Close
Menu

ਬਿਹਾਰ ਵਿਧਾਨ ਸਭਾ ਵਿੱਚ ਸ਼ਕਤੀ ਪ੍ਰਦਰਸ਼ਨ ਅੱਜ

-- 19 February,2015

* ਭਾਜਪਾ ਮਾਂਝੀ ਨੂੰ ਦੇਵੇਗੀ ਹਮਾਇਤ; ਜਨਤਾ ਦਲ (ਯੂ) ਨੂੰ ਸਪੀਕਰ ਵੱਲੋਂ ਵਿਰੋਧੀ ਧਿਰ ਦਾ ਰੁਤਬਾ

ਪਟਨਾ, ਬਿਹਾਰ ਦੇ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਵੱਲੋਂ ਭਲਕੇ ਵਿਧਾਨ ਸਭਾ ਵਿੱਚ ਕੀਤੇ ਜਾ ਰਹੇ ਸ਼ਕਤੀ ਪ੍ਰਦਰਸ਼ਨ ਤੋਂ ਪਹਿਲਾਂ ਸਪੀਕਰ ਉਦੈ ਨਰਾਇਣ ਚੌਧਰੀ ਨੇ ਅੱਜ ਜਨਤਾ ਦਲ (ਯੂ) ਨੂੰ ਭਾਜਪਾ ਦੀ ਥਾਂ ਮੁੱਖ ਵਿਰੋਧੀ ਪਾਰਟੀ ਦਾ ਰੁਤਬਾ ਦੇ ਦਿੱਤਾ ਜਿਸ ਨੂੰ ਪਾਰਟੀ ਨੇ (ਭਾਜਪਾ ਨੇ) ‘ਆਪਹੁਦਰਾਪਣ’ ਕਰਾਰ ਦਿੱਤਾ ਹੈ।

ਸਪੀਕਰ ਨੇ ਜਨਤਾ ਦਲ (ਯੂ) ਦੇ ਆਗੂ ਵਿਜੈ ਚੌਧਰੀ ਨੂੰ ਭਾਜਪਾ ਦੇ ਨੰਦ ਕਿਸ਼ੋਰ ਦੀ ਥਾਂ ਵਿਰੋਧੀ ਧਿਰ ਦਾ ਆਗੂ ਬਣਾ ਦਿੱਤਾ। ਸਪੀਕਰ ਨੇ ਕਿਹਾ ਕਿ ਵਿਧਾਨ ਸ ਭਾ ਸਕੱਤਰੇਤ ਨੂੰ ਗਿਣਤੀ ਦੇ ਆਧਾਰ ’ਤੇ ਕੰਮ ਕਰਨਾ ਪੈਂਦਾ ਹੈ ਤੇ ਕਿਉਂਕਿ ਜਨਤਾ ਦਲ (ਯੂ) ਨੇ ਮੁੱਖ ਵਿਰੋਧੀ ਧਿਰ ਦਾ ਰੁਤਬਾ ਮੰਗਿਆ ਸੀ ਤੇ ਉਨ੍ਹਾਂ ਕੋਲ ਗਿਣਤੀ ਦੇ ਆਧਾਰ ’ਤੇ ਨਾਂਹ ਕਰਨ ਦਾ ਕੋਈ ਕਾਰਨ ਨਹੀਂ ਸੀ। ਮੁੱਖ ਮੰਤਰੀ ਜੀਤਨ ਰਾਮ ਮਾਂਝੀ ਨੂੰ ਪ੍ਰਧਾਨ ਸ਼ਰਦ ਯਾਦਵ ਵੱਲੋਂ ਪਾਰਟੀ ’ਚੋਂ ਕੱਢੇ ਜਾਣ ਮਗਰੋਂ ਵਿਧਾਨ ਸਭਾ ਵਿੱਚ ਪਾਰਟੀ ਰਹਿਤ ਮੈਂਬਰ ਐਲਾਨਿਆ ਗਿਆ ਸੀ ਤੇ ਭਲਕੇ ਉਹ ਸਦਨ ਵਿੱਚ ਬਹੁਮੱਤ ਸਾਬਤ ਕਰਨਗੇ। ਵਿਧਾਨ ਪ੍ਰੀਸ਼ਦ ਵਿੱਚ ਵੀ ਇਸ ਪਾਰਟੀ ਨੂੰ ਮੁੱਖ ਵਿਰੋਧੀ ਧਿਰ ਦਾ ਰੁਤਬਾ ਦੇ ਦਿੱਤਾ ਗਿਆ ਹੈ। ਪ੍ਰੀਸ਼ਦ ਚੇਅਰਮੈਨ ਅਵਦੇਸ਼ ਨਰਾਇਣ ਸਿੰਘ ਅਨੁਸਾਰ ਉਨ੍ਹਾਂ ਨੇ ਵੀ ਮੈਂਬਰਾਂ ਦੀ ਗਿਣਤੀ ਦੇ ਆਧਾਰ ’ਤੇ ਇਹ ਫੈਸਲਾ ਲਿਆ ਹੈ। ਸਪੀਕਰ ਦੇ ਇਸ ‘ਆਪਹੁਦਰੇਪਣ’ ਵਿਰੁੱਧ ਲੋਹੀਲਾਖੀ ਹੋਈ ਭਾਜਪਾ ਨੇ ਵਿਧਾਨ ਸਭਾ ਦੇ ਦਰਾਂ ’ਤੇ ਧਰਨਾ ਦਿੱਤਾ। ਨੰਦ ਕਿਸ਼ੋਰ ਯਾਦਵ ਨੇ ਕਿਹਾ ਕਿ ਦੇਸ਼ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਵੇਗਾ ਕਿ ਜਨਤਾ ਦਲ (ਯੂ) ਸੱਤਾਧਾਰੀ ਤੇ ਵਿਰੋਧੀ ਧਿਰ ਦੋਵਾਂ ’ਚ ਬੈਠੇਗਾ। ਉਨ੍ਹਾਂ ਦਲੀਲ ਦਿੱਤੀ ਕਿ ਭਾਜਪਾ ਮਾਂਝੀ ਦਾ ਸਮਰਥਨ ਕਰਨਾ ਚਾਹੁੰਦੀ ਸੀ, ਪਰ ਇਸ ਦਾ ਮਤਲਬ ਇਹ ਨਹੀਂ ਕਿ ਇਹ ਇਸ ਸਰਕਾਰ ਵਿੱਚ ਸ਼ਾਮਲ ਹੋ ਰਹੀ ਹੈ।
ਜਨਤਾ ਦਲ (ਯੂ) ਦੇ ਵਿਧਾਇਕ ਦਲ ਦੇ ਆਗੂ ਵਿਜੈ ਚੌਧਰੀ ਨੇ ਕੱਲ੍ਹ ਸਪੀਕਰ ਤੋਂ ਵਿਰੋਧੀ ਧਿਰ ਵਾਲੇ ਪਾਸੇ ਬੈਠਣ ਲਈ ਮੰਗ ਕੀਤੀ ਸੀ। ਬਿਹਾਰ ਦੀ 243 ਮੈਂਬਰੀ ਵਿਧਾਨ ਸਭਾ ਵਿੱਚ ਇਸ ਵੇਲੇ 233 ਮੈਂਬਰ ਹਨ, ਜਨਤਾ ਦਲ (ਯੂ) ਦੇ 110 ਵਿਧਾਇਕ, ਸਮੇਤ ਸਪੀਕਰ ਦੇ ਤੇ ਮੁੱਖ ਮੰਤਰੀ ਕਿਸੇ ਪਾਰਟੀ ਨਾਲ ਨਹੀਂ। ਭਾਜਪਾ ਕੋਲ 87, ਰਾਸ਼ਟਰੀ ਜਨਤਾ ਦਲ ਕੋਲ 24, ਕਾਂਗਰਸ ਦੇ 5, ਸੀਪੀਆਈ ਦਾ ਇਕ, ਪੰਜਾਹ ਆਜ਼ਾਦ ਮੈਂਬਰ ਹਨ। 10 ਸੀਟਾਂ ਖਾਲੀ ਹਨ।

