Close
Menu

ਬੀਬੀਐਮਬੀ ਵਿਚ ਪੰਜਾਬ ਦਾ ਕੋਟਾ ਖੁਸਣ ਦਾ ਖ਼ਤਰਾ

-- 28 February,2015

ਚੰਡੀਗੜ, ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਵਿਚ ਪੰਜਾਬ ਦੇ ਡੈਪੂਟੇਸ਼ਨ ਕੋਟੇ ਦੀਆਂ ਸੈਂਕੜੇ ਇੰਜਨੀਅਰਾਂ ਤੇ ਹੋਰ ਵਰਗਾਂ ਦੀਆਂ ਆਸਾਮੀਆਂ ਖੁੱਸਣ ਦਾ ਖਤਰਾ ਪੈਦਾ ਹੋ ਗਿਆ ਹੈ। ਪੰਜਾਬ ਸਰਕਾਰ ਦੀਆਂ ਅਣਗਹਿਲੀਆਂ ਕਾਰਨ ਪਿਛਲੇ ਕਈ ਸਾਲਾਂ ਤੋਂ ਬੀਬੀਐਮਬੀ ਵਿਚ ਆਪਣੇ ਡੈਪੂਟੇਸ਼ਨ ਕੋਟੇ ਦੇ ਇੰਜਨੀਅਰ ਅਤੇ ਹੋਰ ਅਧਿਕਾਰੀ ਨਾ ਭੇਜਣ ਕਾਰਨ ਇਹ ਸਥਿਤੀ ਪੈਦਾ ਹੋਈ ਹੈ।
ਬੀਬੀਐਮਬੀ ਵੱਲੋਂ ਆਪਣੇ ਪੱਧਰ ’ਤੇ ਸਿੱਧੀ ਭਰਤੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਕੇ ਪੰਜਾਬ ਦੇ ਡੈਪੂਟੇਸ਼ਨ ਕੋਟੇ ਨੂੰ ਖਤਮ ਕਰਨ ਦਾ ਰਾਹ ਖੋਲ੍ਹ ਦਿੱਤਾ ਗਿਆ ਹੈ ਜਿਸ ਕਾਰਨ ਪੰਜਾਬ ਸਰਕਾਰ ਨੇ ਸੜਕਾਂ ਉਪਰ ਰੁਲ ਰਹੇ ਡਿਗਰੀਆਂ–ਡਿਪਲੋਮਿਆਂ ਵਾਲੇ ਨੌਜਵਾਨਾਂ ਨੂੰ ਬੀਬੀਐਮਬੀ ਵਿਚ ਡੈਪੂਟੇਸ਼ਨ ’ਤੇ ਮੁਫਤੋ–ਮੁਫਤੀ ਨਿਯੁਕਤ ਕਰਨ ਦਾ ਮੌਕਾ ਖੁੰਝਾ ਲਿਆ ਹੈ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੂੰ ਬੀਬੀਐਮਬੀ ਵਿਚ ਆਪਣੇ ਹਿੱਸੇ ਦਾ ਨਿਰਧਾਰਤ ਬਜਟ ਹਰੇਕ ਵਰ੍ਹੇ ਦੇਣਾ ਪੈਂਦਾ ਹੈ ਅਤੇ ਬੀਬੀਐਮਬੀ ਵਿਚਲੇ ਡੈਪੂਟੇਸ਼ਨ ਕੋਟੇ ਲਈ ਵਿਸ਼ੇਸ਼ ਭਰਤੀ ਕਰਨ ਨਾਲ ਪੰਜਾਬ ਸਰਕਾਰ ਉਪਰ ਕੋਈ ਵਿੱਤੀ ਬੋਝ ਨਹੀਂ ਪੈਣਾ ਸੀ। ਸਰਕਾਰ ਦੀ ਇਸ ਅਦਾਰੇ ਲਈ ਵਿਸ਼ੇਸ਼ ਭਰਤੀ ਕਰਨ ਦੀ ਤਜਵੀਜ਼ ਲੰਮੇ ਸਮੇਂ ਤੋਂ ਠੰਢੇ ਬਸਤੇ ਵਿਚ ਪਈ ਹੈ। ਸੂਤਰਾਂ ਅਨੁਸਾਰ ਬੀਬੀਐਮਬੀ ਦੇ ਚੇਅਰਮੈਨ 4 ਅਕਤੂਬਰ 2010 ਨੂੰ ਮਨਾਲੀ ਵਿਖੇ ਹੋਈ 205ਵੀਂ ਮੀਟਿੰਗ ਤੋਂ ਹੀ ਨਿਰੰਤਰ ਕਹਿੰਦੇ ਆ ਰਹੇ ਹਨ ਕਿ ਪੰਜਾਬ ਤੇ ਹੋਰ ਰਾਜਾਂ ਤੋਂ ਡੈਪੂਟੇਸ਼ਨ ਕੋਟੇ ’ਤੇ ਲੋੜੀਂਦੇ ਇੰਜਨੀਅਰ ਤੇ ਹੋਰ ਸਟਾਫ ਨਾ ਆਉਣ ਕਾਰਨ ਡੈਮ ਲਈ ਗੰਭੀਰ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਬੀਬੀਐਮਬੀ ਵਲੋਂ ਕਈ ਸਾਲਾਂ ਤੋਂ 943 ਸੰਕਟਮਈ (ਕ੍ਰਿਟੀਕਲ) ਖਾਲੀ ਆਸਾਮੀਆਂ ਐਲਾਨੀਆਂ ਹਨ ਪਰ ਪੰਜਾਬ ਸਰਕਾਰ ਰਣਜੀਤ ਸਾਗਰ ਡੈਮ ਪ੍ਰਾਜੈਕਟ ਦੇ ਮਹਿਜ਼ 143 ਮੁਲਾਜ਼ਮ ਹੀ ਭੇਜਣ ਦੇ ਸਮਰੱਥ ਹੋਈ ਹੈ ਜਿਸ ਕਾਰਨ ਡੈਮ 900 ਸੰਕਟਮਈ ਆਸਾਮੀਆਂ ਕਾਰਨ ਗੰਭੀਰ ਸਮੱਸਿਆਵਾਂ ਵਿਚ ਫਸਦਾ ਜਾ ਰਿਹਾ ਹੈ। ਬੀਬੀਐਮਬੀ ਨੇ ਹੁਣ ਆਪਣੇ ਪੱਧਰ ’ਤੇ ਇਹ ਸੰਕਟਮਈ ਆਸਾਮੀਆਂ ਠੇਕੇ ਦੇ ਆਧਾਰ ’ਤੇ ਸਿੱਧੀ ਭਰਤੀ ਲਈ 26 ਫਰਵਰੀ 2015 ਤੱਕ ਉਮੀਦਵਾਰਾਂ ਕੋਲੋਂ ਅਰਜ਼ੀਆਂ ਵੀ ਹਾਸਲ ਕਰਕੇ ਪੰਜਾਬ ਸਰਕਾਰ ਨੂੰ ਅੰਗੂਠਾ ਦਿਖਾ ਦਿੱਤਾ ਹੈ।
