Close
Menu

ਬੀਬੀ ਹਰਸਿਮਰਤ ਕੌਰ ਬਾਦਲ ਕਰਨਗੇ ਸਿਟੀ ਦਰਸ਼ਨ

-- 02 July,2015

ਬਠਿੰਡਾ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਹੁਣ ਸਿਟੀ ਦਰਸ਼ਨ ਕਰਨਗੇ। ਕੇਂਦਰੀ ਮੰਤਰੀ ਦਾ ਇਹ ਉਚੇਚੇ ਤੌਰ ’ਤੇ ਪੰਜ ਦਿਨਾਂ ਸ਼ਹਿਰੀ ਪ੍ਰੋਗਰਾਮ ਹੋਵੇਗਾ। ੳੁਹ 3 ਜੁਲਾਈ ਤੋਂ ਇਹ ਪ੍ਰੋਗਰਾਮ ਸ਼ੁਰੂ ਕਰ ਰਹੇ ਹਨ। ਸ਼ਹਿਰਾਂ ਦੇ ਨਵੇਂ ਚੁਣੇ ਕੌਂਸਲਰਾਂ ਨਾਲ ਸਿਟੀ ਦਰਸ਼ਨ ਪ੍ਰੋਗਰਾਮ ਤਹਿਤ ਵਿਚਾਰ ਚਰਚਾ ਕੀਤੀ ਜਾਵੇਗੀ।
ਬਠਿੰਡਾ ਸ਼ਹਿਰ ਨੂੰ ਇਸ ਪ੍ਰੋਗਰਾਮ ਵਿੱਚੋਂ ਬਾਹਰ ਰੱਖਿਆ ਗਿਆ ਹੈ, ਜਦੋਂ ਕਿ ਮਾਨਸਾ ਸ਼ਹਿਰ ਵਿੱਚ ਇਹ ਪ੍ਰੋਗਰਾਮ ਹੋਣਾ ਹੈ। ਦੱਸਣਯੋਗ ਹੈ ਕਿ ਮਿਸ਼ਨ 2017 ਲਈ ਹੁਣ ਤੋਂ ਸਰਕਾਰ ਸ਼ਹਿਰਾਂ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਕੇਂਦਰੀ ਮੰਤਰੀ ਵੱਲੋਂ ਸ਼ਹਿਰਾਂ ਦੇ ਲੋਕਾਂ ਤੋਂ ਵਿਕਾਸ ਤਜਵੀਜ਼ਾਂ ਲਈਆਂ ਜਾਣਗੀਆਂ।
ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਵਿਦੇਸ਼ ਜਾ ਰਹੇ ਹਨ, ਜਿਸ ਕਰ ਕੇ ਇਸ ਸਿਟੀ ਪ੍ਰੋਗਰਾਮ ਵਿੱਚੋਂ ਬਠਿੰਡਾ ਸ਼ਹਿਰ ਨੂੰ ਬਾਹਰ ਕਰ ਦਿੱਤਾ ਗਿਆ ਹੈ। ਸਿੰਗਲਾ ਦੀ ਵਾਪਸੀ ’ਤੇ ਬਠਿੰਡਾ ਸ਼ਹਿਰ ਵਿੱਚ ਇਹ ਪ੍ਰੋਗਰਾਮ ਕੀਤੇ ਜਾਣੇ ਹਨ। ਇਨ੍ਹਾਂ ਪ੍ਰੋਗਰਾਮਾਂ ਵਿੱਚ ਹਰ ਕੌਂਸਲਰ ਨਾਲ ਕੇਂਦਰੀ ਮੰਤਰੀ ਸਿੱਧੀ ਗੱਲਬਾਤ ਕਰਨਗੇ ਅਤੇ ਹਰ ਕੌਂਸਲਰ ਤੋਂ ਉਸ ਦੇ ਵਾਰਡ ਦੀ ਵਿਕਾਸ ਤਜਵੀਜ਼ ਲਈ ਜਾਵੇਗੀ। ਬਾਅਦ ਵਿੱਚ ਸਾਰੇ ਸ਼ਹਿਰ ਨੂੰ ਫੰਡ ਦੇਣ ਦਾ ਖਾਕਾ ਤਿਆਰ ਕੀਤਾ ਜਾਵੇਗਾ। ਹਰ ਵਾਰਡ ਦੇ ਆਮ ਲੋਕਾਂ ਨਾਲ ਵੀ ਗੱਲਬਾਤ ਕੀਤੀ ਜਾਣੀ ਹੈ। ਸੰਗਤ ਅਤੇ ਕੋਟਫੱਤਾ ਛੋਟੇ ਕਸਬਿਆਂ ਵਿੱਚ ਵੀ ਇਹ ਪ੍ਰੋਗਰਾਮ ਹੋਣੇ ਹਨ।
