Close
Menu

ਬੀਬੀ ਜਗੀਰ ਕੌਰ, ਰਾਏਪੁਰ, ਢੇਸੀ ਤੇ ਨਿਸ਼ਾਨ ਹਰਪ੍ਰੀਤ ਕੇਸ ਵਿੱਚੋਂ ਬਰੀ

-- 04 December,2018

ਚੰਡੀਗੜ੍ਹ – ਤਰੀਕ – ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇੱਕ ਡਬਲ ਬੈਂਚ ਵੱਲੋਂ ਅੱਜ ਇੱਕ ਅਹਿਮ ਫ਼ੈਸਲਾ ਸੁਣਾਉਂਦੇ ਹੋਏ ਸਾਬਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ, ਆਦਮਪੁਰ ਤੋਂ ਮੈਂਬਰ ਐਸ ਜੀ ਪੀ ਸੀ ਪਰਮਜੀਤ ਸਿੰਘ ਰਾਏਪੁਰ, ਬਰਤਾਨਵੀ ਸਾਂਸਦ ਤਨਮਨਜੀਤ ਸਿੰਘ ਢੇਸੀ ਦੇ ਮਾਤਾ ਦਲਵਿੰਦਰ ਕੌਰ ਢੇਸੀ ਅਤੇ ਬੀਬੀ ਜਗੀਰ ਕੌਰ ਦੇ ਸੁਰੱਖਿਆ ਮੁਖੀ ਨਿਸ਼ਾਨ ਸਿੰਘ ਨੂੰ ਲੰਮੇ ਸਮੇਂ ਤੋਂ ਚੱਲੇ ਆ ਰਹੇ ਹਰਪ੍ਰੀਤ ਕੌਰ ਕਤਲ ਕੇਸ ਵਿੱਚੋਂ ਬਰੀ ਕੀਤਾ ਗਿਆ।

ਸਨ 2000 ਵਿੱਚ ਬੀਬੀ ਜਗੀਰ ਕੌਰ ਦੀ ਬੇਟੀ ਹਰਪ੍ਰੀਤ ਕੌਰ ਦੀ ਅਚਾਨਕ ਹੋਈ ਮੌਤ ੳਪਰੰਤ ਭਾਰਤ ਦੀ ਮੋਹਰੀ ਜਾਂਚ ਪੜਤਾਲ ਅਜੰਸੀ ਸੀ ਬੀ ਆਈ ਵੱਲੋਂ ਬੀਬੀ ਅਤੇ ਛੇ ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਬੀਬੀ, ਜੋ ਕਿ 1999 ਵਿੱਚ ਸਿੱਖਾਂ ਦੀ ਮਿਨੀ ਪਾਰਲੀਮੈਂਟ ਵਜੋਂ ਜਾਣੇ ਜਾਂਦੇ ਐਸ ਜੀ ਪੀ ਸੀ ਦੀ ਸਭ ਤੋਂ ਪਹਿਲੀ ਮਹਿਲਾ ਪ੍ਰਧਾਨ ਚੁਣੀ ਗਈ ਸੀ, ਨੇ ਆਪਣੇ ਉੱਤੇ ਲੱਗੇ ਸਾਰੇ ਦੋਸ਼ ਰੱਦ ਕੀਤੇ ਸਨ। 2012 ਵਿੱਚ ਜਦੋਂ ਉਹ ਅਕਾਲੀ-ਭਾਜਪਾ ਸਰਕਾਰ ਵਿੱਚ ਇਕਲੌਤੇ ਮਹਿਲਾ ਕੈਬਨਿਟ ਮੰਤਰੀ ਸਨ, ਤਾਂ ਬੀਬੀ, ਰਾਏਪੁਰ, ਢੇਸੀ ਅਤੇ ਨਿਸ਼ਾਨ ਸਿੰਘ ਨੂੰ ਪਟਿਆਲਾ ਦੀ ਸਪੈਸ਼ਲ ਸੀ ਬੀ ਆਈ ਅਦਾਲਤ ਦੇ ਜੱਜ ਨੇ ਕਤਲ ਦੇ ਦੋਸ਼ ਤੋਂ ਬਰੀ ਕਰਦੇ ਹੋਏ ਅਗਵਾਕਰਨ ਅਤੇ ਜਬਰੀ ਗਰਭਪਾਤ ਕਰਾਉਣ ਦੇ ਜੁਰਮ ਵਿੱਚ ਪੰਜ-ਪੰਜ ਸਾਲ ਦੀ ਸਜ਼ਾ ਸੁਣਾਈ ਸੀ। ਇਸ ਫ਼ੈਸਲੇ ਖ਼ਿਲਾਫ਼ ਬੀਬੀ ਨੇ ਹਾਈ ਕੋਰਟ ਵਿੱਚ ਉਦੋਂ ਅਪੀਲ ਦਰਜ ਕੀਤੀ ਸੀ।

ਅਪੀਲ ਦੀ ਸੁਣਵਾਈ ਉੱਤੇ ਫੈਸਲਾ ਸੁਣਾਉਂਦਿਆਂ ਡਬਲ ਬੈਂਚ ਨੇ ਕਿਹਾ, “ਦੋਸ਼ੀਆਂ ਦੀਆਂ ਅਪੀਲਾਂ ਮੰਨੀਆਂ ਜਾਂਦੀਆਂ ਹਨ ਅਤੇ ਉਹਨਾਂ ਨੂੰ ਸਾਰਿਆਂ ਦੋਸ਼ਾਂ ਤੋਂ ਮੁਕਤ ਕੀਤਾ ਜਾਂਦਾ ਹੈ। ਹੇਠਲੀ ਅਦਾਲਤ ਦਾ ਫੈਸਲਾ ਲਾਂਭੇ ਕੀਤਾ ਜਾਂਦਾ ਹੈ। ਸੀ ਬੀ ਆਈ ਅਤੇ ਸ਼ਿਕਾਇਤਕਰਤਾ ਦੀਆਂ ਅਪੀਲਾਂ ਖ਼ਾਰਜ ਕੀਤੀਆਂ ਜਾਂਦੀਆਂ ਹਨ।”

ਬੀਬੀ ਜਗੀਰ ਕੌਰ ਨੇ ਫੈਸਲਾ ਸੁਣਦਿਆਂ ਕਿਹਾ “ਮੇਰੇ ਸ੍ਵਰਗਵਾਸੀ ਪਤੀ ਦੇ ਅਕਾਲ ਚਲਾਣੇ ਤੋਂ ਬਾਦ, ਮੇਰੀ ਵੱਡੀ ਬੇਟੀ ਹਰਪ੍ਰੀਤ ਦੀ ਮੌਤ ਮੇਰੇ ਲਈ ਨਿੱਜੀ ਤੌਰ ‘ਤੇ ਸਭ ਤੋਂ ਦੁਖਦਾਈ ਸਮਾਂ ਸੀ। ਲੇਕਿਨ ਮੇਰੇ ਸਿਆਸੀ ਵਿਰੋਧੀਆਂ ਨੇ ਮੈਨੂੰ ਇਸ ਸਮੇਂ ‘ਤੇ ਵੀ ਨਹੀਂ ਬਖ਼ਸ਼ਿਆ ਅਤੇ ਸੋਗ ਵੀ ਨਹੀਂ ਪੂਰਾ ਕਰਨ ਦਿੱਤਾ। ਇਹਨਾਂ ਦੀ ਗੰਧਲ਼ੀ ਸਿਆਸਤ ਨੇ ਚਾਹੇ ਮੇਰਾ ਸਿਆਸੀ ਕੈਰੀਅਰ ਤਾਂ ਬਰਬਾਦ ਕੀਤਾ, ਪਰ ਮੈਂ ਅਕਾਲ ਪੁਰਖ ਦੀ ਸ਼ੁਕਰ-ਗੁਜ਼ਾਰ ਹਾਂ ਜੋ 18 ਸਾਲਾਂ ਦੀ ਜੱਦੋ ਜਹਿਦ ੳਪਰੰਤ ਮੈਨੂੰ ਇਨਸਾਫ਼ ਮਿਲਿਆ। ਮੇਰੇ ਕੋਲ ਅਲਫ਼ਾਜ਼ ਨਹੀਂ ਹਨ ਜਿਸ ਨਾਲ ਮੈਂ ਦਲਵਿੰਦਰ ਕੌਰ ਢੇਸੀ, ਪਰਮਜੀਤ ਸਿੰਘ ਰਾਏਪੁਰ ਅਤੇ ਨਿਸ਼ਾਨ ਸਿੰਘ ਦਾ ਸ਼ੁਕਰਾਨਾ ਕਰਾਂ ਜੋ ਮੇਰੇ ਸਿਆਸੀ ਰੁਤਬੇ ਕਾਰਨ ਸਾਡੇ ਖ਼ਿਲਾਫ਼ ਚਲਾਈ ਗਈ ਇਸ ਸਾਰੀ ਕਾਰਵਾਈ ਦੇ ਅਣਭੋਲ ਸ਼ਿਕਾਰ ਬਣੇ ਅਤੇ ਬਿਨਾ ਕੋਈ ਸ਼ਿਕਵਾ ਕੀਤੇ ਸਹਾਰਿਆ। ਮੈਂ ਆਪਣੇ ਪਰਿਵਾਰ, ਸ਼ੁੱਭਚਿੰਤਕਾਂ ਤੇ ਹਲਕਾ ਨਿਵਾਸੀਆਂ ਦੀ ਵੀ ਬਹੁਤ ਸ਼ੁਕਰ-ਗੁਜ਼ਾਰ ਹਾਂ ਜਿਹਨਾਂ ਨੇ ਮੇਰਾ ਸਾਥ ਦਿੱਤਾ ਅਤੇ ਮੇਰੇ ਲਈ ਅਰਦਾਸਾਂ ਕੀਤੀਆਂ। ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਬਖ਼ਸ਼ੇ।”

Facebook Comment
Project by : XtremeStudioz