ਭਾਵੇਂ ਬੀਬੀਐਮਬੀ ਦਾ ਕਹਿਣਾ ਹੈ ਕਿ ਇਹ ਭਰਤੀ ਸਬੰਧਤ ਰਾਜਾਂ ਤੋਂ ਡੈਪੂਟੇਸ਼ਨ ’ਤੇ ਰੈਗੂਲਰ ਸਟਾਫ ਆਉਣ ਤੱਕ ਹੀ ਕੀਤੀ ਜਾ ਰਹੀ ਹੈ ਪਰ ਪੁਰਾਣੇ ਤਜਰਬੇ ਦੱਸਦੇ ਹਨ ਕਿ ਪੰਜਾਬ ਦਾ ਕੋਟਾ ਖੁਰਦ–ਬੁਰਦ ਹੋਣ ਦੀ ਸੰਭਾਵਨਾ ਬਣ ਗਈ ਹੈ। ਪਹਿਲਾਂ ਅਜਿਹੀ ਹੀ ਸਥਿਤੀ ਦੌਰਾਨ ਪੰਜਾਬ ਦੇ ਕੋਟੇ ਦੀਆਂ ਖਾਲੀ ਅਸਾਮੀਆਂ ਉਪਰ ਬੀਬੀਐਮਬੀ ਦੇ ਸੁੰਦਰਨਗਰ (ਹਿਮਾਚਲ) ਸਥਿਤ ਪ੍ਰੋਜੈਕਟ ਉਪਰ ਕੋਈ ਕੋਟਾ ਨਾ ਹੋਣ ਦੇ ਬਾਵਜੂਦ ਹਿਮਾਚਲ ਦੇ ਅਧਿਕਾਰੀ ਲੰਮੇ ਸਮੇਂ ਤੋਂ ਤਾਇਨਾਤ ਹਨ। ਹੁਣ ਬੀਬੀਐਮਬੀ ਵੱਲੋਂ 98 ਜੂਨੀਅਰ ਇੰਜਨੀਅਰ, 60 ਲਾਈਨਮੈਨ, 24 ਫਾਇਰਮੈਨ, 18 ਐਸਐਸਏ, 24 ਇਲੈਕਟ੍ਰੀਕਲ ਮਿਸਤਰੀ ਤੇ ਇਲੈਕਟ੍ਰੀਸ਼ਨ ਅਤੇ ਇਸੇ ਤਰ੍ਹਾਂ ਸਟਾਫ ਨਰਸਾਂ, ਟੈਸਟ ਮਕੈਨਿਕ, ਕਰੇਨ ਅਪਰੇਟਰ, ਫਿਟਰ, ਵੈਲਡਰ, ਡਰਾਈਵਰ ਤੇ ਮੋਲਡਰ ਭਰਤੀ ਕੀਤੇ ਜਾ ਰਹੇ ਹਨ। ਭਰੋਸੇਯੋਗ ਸੂਤਰਾਂ ਅਨੁਸਾਰ ਇਸ ਮੁੱਦੇ ਉਪਰ ਸਿੰਜਾਈ ਵਿਭਾਗ ਦੇ ਮੁੱਖ ਇੰਜਨੀਅਰ ਨੇ ਚਾਰ ਮਹੀਨੇ ਪਹਿਲਾਂ ਹੀ ਸਰਕਾਰ ਨੂੰ ਸੁਚੇਤ ਕਰ ਦਿੱਤਾ ਸੀ ਕਿ ਬੀਬੀਐਮਬੀ ਵੱਲੋਂ ਪੰਜਾਬ ਦੇ ਕੋਟੇ ਦੀਆਂ ਆਸਾਮੀਆਂ ਸਿੱਧੀ ਭਰਤੀ ਰਾਹੀਂ ਭਰੀਆਂ ਜਾ ਰਹੀਆਂ ਹਨ, ਜੋ ਪੰਜਾਬ ਦੇ ਹਿੱਤਾਂ ਦੇ ਵਿਰੁੱਧ ਹੈ। ਮੁੱਖ ਇੰਜਨੀਅਰ ਨੇ ਤੁਰੰਤ ਡੈਪੂਟੇਸ਼ਨ ਕੋਟੇ ਦੀਆਂ ਆਸਾਮੀਆਂ ਭਰਨ ਲਈ ਕਦਮ ਚੁੱਕਣ ਲਈ ਕਿਹਾ ਸੀ ਜਿਸ ਤਹਿਤ ਦੱਸਿਆ ਗਿਆ ਸੀ ਕਿ ਬੀਬੀਐਮਬੀ ਵਿਚ ਕ੍ਰਿਟੀਕਲ ਅਸਾਮੀਆਂ ਅਧੀਨ ਪੰਜਾਬ ਦੇ ਹਿੱਸੇ ਦੇ 44 ਸਬ ਡਵੀਜ਼ਨਲ ਅਫਸਰ (ਐਸਡੀਓ), 42 ਜੂਨੀਅਰ ਇੰਜਨੀਅਰ ਅਤੇ ਸੁਪਰਡੈਂਟਾਂ ਆਦਿ ਸਮੇਤ ਹੋਰ ਵਰਗਾਂ ਦੇ 79 ਮੁਲਾਜ਼ਮ/ਅਧਿਕਾਰੀ ਤੁਰੰਤ ਭੇਜਣੇ ਬਣਦੇ ਹਨ। ਮੁੱਖ ਇੰਜਨੀਅਰ ਨੇ ਸਰਕਾਰ ਨੂੰ ਸਪੱਸ਼ਟ ਕੀਤਾ ਸੀ ਕਿ ਜਦੋਂ ਵੀ ਅਧਿਕਾਰੀਆਂ/ਮੁਲਾਜ਼ਮਾਂ ਨੂੰ ਬੀਬੀਐਮਬੀ ਵਿਖੇ ਡੈਪੂਟੇਸ਼ਨ ’ਤੇ ਭੇਜਿਆ ਜਾਂਦਾ ਹੈ ਤਾਂ ਉਹ ਸਿਆਸੀ ਦਬਾਅ ਪਵਾ ਕੇ ਆਪਣੀਆਂ ਬਦਲੀਆਂ ਰੱਦ ਕਰਵਾ ਲੈਂਦੇ ਹਨ।