ਭਾਜਪਾ ਮਾਂਝੀ ਨੂੰ ਦੇਵੇਗੀ ਹਮਾਇਤ
ਬਿਹਾਰ ਦੇ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਦੀ ਬੇੜੀ ਪਾਰ ਲੰਘਾਉਣ ਲਈ ਭਾਜਪਾ ਨੇ ਉਨ੍ਹਾਂ ਨੂੰ 20 ਫਰਵਰੀ ਨੂੰ ਵਿਧਾਨ ਸਭਾ ’ਚ ਭਰੋਸੇ ਦੇ ਵੋਟ ਮੌਕੇ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਨੇ ਆਪਣੇ ਵਿਧਾਇਕਾਂ ਨੂੰ ਵਿਧਾਨ ਸਭਾ ’ਚ ਹਾਜ਼ਰ ਰਹਿਣ ਲਈ ਵਿ੍ਹਪ ਵੀ ਜਾਰੀ ਕੀਤਾ ਹੈ। ਸੀਨੀਅਰ ਭਾਜਪਾ ਆਗੂ ਸੁਸ਼ੀਲ ਕੁਮਾਰ ਮੋਦੀ ਨੇ ਕਿਹਾ ਕਿ ਪਾਰਟੀ ਮਾਂਝੀ ਸਰਕਾਰ ’ਚ ਨਾ ਤਾਂ ਸ਼ਾਮਲ ਹੋਏਗੀ ਅਤੇ ਨਾ ਹੀ ਆਪਣੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰੇਗੀ।

