Close
Menu

ਬੀਐਸIV ਵਾਹਨ ਪਹਿਲੀ ਅਪਰੈਲ 2020 ਤੋਂ ਨਹੀਂ ਵਿਕਣਗੇ: ਸੁਪਰੀਮ ਕੋਰਟ

-- 25 October,2018

ਨਵੀਂ ਦਿੱਲੀ, 25 ਅਕਤੂਬਰ
ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਪਹਿਲੀ ਅਪਰੈਲ 2020 ਤੋਂ ਮੁਲਕ ’ਚ ਭਾਰਤ ਸਟੇਜ IV (ਬੀਐਸ-IV) ਨੇਮਾਂ ਵਾਲੇ ਵਾਹਨ ਨਹੀਂ ਵੇਚੇ ਜਾ ਸਕਣਗੇ। ਭਾਰਤ ਸਟੇਜ VI (ਬੀਐਸ-VI) ਆਧਾਰਿਤ ਨੇਮ ਸਾਰੇ ਵਾਹਨਾਂ ’ਚ ਪਹਿਲੀ ਅਪਰੈਲ 2020 ਤੋਂ ਮੁਲਕ ਭਰ ’ਚ ਲਾਗੂ ਹੋ ਜਾਣਗੇ। ਭਾਰਤ ਸਟੇਜ ਪ੍ਰਦੂਸ਼ਣ ਮਾਪਦੰਡ ਸਰਕਾਰ ਵੱਲੋਂ ਬਣਾਏ ਗਏ ਹਨ ਜਿਨ੍ਹਾਂ ਰਾਹੀਂ ਉਹ ਮੋਟਰ ਵਾਹਨਾਂ ’ਚੋਂ ਨਿਕਲਦੇ ਪ੍ਰਦੂਸ਼ਣ ਨੂੰ ਇਕਸਾਰ ਕਰਦੀ ਹੈ। ਜਸਟਿਸ ਮਦਨ ਬੀ ਲੋਕੁਰ ਦੀ ਅਗਵਾਈ ਹੇਠਲੇ ਤਿੰਨ ਜੱਜਾਂ ’ਤੇ ਆਧਾਰਿਤ ਬੈਂਚ ਨੇ ਸਪੱਸ਼ਟ ਕੀਤਾ ਕਿ ਪਹਿਲੀ ਅਪਰੈਲ 2020 ਤੋਂ ਸਿਰਫ਼ ਬੀਐਸ-VI ਮਾਪਦੰਡ ਵਾਲੇ ਵਾਹਨ ਹੀ ਵਿਕਣਗੇ। ਬੈਂਚ ਨੇ ਕਿਹਾ ਕਿ ਪ੍ਰਦੂਸ਼ਣ ਤੋਂ ਮੁਕਤੀ ਸਮੇਂ ਦੀ ਲੋੜ ਹੈ। ਬੀਐਸ-II ਨੇਮ ਅਪਰੈਲ 2017 ਤੋਂ ਮੁਲਕ ਭਰ ’ਚ ਲਾਗੂ ਸਨ। ਸਾਲ 2016 ’ਚ ਕੇਂਦਰ ਸਰਕਾਰ ਨੇ ਐਲਾਨ ਕੀਤਾ ਸੀ ਕਿ ਬੀਐਸ-V ਨੇਮਾਂ ਨੂੰ ਉਲੰਘ ਕੇ ਮੁਲਕ ਭਰ ’ਚ 2020 ਤਕ ਬੀਐਸ-VI ਨੇਮ ਲਾਗੂ ਕੀਤੇ ਜਾਣਗੇ। ਸੁਪਰੀਮ ਕੋਰਟ ਬੀਐਸ-VI ਨੇਮ ਵਾਲੇ ਵਾਹਨ ਨਾ ਬਣਾਉਣ ਵਾਲੇ ਆਟੋਮੋਬਾਈਲ ਮੈਨੂਫੈਕਚਰਰਜ਼ ਨੂੰ ਪਹਿਲੀ ਅਪਰੈਲ 2020 ਤੋਂ ਬਾਅਦ ਹੋਰ ਸਮਾਂ ਦੇਣ ਬਾਰੇ ਦਾਖ਼ਲ ਅਰਜ਼ੀ ’ਤੇ ਸੁਣਵਾਈ ਕਰ ਰਿਹਾ ਸੀ। ਪਿਛਲੀ ਸੁਣਵਾਈ ਦੌਰਾਨ ਅਦਾਲਤੀ ਮਿੱਤਰ ਵਕੀਲ ਅਪਰਾਜਿਤਾ ਸਿੰਘ ਨੇ ਸਰਕਾਰ ਵੱਲੋਂ ਆਟੋਮੋਬਾਈਲ ਮੈਨੂਫੈਕਚਰਰਜ਼ ਨੂੰ 30 ਜੂਨ 2020 ਤਕ ਦਾ ਸਮਾਂ ਦਿੱਤੇ ਜਾਣ ਦਾ ਵਿਰੋਧ ਕੀਤਾ ਸੀ। ਆਟੋਮੋਬਾਈਲ ਮੈਨੂਫੈਕਚਰਰਜ਼ ਨੇ ਵਾਧੂ ਸਮਾਂ ਦਿੱਤੇ ਜਾਣ ਲਈ ਸਫ਼ਾਈ ਦਿੰਦਿਆਂ ਕਿਹਾ ਸੀ ਕਿ ਭਾਰਤ ਘੱਟ ਸਮੇਂ ਅੰਦਰ ਹੀ ਬੀਐਸ-IV ਨੇਮਾਂ ਤੋਂ ਬੀਐਸ-VI ਨੇਮਾਂ ਨੂੰ ਲਾਗੂ ਕਰਨ ਜਾ ਰਿਹਾ ਹੈ। ਮੈਨੂਫੈਕਚਰਰਜ਼ ਨੇ 31 ਮਾਰਚ 2020 ਤਕ ਬੀਐਸ-IV ਵਾਹਨ ਤਿਆਰ ਕਰਨ ਦੀ ਇਜਾਜ਼ਤ ਮੰਗੀ ਸੀ। ਕੇਂਦਰ ਵੱਲੋਂ ਪੇਸ਼ ਹੋਏ ਵਧੀਕ ਸੋਲਿਸਟਰ ਜਨਰਲ ਏ ਐਨ ਐਸ ਨੰਦਕਰਨੀ ਨੇ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਸਰਕਾਰ ਮੈਨੂਫੈਕਚਰਰਜ਼ ਨੂੰ ਆਪਣੇ ਬੀਐਸ-IV ਵਾਹਨਾਂ ਦਾ ਸਟਾਕ ਪਹਿਲੀ ਅਪਰੈਲ 2020 ਤੋਂ ਬਾਅਦ ਤਿੰਨ ਅਤੇ ਛੇ ਮਹੀਨਿਆਂ ਦੌਰਾਨ ਵੇਚਣ ਦਾ ਸਮਾਂ ਦੇਣ ਬਾਰੇ ਵਿਚਾਰ ਕਰ ਰਹੀ ਹੈ।

Facebook Comment
Project by : XtremeStudioz