ਪੰਜਾਬ ਦੇ ਕੋਟੇ ਨੂੰ ਖੋਰਾ ਨਹੀਂ ਲੱਗਣ ਦੇਵਾਂਗੇ: ਪੰਨੂ
ਸਿੰਜਾਈ ਵਿਭਾਗ ਦੇ ਸਕੱਤਰ ਕੇ.ਐਸ. ਪੰਨੂ ਨੇ ਇਸ ਮੁੱਦੇ ਉਪਰ ਟਿੱਪਣੀ ਕਰਦਿਆਂ ਕਿਹਾ ਕਿ ਵਿਭਾਗ ਵਿਚ ਵੱਡੇ ਪੱਧਰ ’ਤੇ ਆਸਾਮੀਆਂ ਖਾਲੀ ਹੋਣ ਕਾਰਨ ਬੀਬੀਐਮਬੀ ਵਿਚ ਇੰਜਨੀਅਰ ਤੇ ਹੋਰ ਸਟਾਫ ਨਹੀਂ ਭੇਜਿਆ ਜਾ ਸਕਿਆ। ਹੁਣ ਉਨ੍ਹਾਂ 200–200 ਐਸਡੀਓਜ਼ ਅਤੇ ਜੂਨੀਅਰ ਇੰਜਨੀਅਰ ਭਰਤੀ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਅਤੇ ਜਲਦ ਹੀ ਬੀਬੀਐਮਬੀ ਵਿਚ ਇੰਜਨੀਅਰ ਤੇ ਮੁਲਾਜ਼ਮ ਭੇਜ ਕੇ ਡੈਪੂਟੇਸ਼ਨ ਕੋਟੇ ਨੂੰ ਖੋਰਾ ਲੱਗਣ ਤੋਂ ਬਚਾਇਆ ਜਾਵੇਗਾ।

Facebook Comment
Project by : XtremeStudioz