Close
Menu

ਬੈਂਸ ਨੇ ਸਰੀ ਵਿੱਚ ਹੋਏ ਤਿੰਨ ਕਤਲਾਂ ਦਾ ਗੁਨਾਹ ਕਬੂਲਿਆ

-- 06 April,2015

ਵੈਨਕੂਵਰ, ਤਿੰਨ ਨੌਜੁਆਨਾਂ ਦੇ ਦੋ ਕੁ ਸਾਲ ਪਹਿਲਾਂ ਹੋੲੇ ਕਤਲਾਂ ਦੇ ਦੋਸ਼ ਵਿਚ ਗ੍ਰਿਫਤਾਰ ਕੀਤੇ ਗਏ ਪੰਜਾਬੀ ਨੌਜੁਆਨ ਸਰਬਜੀਤ ਬੈਂਸ (34) ਨੇ ਅਦਾਲਤ ’ਚ ਆਪਣਾ ਗੁਨਾਹ ਮੰਨ ਲਿਆ ਹੈ। ਕਤਲਾਂ ਬਾਰੇ ਜਾਂਚ ਟੀਮ ਦੇ ਮੁਖੀ ਦਵਾਇਨੀ ਮੈਕਡੌਨਡ ਨੇ ਕਿਹਾ ਕਿ ਇਨ੍ਹਾਂ ਅੰਨ੍ਹੇ ਕਤਲਾਂ ਦੀ ਗੁੱਥੀ ਸੁਲਝਾਉਣ ਲੱਗੇ ਸ਼ੱਕ ਦੀ ਸੂਈ 34 ਸਾਲਾ ਸਰਬਜੀਤ ਬੈਂਸ ’ਤੇ ਅਟਕੀ ਤਾਂ ਉਸ ਨੂੰ ਗ੍ਰਿਫਤਾਰ ਕਰਕੇ ਜਾਂਚ ਅੱਗੇ ਤੋਰੀ ਗਈ। ਜਾਂਚ ਮੁਖੀ ਨੇ ਦੱਸਿਆ ਕਿ ਬੈਂਸ ਉਤੇ ਸ਼ੱਕ ਉਸ ਵੇਲੇ ਹੀ ਪੱਕਾ ਹੋ ਗਿਆ ਸੀ, ਜਦ ਉਸ ਦੀ ਮਹਿਲਾ ਮਿੱਤਰ ਨੂੰ ਅੰਮ੍ਰਿਤਪਾਲ ਸਰਾਂ ਦੀ ਲਾਸ਼ ਖੁਰਦ ਬੁਰਦ ਕਰਨ ਦੇ ਦੋਸ਼ ਵਿਚ ਫੜਿਆ ਗਿਆ ਤੇ ਬਾਅਦ ’ਚ ਉਸ ਨੇ ਅਦਾਲਤ ਵਿਚ ਦੋਸ਼ ਵੀ ਮੰਨ ਲਿਆ ਸੀ।
ਜ਼ਿਕਰਯੋਗ ਹੈ ਕਿ 24 ਸਾਲਾ ਅੰਮ੍ਰਿਤਪਾਲ ਸਰਾਂ ਦੀ ਅੱਧਸੜੀ ਲਾਸ਼ ਸਰੀ ਦੀ ਕੋਲ ਬਰੁੱਕ ਰੋਡ ਤੋਂ 25 ਫਰਵਰੀ 2013 ਨੂੰ ਮਿਲੀ ਸੀ ਤੇ ਉਸੇ ਸਾਲ ਅਗਸਤ ਮਹੀਨੇ ਦੋ ਹੋਰਾਂ ਦੇ ਕਤਲ ਵੀ ਇੰਜ ਹੀ ਕੀਤੇ ਗਏ ਸਨ। ਤਿੰਨੇ ਕਤਲਾਂ ਵਿਚ ਸਮਾਨਤਾਵਾਂ ਕਾਰਨ ਪੁਲੀਸ ਉਦੋਂ ਤੋਂ ਇਹ ਮੰਨ ਕੇ ਕਾਤਲ ਦੀ ਭਾਲ ਕਰਦੀ ਰਹੀ ਕਿ ਕਾਰਾ ਇੱਕ ਹੀ ਵਿਅਕਤੀ ਦਾ ਹੈ। ਮਾਰੇ ਗਏ ਦੂਜੇ ਦੋਵੇਂ ਨੌਜੁਆਨ ਪੰਜਾਬੀ ਨਹੀਂ ਸਨ।

Facebook Comment
Project by : XtremeStudioz