ਝੋਨੇ ਦੀ ਲੁਆਈ ਦਾ ਕੰਮ ਚੱਲਦਾ ਹੋਣ ਕਰ ਕੇ ਇਕੱਲੇ ਸ਼ਹਿਰਾਂ ਵਾਸਤੇ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ। ਸ਼ਹਿਰੀ ਖੇਤਰ ਵਿੱਚ ਹਾਕਮ ਧਿਰ ਨੂੰ ਪਿਛਲੀਆਂ ਚੋਣਾਂ ਵਿੱਚ ਝਟਕਾ ਲੱਗਿਅਾ ਸੀ। ਖਾਸ ਕਰ ਕੇ ਬਠਿੰਡਾ ਅਤੇ ਮਾਨਸਾ ਸ਼ਹਿਰ ਨੇ ਅਕਾਲੀ ਦਲ ਦੀ ਬਾਂਹ ਨਹੀਂ ਫੜੀ। ਲੋਕ ਸਭਾ ਚੋਣਾਂ ਮਗਰੋਂ ਪੰਜਾਬ ਸਰਕਾਰ ਨੇ ਇਸੇ ਨਾਰਾਜ਼ਗੀ ਵਿੱਚ ਬਠਿੰਡਾ ਸ਼ਹਿਰ ਨੂੰ ਪਹਿਲਾਂ ਵਾਂਗ ਫੰਡ ਨਹੀਂ ਦਿੱਤੇ। ਪਿੰਡਾਂ ਵਿੱਚ ਬੀਬੀ ਬਾਦਲ ਸੰਗਤ ਦਰਸ਼ਨ ਪ੍ਰੋਗਰਾਮ ਕਰ ਚੁੱਕੇ ਹਨ ਅਤੇ ਲੋਕਾਂ ਦਾ ਧੰਨਵਾਦ ਵੀ ਕਰ ਚੁੱਕੇ ਹਨ। ਇਹ ਸੰਗਤ ਦਰਸ਼ਨ ਉਨ੍ਹਾਂ ਪਿੰਡਾਂ ਵਿੱਚ ਹੀ ਕੀਤੇ ਗਏ ਸਨ, ਜਿੱਥੇ ਅਕਾਲੀ ਦਲ ਦੀ ਵੋਟ ਵਧੀ ਸੀ। ਕਾਂਗਰਸੀ ਵੋਟ ਬੈਂਕ ਵਾਲੇ ਪਿੰਡਾਂ ਨੂੰ ਤਰਜੀਹ ਨਹੀਂ ਦਿੱਤੀ ਗਈ। ਜ਼ਿਲ੍ਹਾ ਪ੍ਰਸ਼ਾਸਨ ਵੀ ਤਿਆਰੀ ਵਿੱਚ ਜੁਟ ਗਿਆ ਹੈ।
ਬਠਿੰਡਾ ਸੰਸਦੀ ਹਲਕੇ ਦੇ ਮਾਨਸਾ, ਬੁਢਲਾਡਾ, ਭੀਖੀ, ਕੋਟਫੱਤਾ, ਸੰਗਤ, ਗੋਨਿਆਣਾ, ਭੁੱਚੋ ਅਤੇ ਮੌੜ ਆਦਿ ਸ਼ਹਿਰਾਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਵੱਖ ਵੱਖ ਵਿਭਾਗਾਂ ਦੇ ਅਫ਼ਸਰਾਂ ਨੂੰ ਹਦਾਇਤਾਂ ਕਰ ਦਿੱਤੀਆਂ ਹਨ। ਹੁਣ ਬੀਬਾ ਬਾਦਲ ਦੇ ਦੌਰੇ ਵਾਲੇ ਪੰਜ ਦਿਨਾਂ ਦੌਰਾਨ ਮਿੰਨੀ ਸਕੱਤਰੇਤ ਵਿੱਚ ਅਫ਼ਸਰਾਂ ਦੀ ਗ਼ੈਰਹਾਜ਼ਰੀ ਰਹਿਣ ਦੀ ਸੰਭਾਵਨਾ ਹੈ।

Facebook Comment
Project by : XtremeStudioz