ਪੱਪੂ ਯਾਦਵ ’ਤੇ ਮਾਂਝੀ ਦੇ ਹੱਕ ਵਿੱਚ ਵਿਧਾਇਕਾਂ ਦੀ ਖਰੀਦੋ-ਫਰੋਖਤ ਦੇ ਦੋਸ਼
 ਜਨਤਾ ਦਲ (ਯੂ) ਨੇ ਅੱਜ ਦੋਸ਼ ਲਾਏ ਕਿ ਵਿਧਾਨ ਸਭਾ ਵਿੱਚ ਭਲਕੇ ਭਰੋਸੇ ਦਾ ਮੱਤ ਹਾਸਲ ਕੀਤੇ ਜਾਣ ਤੋਂ ਪਹਿਲਾਂ ਉਨ੍ਹਾਂ ਦੇ ਵਿਧਾਇਕਾਂ ਨੂੰ ਖਰੀਦਣ ਦੇ ਯਤਨ ਕੀਤੇ ਜਾ ਰਹੇ ਹਨ। ਪ੍ਰੈਸ ਕਾਨਫਰੰਸ ਵਿੱਚ ਜਨਤਾ ਦਲ (ਯੂ) ਦੇ ਸੂਬਾ ਜਨਰਲ ਪ੍ਰਧਾਨ ਵਸ਼ਿਸ਼ਟ ਨਰਾਇਣ ਸਿੰਘ ਨੇ ਸ਼ਿਓਹਾਰ ਹਲਕੇ ਦੇ ਵਿਧਾਇਕ ਸ਼ਰਫੂਦੀਨ ਨੂੰ ਪੇਸ਼ ਕੀਤਾ ਜਿਸ ਨੇ ਦੋਸ਼ ਲਾਏ ਕਿ ਮਧੇਪੁਰਾ ਤੋਂ ਸੰਸਦ ਮੈਂਬਰ ਪੱਪੂ ਯਾਦਵ ਨੇ ਉਨ੍ਹਾਂ ਨੂੰ ਟੈਲੀਫੋਨ ਕਰਕੇ ਮਾਂਝੀ ਨੂੰ ਹਮਾਇਤ ਦੇਣ ’ਤੇ ਪੈਸੇ ਦੇਣ ਅਤੇ ਮੰਤਰਾਲਾ ਦੇਣ ਦੀ ਪੇਸ਼ਕਸ਼ ਕੀਤੀ ਸੀ।

ਚਾਰ ਬਾਗੀ ਵਿਧਾਇਕਾਂ ਦੇ ਵੋਟ ਪਾਉਣ ’ਤੇ ਅਦਾਲਤ ਨੇ ਲਾਈ ਰੋਕ
ਇਸੇ ਦੌਰਾਨ ਜੀਤਨ ਰਾਮ ਮਾਂਝੀ ਕੈਂਪ ਨੂੰ ਵੱਡੀ ਢਾਹ ਲਾਉਂਦਿਆਂ, ਪਟਨਾ ਹਾਈ ਕੋਰਟ ਨੇ ਅੱਜ ਜਨਤਾ ਦਲ (ਯੂ) ਦੇ ਚਾਰ ਬਾਗ਼ੀ ਵਿਧਾਇਕਾਂ ਦੇ ਭਲਕੇ ਭਰੋਸੇ ਦੇ ਮਤੇ ਦੌਰਾਨ ਵੋਟ ਪਾਉਣ ’ਤੇ ਪਾਬੰਦੀ ਲਾ ਦਿੱਤੀ ਹੈ। ਜਨਤਾ ਦਲ (ਯੂ) ਦੇ ਚਾਰ ਬਾਗ਼ੀ ਵਿਧਾਇਕਾਂ ਨੇ ਕੱਲ੍ਹ ਅਦਾਲਤ ’ਚ ਬੇਨਤੀ ਕੀਤੀ ਸੀ ਕਿ ਉਨ੍ਹਾਂ ਨੂੰ ਭਲਕੇ ਵੋਟ ਪਾਉਣ ਦੀ ਮਨਜ਼ੂਰੀ ਦਿੱਤੀ ਜਾਵੇ ਪਰ ਜਸਟਿਸ ਇਕਬਾਲ ਅਹਿਮਦ ਅਨਸਾਰੀ ਤੇ ਚਕਰਧਾਰੀ ਸ਼ਰਨ ਸਿੰਘ ਆਧਾਰਤ ਡਵੀਜ਼ਨ ਬੈਂਚ ਨੇ ਉਨ੍ਹਾਂ ਨੂੰ ਇਹ ਆਗਿਆ ਨਹੀਂ ਦਿੱਤੀ। ਇਹ ਵਿਧਾਇਕ ਗਿਆਨੇਂਦਰ ਸਿੰਘ ਗਿਆਨੂ, ਰਵਿੰਦਰ ਰਾਏ, ਰਾਹੁਲ ਸ਼ਰਮਾ ਤੇ ਨੀਰਜ ਸਿੰਘ ਬਬਲੂ ਹਨ। ਇਹ ਸਾਰੇ ਨਿਤੀਸ਼ ਕੁਮਾਰ ਵਿਰੁੱਧ ਕੰਮ ਕਰ ਰਹੇ ਸਨ ਤੇ ਮਾਂਝੀ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ ਸਨ।

Facebook Comment
Project by : XtremeStudioz