Close
Menu

ਬੁਲੰਦਸ਼ਹਿਰ ਹਿੰਸਾ ‘ਸਿਆਸੀ ਸਾਜ਼ਿਸ਼’: ਯੋਗੀ

-- 20 December,2018

ਲਖਨਊ, 20 ਦਸੰਬਰ
ਉੱਤਰ ਪ੍ਰਦੇਸ਼ ਵਿੱਚ ਅਮਨ ਤੇ ਕਾਨੂੰਨ ਵਿਵਸਥਾ ਦੇ ਮੁੱਦੇ ’ਤੇ ਸੂਬਾਈ ਵਿਧਾਨ ਸਭਾ ਵਿੱਚ ਕੰਮਕਾਜ ’ਚ ਅੜਿੱਕਾ ਢਾਹੁਣ ਵਾਲੀਆਂ ਵਿਰੋਧੀ ਪਾਰਟੀਆਂ ’ਤੇ ਹੱਲਾ ਬੋਲਦਿਆਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਕਿਹਾ ਕਿ ਬੁਲੰਦਸ਼ਹਿਰ ਹਿੰਸਾ, ਸਿਆਸੀ ਆਧਾਰ ਗੁਆ ਚੁੱਕੇ ਲੋਕਾਂ ਵੱਲੋਂ ਘੜੀ ‘ਸਿਆਸੀ ਸਾਜ਼ਿਸ਼’ ਸੀ। ਇਸ ਦੌਰਾਨ ਬੁਲੰਦਸ਼ਹਿਰ ਵਿੱਚ ਗਊ ਹੱਤਿਆ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਖੁਲਾਸਾ ਕੀਤਾ ਹੈ ਕਿ ਇਸ ਮਾਮਲੇ ਵਿੱਚ ਪਹਿਲਾਂ ਗ੍ਰਿਫ਼ਤਾਰ ਚਾਰ ਵਿਅਕਤੀ ਬੇਕਸੂਰ ਹਨ। ਇਹ ਦਾਅਵਾ ਇਕ ਮੀਡੀਆ ਰਿਪੋਰਟ ’ਚ ਕੀਤਾ ਗਿਆ ਹੈ। ਰਿਪੋਰਟਾਂ ਮੁਤਾਬਕ ਸਰਫ਼ੂਦੀਨ, ਸਾਜਿਦ, ਨੰਨ੍ਹੇ ਤੇ ਆਸਿਫ਼ ਦੀ ਗ੍ਰਿਫ਼ਤਾਰੀ ਤੋਂ 17 ਦਿਨਾਂ ਮਗਰੋਂ ਪੁਲੀਸ ਦਾ ਹੁਣ ਕਹਿਣਾ ਹੈ ਕਿ ਉਹ ਚਾਰਾਂ ਦੀ ਰਿਹਾਈ ਲਈ ਮੁਕਾਮੀ ਅਦਾਲਤ ਜਾਏਗੀ, ਕਿਉਂਕਿ ਉਨ੍ਹਾਂ ਖ਼ਿਲਾਫ਼ ਕੋਈ ਸਬੂਤ ਨਹੀਂ ਹਨ। ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਪੁਲੀਸ ਵੱਲੋਂ ਲੰਘੇ ਦਿਨ ਇਸ ਮਾਮਲੇ ਵਿਚ ਨਦੀਮ, ਰਈਸ ਤੇ ਕਾਲਾ ਨਾਂ ਦੇ ਤਿੰਨ ਵਿਅਕਤੀਆਂ ਦੀ ਗ੍ਰਿਫ਼ਤਾਰੀ ਮਗਰੋਂ ਉਪਰੋਕਤ ਚਾਰਾਂ ਨੂੰ ਰਿਹਾਅ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅੱਜ ਮੁੱਖ ਵਿਰੋਧੀ ਧਿਰ ਸਮਾਜਵਾਦੀ ਪਾਰਟੀ ਤੇ ਕਾਂਗਰਸ ਵੱਲੋਂ ਪਾਏ ਰੌਲੇ ਰੱਪੇ ਕਾਰਨ ਅੱਜ ਦੋਵੇਂ ਸੂਬਾਈ ਸਦਨਾਂ (ਵਿਧਾਨ ਸਭਾ ਤੇ ਵਿਧਾਨ ਪ੍ਰੀਸ਼ਦ) ਵਿੱਚ ਪ੍ਰਸ਼ਨ ਕਾਲ ਦੌਰਾਨ ਕੋਈ ਕੰਮ ਨਹੀਂ ਹੋ ਸਕਿਆ। ਵਿਰੋਧੀ ਪਾਰਟੀਆਂ ਨੇ ਕਿਸਾਨਾਂ ਦੀ ਦੁਰਦਸ਼ਾ ਤੇ ਸੂਬੇ ਵਿੱਚ ਅਮਨ ਤੇ ਕਾਨੂੰਨ ਦੀ ਵਿਵਸਥਾ ਸਮੇਤ ਹੋਰਨਾਂ ਕਈ ਮੁੱਦਿਆਂ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ, ਜਿਸ ਕਰਕੇ ਦੋਵਾਂ ਸਦਨਾਂ ਨੂੰ ਕਈ ਵਾਰ ਮੁਲਤਵੀ ਕਰਨਾ ਪਿਆ। ਯੂਪੀ ਅਸੈਂਬਲੀ ਨੂੰ ਮਗਰੋਂ ਦਿਨ ਭਰ ਲਈ ਮੁਲਤਵੀ ਕੀਤੇ ਜਾਣ ਮਗਰੋਂ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ‘ਤਿੰਨ ਦਸੰਬਰ ਨੂੰ ਹੋਈ (ਬੁਲੰਦਸ਼ਹਿਰ) ਹਿੰਸਾ, ਸਿਆਸੀ ਸਾਜ਼ਿਸ਼ ਸੀ, ਜਿਸ ਨੂੰ ਉਨ੍ਹਾਂ ਲੋਕਾਂ ਨੇ ਘੜਿਆ ਸੀ ਜੋ ਆਪਣਾ ਸਿਆਸਤੀ ਧਰਾਤਲ ਗੁਆ ਚੁੱਕੇ ਹਨ।’ ਉਨ੍ਹਾਂ ਕਿਹਾ, ‘ਇਹ ਸਿਆਸੀ ਸਾਜ਼ਿਸ ਸੀ, ਜਿਸ ਦਾ ਪਰਦਾਫਾਸ਼ ਹੋ ਗਿਆ ਹੈ…ਅਮਨ ਤੇ ਕਾਨੂੰਨ ਵਿਵਸਥਾ ਨੂੰ ਹਰ ਕੀਮਤ ’ਤੇ ਬਹਾਲ ਰੱਖਿਆ ਜਾਵੇਗਾ…ਪ੍ਰਸ਼ਾਸਨ ਤੇ ਸਰਕਾਰ ਨੇ ਸਾਜ਼ਿਸ਼ਘਾੜਿਆਂ ਦੇ ਮਨਸੂਬਿਆਂ ਨੂੰ ਸਖ਼ਤੀ ਨਾਲ ਭਾਂਜ ਦਿੱਤੀ ਹੈ।’ ਕਾਬਿਲੇਗੌਰ ਹੈ ਕਿ ਮੁੱਖ ਮੰਤਰੀ ਨੇ ਬੁਲੰਦਸ਼ਹਿਰ ਹਿੰਸਾ ਨੂੰ ਪਹਿਲਾਂ ਇਕ ਹਾਦਸਾ ਦੱਸਿਆ ਸੀ। ਕਥਿਤ ਗਊ ਹੱਤਿਆ ਮਗਰੋਂ ਭੜਕੀ ਇਸ ਹਿੰਸਾ ਵਿੱਚ ਇਕ ਪੁਲੀਸ ਇੰਸਪੈਕਟਰ ਤੇ ਮੁਕਾਮੀ ਨੌਜਵਾਨ ਦੀ ਮੌਤ ਹੋ ਗਈ ਸੀ।

Facebook Comment
Project by : XtremeStudioz