Close
Menu

ਬੇਸਿੱਟਾ ਰਹੀ ਟਰੰਪ-ਕਿਮ ਦੀ ਹੈਨੋਈ ਵਾਰਤਾ

-- 01 March,2019

ਹੈਨੋਈ- ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉੱਤਰ ਕੋਰੀਆ ਦੇ ਆਗੂ ਕਿਮ ਜੌਂਗ ਉਨ ਵਿਚਾਲੇ ਪਰਮਾਣੂ ਸਿਖਰ ਵਾਰਤਾ ਬਿਨਾਂ ਕਿਸੇ ਸਮਝੌਤੇ ਤੋਂ ਅੱਜ ਅਚਾਨਕ ਸਮਾਪਤ ਹੋ ਗਈ। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਕਿਮ ਜੌਂਗ ਦੀਆਂ ‘ਪਾਬੰਦੀਆਂ’ ਹਟਾਏ ਜਾਣ ਸਬੰਧੀ ਮੰਗਾਂ ਨੂੰ ਦੇਖਦੇ ਹੋਏ ਉੱਥੋਂ ‘ਜਾਣ’ ਦਾ ਫ਼ੈਸਲਾ ਲਿਆ। ਇਸ ਤੋਂ ਪਹਿਲਾਂ ਦੋਵਾਂ ਆਗੂਆਂ ਵਿਚਾਲੇ ਸਿੰਗਾਪੁਰ ਵਿਚ ਹੋਏ ਪਹਿਲੇ ਇਤਿਹਾਸਿਕ ਸਿਖਰ ਸੰਮੇਲਨ ਤੋਂ ਬਾਅਦ ਇਹ ਬੇਸਬਰੀ ਨਾਲ ਉਡੀਕੀ ਜਾ ਰਹੀ ਦੂਜੀ ਮੀਟਿੰਗ ਸੀ। ਦੋਵੇਂ ਆਗੂ ਕਿਸੇ ਸਮਝੌਤੇ ’ਤੇ ਨਹੀਂ ਪੁੱਜੇ ਸਕੇ ਅਤੇ ਗੱਲਬਾਤ ਬਿਨਾਂ ਕਿਸੇ ਸਿੱਟੇ ਤੋਂ ਹੀ ਮੁੱਕ ਗਈ। ਹਾਲਾਂਕਿ ਪਹਿਲਾਂ ਦੋਵੇਂ ਆਗੂਆਂ ਵਲੋਂ ਸਾਂਝੇ ਸਮਝੌਤੇ ’ਤੇ ਹਸਤਾਖ਼ਰ ਕਰਨਾ ਨਿਰਧਾਰਿਤ ਸੀ।
ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਕਈ ਵਾਰ ਤੁਹਾਨੂੰ ਉੱਠ ਕੇ ਜਾਣਾ ਪੈਂਦਾ ਹੈ ਅਤੇ ਇਹ ਇੱਕ ਅਜਿਹਾ ਹੀ ਮੌਕਾ ਸੀ।’’ ਉਨ੍ਹਾਂ ਕਿਹਾ, ‘‘ਅਸਲ ਵਿੱਚ ਉਹ ਚਾਹੁੰਦੇ ਸਨ ਕਿ ਪਾਬੰਦੀਆਂ ਪੁੂਰੀ ਤਰ੍ਹਾਂ ਨਾਲ ਹਟਾ ਦਿੱਤੀਆਂ ਜਾਣ ਪਰ ਅਸੀਂ ਅਜਿਹਾ ਨਹੀਂ ਸਕਦੇ ਸੀ।’’ ਨਾਲ ਹੀ ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਉਨ੍ਹਾਂ ਨੇ ਸੰਮੇਲਨ ਤੋਂ ਪਹਿਲਾਂ ਅਤੇ ਸੰਮੇਲਨ ਦੌਰਾਨ ਜੋ ਗੱਲਬਾਤ ਕੀਤੀ ਹੈ, ਉਸ ਨਾਲ ਉਹ ਭਵਿੱਖ ਵਿੱਚ ਬਿਹਤਰ ਨਤੀਜਿਆਂ ਦੀ ਆਸ ਰੱਖਣ ਦੀ ਸਥਿਤੀ ਵਿੱਚ ਆ ਗਏ ਹਨ। ਉਨ੍ਹਾਂ ਕਿਹਾ, ‘‘ਮੈਂ ਕਾਹਲ ਕਰਨ ਦੀ ਥਾਂ ਸਹੀ ਕਰਨ ਨੂੰ ਤਰਜੀਹ ਦੇਵਾਂਗਾ।’’ ਉਨ੍ਹਾ ਦੱਸਿਆ ਕਿ ਕਿਮ ਨੇ ਪਰਮਾਣੂ ਜਾਂ ਬਲਿਸਟਿਕ ਮਿਜ਼ਾਈਲਾਂ ਦੀ ਅਜ਼ਮਾਇਸ਼ ਫਿਰ ਤੋਂ ਸ਼ੁਰੂ ਨਾ ਕਰਨ ਦਾ ਵਾਅਦਾ ਕੀਤਾ ਹੈ, ਜਿਸ ਨੂੰ ਕੁਝ ਸਮਾਂ ਪਹਿਲਾਂ ਉਨ੍ਹਾਂ ਸਫ਼ਲਤਾ ਲਈ ਜ਼ਰੂਰੀ ਦੱਸਿਆ ਸੀ। ਉਨ੍ਹਾਂ ਆਪਣੇ ‘ਕਰੀਬੀ ਰਿਸ਼ਤੇ’ ਦੀ ਗੱਲ ਦੁਹਰਾਉਂਦਿਆਂ ਕਿਹਾ ਕਿ ਕਿਮ ਨਾਲ ਤੀਜੇ ਸਿਖਰ ਸੰਮੇਲਨ ਦਾ ਅਜੇ ਕੋਈ ਪ੍ਰਸਤਾਵ ਨਹੀਂ ਹੈ।
ਟਰੰਪ ਨੇ ਕਿਹਾ, ‘‘ਅਸੀਂ ਇੱਕ-ਦੂਜੇ ਨੂੰ ਪਸੰਦ ਕਰਦੇ ਹਾਂ…ਸਾਡੇ ਰਿਸ਼ਤੇ ਵਿਚ ਨਿੱਘ ਹੈ ਅਤੇ ਮੈਨੂੰ ਆਸ ਹੈ ਕਿ ਇਹ ਬਣਿਆ ਰਹੇਗਾ।’’ ਹੈਨੋਈ ਵਾਰਤਾ ਦੇ ਨਤੀਜੇ ਆਸ ਮੁਤਾਬਕ ਨਾ ਆਉਣ ਕਰਕੇ ਆਲੋਚਕਾਂ ਨੇ ਨਿਸ਼ਾਨਾ ਸੇਧਦਿਆਂ ਕਿਹਾ ਹੈ ਕਿ ਦੋਵਾਂ ਆਗੂਆਂ ਦੀ ਸਿੰਗਾਪੁਰ ਮੀਟਿੰਗ ਵਿਚ ਠੋਸ ਗੱਲਬਾਤ ਘੱਟ ਹੋਈ ਸੀ ਅਤੇ ਦਿਖਾਵਾ ਜ਼ਿਆਦਾ ਸੀ।

Facebook Comment
Project by : XtremeStudioz