇਖ ਕੇ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਹੁਣ ਨਿਤੀਸ਼ ਕੁਮਾਰ 22 ਫਰਵਰੀ ਨੂੰ ਰਾਜ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਅੱਜ ਤੇਜ਼ੀ ਨਾਲ ਸਿਆਸੀ ਘਟਨਾਕ੍ਰਮ ਬਦਲਦੇ ਰਹੇ, ਪਰ ਕਈ ਹਫਤਿਆਂ ਤੋਂ ਚਲੀ ਆ ਰਹੀ ਸਿਆਸੀ ਬੇਯਕੀਨੀ ਖਤਮ ਹੋ ਗਈ।
ਰਾਜਪਾਲ ਕੇਸਰੀ ਨਾਥ ਤ੍ਰਿਪਾਠੀ ਨਾਲ ਇਥੇ ਰਾਜ ਭਵਨ ਵਿੱਚ ਕਰੀਬ ਇਕ ਘੰਟੇ ਤੱਕ ਮੁਲਾਕਾਤ ਕਰਨ ਮਗਰੋਂ ਸ੍ਰੀ ਨਿਤੀਸ਼ ਕੁਮਾਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਬਿਹਾਰ ਦੇ ਮੁੱਖ ਮੰਤਰੀ ਵਜੋਂ 22 ਫਰਵਰੀ ਨੂੰ ਸ਼ਾਮ 5 ਵਜੇ ਸਹੁੰ ਚੁੱਕਣਗੇ। ਉਨ੍ਹਾਂ ਦੱਸਿਆ ਕਿ ਰਾਜਪਾਲ ਨੇ ਉਨ੍ਹਾਂ ਨੂੰ 16 ਮਾਰਚ ਤੋਂ ਪਹਿਲਾਂ ਤਿੰਨ ਹਫਤਿਆਂ ‘ਚ ਸਦਨ ਅੰਦਰ ਬਹੁਮਤ ਸਿੱਧ ਕਰਨ ਲਈ ਕਿਹਾ ਹੈ। ਉਹ ਰਾਜਪਾਲ ਨੂੰ ਜੇਡੀ (ਯੂ), ਆਰਜੇਡੀ, ਕਾਂਗਰਸ ਤੇ ਭਾਜਪਾ ਦੇ ਵਿਧਾਇਕਾਂ ਤੇ ਇਕ ਆਜ਼ਾਦ ਵਿਧਾਇਕ ਨਾਲ ਮਿਲਣ ਗਏ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਿਹਾਰ ਵਿਧਾਨ ਸਭਾ ਦੇ ਨਵੇਂ ਬਜਟ ਸੈਸ਼ਨ ਨੂੰ ਬੁਲਾਉਣ ਬਾਰੇ ਫੈਸਲਾ ਕਰੇਗੀ ਤੇ ਰਾਜਪਾਲ ਦੇ ਬਿਹਾਰ ਵਿਧਾਨ ਮੰਡਲ ਦੇ ਸਾਂਝੇ ਸੈਸ਼ਨ ਵਿੱਚ ਦਿੱਤੇ ਜਾਣ ਵਾਲੇ ਭਾਸ਼ਨ ਦੀ ਤਰੀਕ ਤੈਅ ਕਰੇਗੀ। ਉਨ੍ਹਾਂ ਨੂੰ ਸਮਰਥਨ ਦੇਣ ਵਾਲੀਆਂ ਪਾਰਟੀਆਂ ਨੂੰ ਨਵੇਂ ਮੰਤਰੀ ਮੰਡਲ ਵਿੱਚ ਥਾਂ ਦੇਣ ਬਾਰੇ ਸੁਆਲ ‘ਤੇ ਸ੍ਰੀ ਕੁਮਾਰ ਨੇ ਕੋਈ ਸਾਫ ਜੁਆਬ ਦੇਣ ਦੀ ਥਾਂ ਇਹੀ ਕਿਹਾ ਕਿ ਫਿਲਹਾਲ ਰਾਜ ‘ਚ ਨਵੀਂ ਸਰਕਾਰ ਬਣ ਰਹੀ ਹੈ। ਉਨ੍ਹਾਂ ਨਾਲੰਦਾ ਯੂਨੀਵਰਸਿਟੀ ਦੇ ਚਾਂਸਲਰ ਅਮਰਤਿਆ ਸੇਨ ਵੱਲੋਂ ਅਹੁਦਾ ਛੱਡਣ ‘ਤੇ ਦੁੱਖ ਪ੍ਰਗਟ ਕੀਤਾ। ਇਸ ਤੋਂ ਪਹਿਲਾਂ ਵਿਧਾਨ ਸਭਾ ਵਿੱਚ ਭਰੋਸੇ ਦਾ ਵੋਟ ਹਾਸਲ ਕਰਨ ਦੀ ਜ਼ੁਅਰਤ ਨਾ ਪੈਣ ‘ਤੇ ਸ੍ਰੀ ਮਾਂਝੀ  ਨੇ ਬਿਹਾਰ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਇਹ ਕਹਿੰਦਿਆਂ ਅਸਤੀਫਾ ਦੇ ਦਿੱਤਾ ਕਿ ਉਨ੍ਹਾਂ ਦੇ ਸਮਰਥਕਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਤੇ ਉਹ ਆਪਣੇ ਸਮਰਥਕਾਂ ਨੂੰ ਕਿਸੇ ਤਰ੍ਹਾਂ ਦੇ ਖਤਰੇ ਵਿੱਚ ਨਹੀਂ ਸੀ ਪਾਉਣਾ ਚਾਹੁੰਦੇ।

Facebook Comment
Project by : XtremeStudioz