Close
Menu

ਬੇਅੰਤ ਸਿੰਘ ਦੇ ਹੱਤਿਆਰਿਆਂ ਦੀ ਰਿਹਾਈ ਦੀ ਮੰਗ ਉਠਾ ਕੇ ਬਾਦਲ ਵਿਵਾਦਾਂ ‘ਚ

-- 26 December,2014

ਚੰਡੀਗੜ੍ਹ, ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨਿੱਤ ਦਿਨ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਵਿਵਾਦਾਂ ‘ਚ ਫਸ ਰਹੀ ਹੈ। ਹੁਣ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਵ. ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆਕਾਂਡ ‘ਚ ਸ਼ਾਮਲ ਉਮਰਕੈਦ ਦੀ ਸਜ਼ਾ ਕੱਟ ਰਹੇ ਦੋਸ਼ੀਆਂ ਦੀ ਰਿਹਾਈ ਦੀ ਮੰਗ ਉਠਾ ਕੇ ਨਵੇਂ ਵਿਵਾਦ ‘ਚ ਫਸ ਗਏ ਹਨ ਅਤੇ ਇਸ ਵਿਵਾਦ ਦੇ ਗਰਮਾਉਣ ਦੇ ਪੂਰੇ ਆਸਾਰ ਹਨ। ਬਾਦਲ ਵਲੋਂ ਇਹ ਪੱਤਰ ਲਿਖੇ ਜਾਣ ਦੇ ਬਾਅਦ ਸਵ. ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ‘ਚ ਨਾਰਾਜ਼ਗੀ ਹੈ ਅਤੇ ਉਨ੍ਹਾਂ ਇਸ ਦੇ ਖਿਲਾਫ ਸਖਤ ਰੋਸ ਜਤਾਇਆ ਹੈ। ਪ੍ਰਦੇਸ਼ ਕਾਂਗਰਸ ਵਿਧਾਇਕ ਦਲ ਦੇ ਨੇਤਾ ਸੁਨੀਲ ਜਾਖੜ ਨੇ ਵੀ ਇਸ ਪੱਤਰ ਦੇ ਖਿਲਾਫ ਸਖਤ ਪ੍ਰਤੀਕਿਰਿਆ ਜਤਾਉਂਦੇ ਹੋਏ ਇਸ ਦਾ ਵਿਰੋਧ ਕੀਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਖਤਮ ਹੋਏ ਸੈਸ਼ਨ ‘ਚ ਅਕਾਲੀ ਵਿਧਾਇਕ ਤੇ ਮੁੱਖ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ ਵਲੋਂ ਖੁਦ ਨੂੰ ਅੱਤਵਾਦੀ ਦੱਸੇ ਜਾਣ ਦੇ ਕਾਰਨ ਪਹਿਲਾਂ ਹੀ ਬਾਦਲ ਸਰਕਾਰ ਵਿਰੋਧੀ ਧਿਰ ਦੇ ਭਾਰੀ ਵਿਰੋਧ ਦਾ ਸਾਹਮਣਾ ਕਰ ਚੁੱਕੀ ਹੈ। ਹੁਣ ਸੈਸ਼ਨ ਖਤਮ ਹੁੰਦੇ ਹੀ ਬੀਤੀ ਸ਼ਾਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੱਖ-ਵੱਖ ਰਾਜਾਂ ਦੀਆਂ ਜੇਲਾਂ ‘ਚ ਬੰਦ ਉਮਰਕੈਦ ਦੀ ਸਜ਼ਾ ਕੱਟ ਰਹੇ ਕੈਦੀਆਂ ਨੂੰ ਮਨੁੱਖਤਾ ਦੇ ਆਧਾਰ ‘ਤੇ ਉਨ੍ਹਾਂ ਦੀ ਸਜ਼ਾ ਦਾ ਸਮਾਂ ਪੂਰਾ ਹੋ ਜਾਣ ਦੀ ਦਲੀਲ ਦਿੰਦੇ ਹੋਏ ਰਿਹਾ ਕਰਨ ਦੀ ਮੰਗ ਲਈ ਪੱਤਰ ਲਿਖ ਦਿੱਤਾ ਹੈ। ਇਹ ਪੱਤਰ ਦਿੱਲੀ ਦੇ ਲੈ. ਗਵਰਨਰ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਵੀ ਲਿਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਦਿੱਲੀ ਦੀ ਤਿਹਾੜ ਤੇ ਚੰਡੀਗੜ੍ਹ ਦੀ ਬੁੜੈਲ ਜੇਲ ‘ਚ ਬੇਅੰਤ ਸਿੰਘ ਹੱਤਿਆਕਾਂਡ ਦੇ ਦੋਸ਼ੀ ਬੰਦ ਹਨ। ਇਨ੍ਹਾਂ ‘ਚ ਮੁੱਖ ਦੋਸ਼ੀਆਂ ਜਗਤਾਰ ਸਿੰਘ ਹਵਾਰਾ ਤੇ ਪਰਮਜੀਤ ਸਿੰਘ ਭਿਓਰਾ ਦੇ ਵੀ ਨਾਂ ਸ਼ਾਮਲ ਹਨ, ਜਿਨ੍ਹਾਂ ਦੀ ਰਿਹਾਈ ਲਈ ਬਾਦਲ ਨੇ ਪੱਤਰ ਲਿਖਿਆ ਹੈ।

Facebook Comment
Project by : XtremeStudioz