Close
Menu

ਬੈਂਸ ਭਰਾਵਾਂ ਦੀ ‘ਟੀਮ ਇਨਸਾਫ਼’ ਪਿੰਡ ਡਗਾਣਾ ਪੁੱਜੀ

-- 06 May,2015

ਹੁਸ਼ਿਆਰਪੁਰ, ਰੇਤ ਮਾਫ਼ੀਆ ਖ਼ਿਲਾਫ਼ ਸੰਘਰਸ਼ ਛੇੜਨ ਵਾਲੇ ਲੁਧਿਆਣਾ ਦੇ ਵਿਧਾਇਕ ਬੈਂਸ ਭਰਾਵਾਂ ਦੀ ‘ਟੀਮ ਇਨਸਾਫ਼’ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਕਥਿਤ ਸਿਆਸੀ ਪੁਸ਼ਤਪਨਾਹੀ ਹੇਠ ਚੱਲ ਰਹੀਆਂ ਖੱਡਾਂ ਵੱਲ ਰੁਖ਼ ਕਰਦਿਆਂ ਇੱਥੇ ਵੀ ਲੁਧਿਆਣਾ ਦੀ ਤਰਜ਼ ’ਤੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਵਿਧਾਇਕ ਬਲਵਿੰਦਰ ਸਿੰਘ ਬੈਂਸ ਅਤੇ ਉਨ੍ਹਾਂ ਦੇ ਸਾਥੀਆਂ ਨੇ ਮੰਗਲਵਾਰ ਨੂੰ ਸ਼ਹਿਰ ਦੇ ਨਜ਼ਦੀਕ ਪਿੰਡ ਡਗਾਣਾ ਵਿੱਚ ਚੱਲ ਰਹੀ ਸਰਕਾਰੀ ਖੱਡ ਦਾ ਦੌਰਾ ਕੀਤਾ ਅਤੇ ਪਿੰਡ ਵਾਸੀਆਂ ਨੂੰ ਸੰਘਰਸ਼ ਲਈ ਲਾਮਬੰਦ ਕੀਤਾ।
ਪਿੰਡ ਵਾਸੀਆਂ ਨੇ ਵਿਧਾਇਕਾਂ ਨੂੰ ਦੱਸਿਆ ਕਿ ਕਹਿਣ ਨੂੰ ਭਾਵੇਂ ਇਹ ਖੱਡ ਪੰਜਾਬ ਸਟੇਟ ਇੰਡਸਟਰੀਅਲ ਐਕਸਪੋਰਟ ਕਾਰਪੋਰੇਸ਼ਨ ਵੱਲੋਂ ਚਲਾਈ ਜਾ ਰਹੀ ਹੈ ਪਰ ਅਸਲ ਵਿੱਚ ਇਹ ਕਾਰੋਬਾਰ ਹੁਕਮਰਾਨ ਪਾਰਟੀ ਦੇ ਆਗੂ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪਿੰਡ ਵਾਸੀਆਂ ਦੀ ਨਿੱਜੀ ਮਾਲਕੀ ਵਾਲੀ ਜ਼ਮੀਨ ’ਤੇ ਧੱਕੇ ਨਾਲ ਮਾਈਨਿੰਗ ਦਾ ਪੱਟਾ ਦੇ ਦਿੱਤਾ ਗਿਆ ਜਦੋਂਕਿ ਮਾਲਕ ਆਪ ਨਿੱਜੀ ਵਰਤੋਂ ਲਈ ਵੀ ਇੱਥੋਂ ਰੇਤਾ ਨਹੀਂ ਚੁੱਕ ਸਕਦੇ। ਉਨ੍ਹਾਂ ਦੋਸ਼ ਲਗਾਇਆ ਕਿ ਮੌਕੇ ’ਤੇ ਤਾਇਨਾਤ ਹਥਿਆਰਬੰਦ ਮੁਲਾਜ਼ਮ ਸਥਾਨਕ ਕਿਸਾਨਾਂ ਨੂੰ ਡਰਾਉਂਦੇ -ਧਮਕਾਉਂਦੇ ਹਨ।
ਸ੍ਰੀ ਬੈਂਸ ਨੇ ਲੋਕਾਂ ਨੂੰ ਲਾਮਬੰਦ ਹੋਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਟੀਮ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਵੇਗੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਿੱਥੇ ਕਿਤੇ ਵੀ ਗੈਰਕਾਨੂੰਨੀ ਖੁਦਾਈ ਹੋ ਰਹੀ ਹੈ ਜਾਂ ਲੋਕਾਂ ਨੂੰ ਸਮੱਸਿਆ ਆ ਰਹੀ ਹੈ, ‘ਟੀਮ ਇਨਸਾਫ਼’ ਉੱਥੇ ਪੁੱਜੇਗੀ। ਉਨ੍ਹਾਂ ਦੱਸਿਆ ਕਿ ਛੇਤੀ ਹੀ ਡਗਾਣਾ ਵਿੱਚ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਦਾ ਪ੍ਰੋਗਰਾਮ ਤੈਅ ਕੀਤਾ ਜਾਵੇਗਾ।

Facebook Comment
Project by : XtremeStudioz