Close
Menu

ਬੁਖਲਾਹਟ ‘ਚ ਆਏ ਕਾਂਗਰਸੀ ਹੋਛੀ ਰਾਜਨੀਤੀ ‘ਤੇ ਉੱਤਰੇ – ਢੀਂਡਸਾ

-- 17 January,2014

Photo MP Dhindsa sangat darshan at kular khurd 8 dt 16-1-14ਸੁਨਾਮ (ਸੰਗਰੂਰ),17 ਜਨਵਰੀ (ਦੇਸ ਪ੍ਰਦੇਸ ਟਾਈਮਜ਼)- ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਨੇ ਕਾਂਗਰਸ ਪਾਰਟੀ ਵੱਲੋਂ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਸ. ਕੰਵਰਜੀਤ ਸਿੰਘ ‘ਤੇ ਮੁੰਬਈ ਦੇ ਅੰਡਰਵਰਲਡ ਗਿਰੋਹ ਨਾਲ ਗੂੜ੍ਹੇ ਸਬੰਧਾਂ ਦੇ ਲਗਾਏ ਦੋਸ਼ਾਂ ਨੂੰ ਬੇਬੁਨਿਆਦ, ਤੱਥਾਂ ਤੋਂ ਕੋਹਾਂ ਦੂਰ ਅਤੇ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸ. ਢੀਂਡਸਾ ਨੇ ਇਨ੍ਹਾਂ ਦੋਸ਼ਾਂ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਕਿਹਾ ਕਿ ਬੁਖਲਾਹਟ ‘ਚ ਆਈ ਕਾਂਗਰਸ ਪਾਰਟੀ ਕੋਲ ਕੋਈ ਮੁੱਦਾ ਨਾ ਹੋਣ ਕਾਰਨ ਉਹ ਨਿਜੀ ਪੱਧਰ ‘ਤੇ ਦੋਸ਼ ਲਾਉਣ ਵਾਲੀ ਹੋਛੀ ਰਾਜਨੀਤੀ ‘ਤੇ ਉੱਤਰ ਆਈ ਹੈ। ਅੱਜ ਇੱਥੋਂ ਨੇੜਲੇ ਪਿੰਡ ਕੁਲਾਰ ਖੁਰਦ ਵਿਖੇ ਸੰਗਤ ਦਰਸ਼ਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਢੀਂਡਸਾ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਜਾਂਚ ਲਈ ਤਿਆਰ ਹਨ, ਕਿਉਂਕਿ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਦਾ ਸਮੁੱਚਾ ਸਿਆਸੀ ਜੀਵਨ ਚਿੱਟੀ ਚਾਦਰ ਦੀ ਤਰ੍ਹਾਂ ਸਾਫ਼ ਤੇ ਬੇਲਾਗ ਹੈ ਅਤੇ ਜਿਸ ਕਾਰਨ ਅੱਜ ਤੱਕ ਕਿਸੇ ਵਿਰੋਧੀ ਪਾਰਟੀ ਦੇ ਆਗੂ ਨੇ ਵੀ ਉਨ੍ਹਾਂ ‘ਤੇ ਕੋਈ ਦੋਸ਼ ਨਹੀਂ ਲਗਾਇਆ।
ਸ. ਢੀਂਡਸਾ ਨੇ ਕਾਂਗਰਸ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਦਾ ਮੁੰਬਈ, ਦਿੱਲੀ, ਪੰਜਾਬ ਜਾਂ ਜਿਹੜੇ ਹੋਰ ਦੂਸਰੇ ਸੂਬਿਆਂ ‘ਚ ਕਾਰੋਬਾਰ ਹੈ ਉਥੇ ਮੌਜੂਦਾ ਸਮੇਂ ਕਾਂਗਰਸ ਦੀਆਂ ਸਰਕਾਰਾਂ ਹਨ ਅਤੇ ਰਹੀਆਂ ਵੀ ਹਨ ਪ੍ਰੰਤੂ ਕਿਸੇ ਵੀ ਸਰਕਾਰ ਨੇ ਉਨ੍ਹਾਂ ਵਿਰੁੱਧ ਕੋਈ ਕੇਸ ਦਰਜ ਨਹੀਂ ਕੀਤਾ ਅਤੇ ਨਾਂ ਹੀ ਉਨ੍ਹਾਂ ਨੂੰ ਕਦੇ ਕਿਸੇ ਅਦਾਲਤ ਨੇ ਸੰਮਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸ. ਕੰਵਰਜੀਤ ਸਿੰਘ ਖ਼ੁਦ ਤੇ ਉਨ੍ਹਾਂ ਦਾ ਪਰਿਵਾਰ ਹਮੇਸ਼ਾ ਹੀ ਸਮਾਜ ਸੇਵਾ ਨੂੰ ਸਮਰਪਿਤ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਹਮੇਸ਼ਾਂ ਧਾਰਮਿਕ ਸਥਾਨਾਂ, ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਉਨ੍ਹਾਂ ‘ਤੇ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਉਪਰ ਲਗਾਏ ਗਏ ਦੋਸ਼ ਬੁਖਲਾਹਟ ਦੀ ਨਿਸ਼ਾਨੀ ਹਨ ਕਿਉਂਕਿ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸ ਦੇ ਹੋਰ ਆਗੂਆਂ ਸਬੰਧੀ ਤੱਥਾਂ, ਦਲੀਲਾਂ, ਅਖ਼ਬਾਰਾਂ, ਰਸਾਲਿਆਂ ਦੀ ਕਲਿੰਪਿੰਗਜ ਤੇ ਹੋਰ ਸਬੂਤਾਂ ਨਾਲ ਸਚਾਈ ਸਾਹਮਣੇ ਲਿਆਂਦੀ ਸੀ ਜਦਕਿ ਕਾਂਗਰਸ ਨੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾਉਣ ਲਈ ਹੀ ਇਕ ਸੋਚੀ ਸਮਝੀ ਸਾਜਸ਼ ਤਹਿਤ ਅਜਿਹੇ ਦੋਸ਼ ਲਗਾਏ ਹਨ। ਰਾਜ ਸਭਾ ਮੈਂਬਰ ਨੇ ਇਹ ਵੀ ਕਿਹਾ ਕਿ ਪੱਖ ਲੈਣ ਬਿਨ੍ਹਾਂ ਤੋਂ ਅਜਿਹੀਆਂ ਬੇਬੁਨਿਆਦ ਖ਼ਬਰਾਂ ਪ੍ਰਕਾਸ਼ਤ ਕਰਨ ਵਾਲੇ ਅਖ਼ਬਾਰਾਂ ਨੇ ਵੀ ਪੱਤਰਕਾਰੀ ਦੀਆਂ ਕਦਰਾਂ ਕੀਮਤਾਂ ਦੀ ਅਣਦੇਖੀ ਕੀਤੀ ਹੈ।
ਸ. ਢੀਂਡਸਾ ਨੇ ਆਖਿਆ ਕਿ ਕਾਂਗਰਸ ਪਾਰਟੀ ਵੱਲੋਂ ਪੰਜਾਬ ਪੁਲਿਸ ਦੀ ਨਸ਼ਿਆਂ ਦੇ ਤਸਕਰਾਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਨੂੰ ਲੀਹੋਂ ਲਾਹੁਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਵੱਡੇ ਕਾਂਗਰਸੀਆਂ ਦੇ ਨਾਵਾਂ ਸਬੰਧੀ ਹੋਣ ਵਾਲਾ ਖੁਲਾਸਾ ਰੋਕਿਆ ਜਾ ਸਕੇ। ਉਨ੍ਹਾਂ ਨੇ ਕਾਂਗਰਸ ਵੱਲੋਂ ‘ਚ ਸੜਕਾਂ ਰੋਕਣ ਦੀ ਕਾਰਵਾਈ ਸਬੰਧੀ ਆਖਿਆ ਕਿ ਧਰਨੇ ਦੇਣਾ ਉਨ੍ਹਾਂ ਦਾ ਜਮਹੂਰੀ ਹੱਕ ਹੈ ਪ੍ਰੰਤੂ ਕਾਂਗਰਸ ਪਾਰਟੀ ਆਪਣੀਆਂ ਕਮਜ਼ੋਰੀਆਂ ਲੁਕਾਉਣ ਲਈ ਅਜਿਹੇ ਹਥਕੰਢੇ ਅਪਣਾ ਰਹੀ ਹੈ ਜਦਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਲੋਕ ਭਲਾਈ ਦੇ ਮੁੱਦੇ ਚੁੱਕੇ ਹਨ। ਉਨ੍ਹਾਂ ਆਮ ਆਦਮੀ ਪਾਰਟੀ ਬਾਰੇ ਕਿਹਾ ਕਿ ਇਸ ਦੀ ਸਚਾਈ ਵੀ ਲੋਕਾਂ ਦੇ ਸਾਹਮਣੇ ਆ ਚੁੱਕੀ ਹੈ, ਕਿਉਂਕਿ ਇਹ ਵੀ ਆਪੀ ਖਿਚੋਤਾਣ ‘ਚ ਉਲਝ ਗਈ ਹੈ। ਇਸ ਮੌਕੇ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ. ਢੀਂਡਸਾ ਨੇ ਕਿਹਾ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਮੁਖ ਤਰਜੀਹ ਪੰਜਾਬ ਦਾ ਵਿਕਾਸ ਕਰਨਾ ਤੇ ਲੋਕ ਭਲਾਈ ਦੀਆਂ ਸਕੀਮਾਂ ਹਨ। ਉਨ੍ਹਾਂ ਸਰਕਾਰ ਦੀਆਂ ਭਲਾਈ ਸਕੀਮਾਂ ਤੇ ਵਿਕਾਸ ਯੋਜਨਾਵਾਂ ਦਾ ਵੀ ਖੁਲਾਸਾ ਕੀਤਾ। ਇਸ ਸੰਗਤ ਦਰਸ਼ਨ ਦੌਰਾਨ ਸ. ਢੀਂਡਸਾ ਨੇ ਇਲਾਕੇ ਦੀਆਂ 30 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਤਕਰੀਬਨ 2.5 ਕਰੋੜ ਰੁਪਏ ਤੋਂ ਵਧੇਰੇ ਦੇ ਚੈਕ ਤਕਸੀਮ ਕੀਤੇ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕਰਵਾਇਆ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸ. ਇੰਦਰਮੋਹਨ ਸਿੰਘ ਲਖਮੀਰਵਾਲਾ, ਸ. ਮਲਕੀਤ ਸਿੰਘ ਚੰਗਾਲ, ਅਮਨਵੀਰ ਸਿੰਘ ਚੈਰੀ, ਚੇਅਰਪਰਸਨ ਬਲਾਕ ਸੰਮਤੀ ਸਰਬਜੀਤ ਕੌਰ, ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਹਰਪ੍ਰੀਤ ਸਿੰਘ ਢੀਂਡਸਾ, ਸਰਪੰਚ ਤਰਸੇਮ ਕੁਲਾਰ, ਜਥੇਦਾਰ ਕੁੰਦਨ ਸਿੰਘ, ਹੱਜ ਕਮੇਟੀ ਮੈਂਬਰ ਸੁਰਜੀਤ ਖਾਨ, ਮਹਿਲਾ ਵਿੰਗ ਦੇ ਪ੍ਰਧਾਨ ਪਰਮਜੀਤ ਕੌਰ ਵਿਰਕ, ਬਲਜੀਤ ਸਿੰਘ ਬੱਲਾ ਅਕਬਰਪੁਰ, ਗੁਰਮੀਤ ਸਿੰਘ ਜੌਹਲ, ਹੱਜ ਕਮੇਟੀ ਮੈਂਬਰ ਸੁਰਜੀਤ ਖਾਨ, ਬਲਾਕ ਪ੍ਰਧਾਨ ਸਤਵੰਤ ਸਿੰਘ ਲਖਮੀਰਵਾਲਾ, ਹਰਜਿੰਦਰ ਸਿੰਘ ਗੱਗੀ ਸੰਗਰੇੜੀ, ਈਸ਼ਵਰ ਸਿੰਘ ਛਾਹੜ, ਨਿਰਪਾਲ ਸਿੰਘ ਪਾਲੀ, ਨਰਿੰਦਰ ਸਿੰਘ ਲੌਂਗੋਵਾਲ, ਬਲਵੀਰ ਸਿੰਘ ਲਖਮੀਰਵਾਲਾ, ਏ.ਡੀ.ਸੀ. (ਵਿਕਾਸ) ਜਤਿੰਦਰ ਸਿੰਘ ਤੁੰਗ, ਐਸ.ਡੀ.ਐਮ. ਸੰਗਰੂਰ ਪੂਨਮਦੀਪ ਕੌਰ, ਐਸ.ਡੀ.ਐਮ. ਸੁਨਾਮ ਰਾਜੇਸ਼ ਧੀਮਾਨ, ਡੀ.ਐਸ.ਪੀ. ਸੁਖਦੇਵ ਸਿੰਘ ਵਿਰਕ, ਡੀ.ਡੀ.ਪੀ.ਓ. ਬਲਜੀਤ ਸਿੰਘ, ਪੰਚਾਇਤੀ ਰਾਜ ਦੇ ਕਾਰਜਕਾਰੀ ਇੰਜੀਨੀਅਰ ਰਣਜੀਤ ਸਿੰਘ ਸ਼ੇਰਗਿੱਲ, ਬੀ.ਡੀ.ਪੀ.ਓ. ਚਰਨਜੋਤ ਸਿੰਘ ਵਾਲੀਆ, ਸੁਖਪਾਲ ਸਿੰਘ ਸਿੱਧੂ, ਸੁਖਵਿੰਦਰ ਸਿੰਘ ਟਿਵਾਣਾ, ਮੁੱਖ ਖੇਤੀਬਾੜੀ ਅਫ਼ਸਰ ਡਾ. ਰਜਿੰਦਰ ਸਿੰਘ ਸੋਹੀ ਸਮੇਤ ਹੋਰ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ, ਇਲਾਕੇ ਦੇ ਪੰਚ-ਸਰਪੰਚ, ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ, ਇਲਾਕੇ ਦੇ ਵਸਨੀਕ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਆਗੂ ਤੇ ਵਰਕਰ ਵੱਡੀ ਗਿਣਤੀ ‘ਚ ਮੌਜੂਦ ਸਨ।

Facebook Comment
Project by : XtremeStudioz