Close
Menu

ਬੈਂਸ ਭਰਾਵਾਂ ਨੇ ਟੀਮ ‘ਇਨਸਾਫ਼’ ਨਾਲ ਡੀਐਮਸੀ ਹਸਪਤਾਲ ਖ਼ਿਲਾਫ਼ ਖੋਲ੍ਹਿਆ ਮੋਰਚਾ

-- 09 June,2015

ਲੁਧਿਆਣਾ, 9 ਜੂਨ
ਬੈਂਸ ਭਰਾਵਾਂ ਨੇ ਅੱਜ ਟੀਮ ‘ਇਨਸਾਫ਼’ ਦੇ ਸੈਂਕੜੇ ਮੈਂਬਰਾਂ ਨਾਲ ਮਿਲ ਕੇ ਦਇਆਨੰਦ ਕਾਲਜ ਅਤੇ ਹਸਪਤਾਲ (ਡੀਐਮਸੀ) ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਵਿਧਾਇਕ ਬਲਵਿੰਦਰ ਸਿੰਘ ਬੈਂਸ ਅਤੇ ਸਿਮਰਜੀਤ ਸਿੰਘ ਬੈਂਸ ਨੇ ਟੀਮ ‘ਇਨਸਾਫ਼’ ਦੇ ਨਾਲ ਹਸਪਤਾਲ ਦੇ ਸਾਹਮਣੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਪ੍ਰਬੰਧਕਾਂ ਨੂੰ ਪੰਦਰਾਂ ਦਿਨਾਂ ਦਾ ਅਲਟੀਮੇਟਮ ਦਿੱਤਾ। ੳੁਨ੍ਹਾਂ ਕਿਹਾ ਕਿ ਜੇਕਰ ਪੰਦਰਾਂ ਦਿਨ ’ਚ ਚੈਰੀਟੇਬਲ ਦੇ ਨਾਂ ਹੇਠ ਮਰੀਜ਼ਾਂ ਤੋਂ ਲੁੱਟ ਖਸੁੱਟ ਬੰਦ ਨਾ ਕੀਤੀ ਗਈ ਅਤੇ ਜਾਇਦਾਦ ਖਰੀਦ ਵਿੱਚ ਹੋਈ ਗੜਬੜੀ ਦੂਰ ਨਾ ਕੀਤੀ ਗਈ ਤਾਂ ਵੱਡਾ ਜਨ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਬੈਂਸ ਭਰਾਵਾਂ ਨੇ ੲਿਹ ਵੀ ਐਲਾਨ ਕੀਤਾ ਕਿ ਸ਼ਹਿਰ ਵਿੱਚ ਚੈਰੀਟੇਬਲ ਦੇ ਨਾਮ ’ਤੇ ਮਰੀਜ਼ਾਂ ਨੂੰ ਲੁੱਟ ਰਹੇ ਹਸਪਤਾਲਾਂ ਖਿਲਾਫ਼ ਸੰਘਰਸ਼ ਕੀਤਾ ਜਾਵੇਗਾ। ਲੋਕਾਂ ਨੂੰ ਇਸ ਮੈਡੀਕਲ ਲੁੱਟ ਤੋਂ ਨਿਜਾਤ ਦਿਵਾਉਣ ਲਈ ਨਵੀਂ ਹੈੱਲਪਲਾਈਨ ਵੀ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਬੈਂਸ ਭਰਾਵਾਂ ਨੇ ਹਸਪਤਾਲ ਦੀ ਪ੍ਰਬੰਧਕ ਕਮੇਟੀ ਦੇ ਉਪ ਪ੍ਰਧਾਨ ਗਿਆਨ ਚੰਦ ਧਵਨ ਨੂੰ ਮੰਗ ਪੱਤਰ ਸੌਂਪਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ 11 ਵਜੇ ਟੀਮ ‘ਇਨਸਾਫ਼’ ਦੇ ਮੈਂਬਰ ਡੀਐਮਸੀ ਦੇ ਬਾਹਰ ਇਕੱਠਾ ਹੋਣੇ ਸ਼ੁਰੂ ਹੋ ਗਏ। ੳੁਨ੍ਹਾਂ ਨੇ ਡੀਐਮਸੀ ਦੇ ਬਾਹਰ ਬਣੇ ਪਾਰਕ ਵਿੱਚ ਸਰਕਾਰ ਅਤੇ ਪ੍ਰਬੰਧਕਾਂ ਖਿਲਾਫ਼ ਨਾਅਰੇਬਾਜ਼ੀ ਕੀਤੀ। ਬੈਂਸ ਭਰਾਵਾਂ ਨੇ ਦੋਸ਼ ਲਾਇਆ ਕਿ ਸਰਕਾਰੀ ਸਿਹਤ ਸੇਵਾਵਾਂ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋ ਰਹੀਆਂ ਹਨ ਅਤੇ ਅਜਿਹੇ ਵਿੱਚ ਲੋਕ ਨਿੱਜੀ ਹਸਪਤਾਲਾਂ ’ਚ ਮਹਿੰਗਾ ਇਲਾਜ ਕਰਵਾਉਣ ਲਈ ਮਜਬੂਰ ਹਨ। ੳੁਨ੍ਹਾਂ ਕਿਹਾ ਕਿ ਨਿੱਜੀ ਹਸਪਤਾਲਾਂ ਵਿੱਚ ਦਵਾਈ ਅਤੇ ਟੈਸਟਾਂ ਲੲੀ ਮਨਮਰਜ਼ੀ ਨਾਲ ਕਈ ਗੁਣਾ ਜ਼ਿਆਦਾ ਪੈਸੇ ਵਸੂਲੇ ਜਾਂਦੇ ਹਨ। ੳੁਨ੍ਹਾਂ ਦਾਅਵਾ ਕੀਤਾ ਕਿ ਜੋ ਟੈਸਟ ਡੀਐਮਸੀ ਵਿੱਚ ਇੱਕ ਹਜ਼ਾਰ ਰੁਪਏ ਦਾ ਹੈ, ਉਹ ਬਾਹਰ 300 ਰੁਪਏ ਦਾ ਹੈ। ਇੱਥੋਂ ਤੱਕ ਕਿ ਜਣੇਪੇ ਦੇ ਨਾਰਮਲ ਕੇਸਾਂ ਵਿੱਚ ਵੀ ਵੱਡਾ ਅਪਰੇਸ਼ਨ ਕਰਕੇ ਲੁੱਟਿਆ ਜਾ ਰਿਹਾ ਹੈ। ਸ੍ਰੀ ਬੈਂਸ ਨੇ ਦੋਸ਼ ਲਾਇਆ ਕਿ ਪ੍ਰਬੰਧਕ ਕਮੇਟੀ ਦਾ ਇੱਕ ਅਧਿਕਾਰੀ ਆਪ ਜਾੲਿਦਾਦਾਂ ਖਰੀਦ ਕੇ ਅੱਗੇ ਮਹਿੰਗੇ ਭਾਅ ਡੀਐਮਸੀ ਨੂੰ ਵੇਚ ਰਿਹਾ ਹੈ।
ਹਸਪਤਾਲ ਦੀ ਪ੍ਰਬੰਧਕ ਕਮੇਟੀ ਨੂੰ ਦਿੱਤੇ ਮੰਗ ਪੱਤਰ ’ਚ ਟੀਮ ‘ਇਨਸਾਫ਼’ ਨੇ ਮੰਗ ਕੀਤੀ ਹੈ ਕਿ ਪ੍ਰਬੰਧਕ ਕਮੇਟੀ ਦੇ ਸਕੱਤਰ ਨੂੰ ਹਟਾਇਆ ਜਾਵੇ। ਚੈਰੀਟੇਬਲ ਦੇ ਨਾਮ ’ਤੇ ਮਰੀਜ਼ਾਂ ਨੂੰ ਮਿਲ ਰਹੀਆਂ ਸਹੂਲਤਾਂ ਦਾ ਖ਼ੁਲਾਸਾ ਕੀਤਾ ਜਾਵੇ, ਲੈਬ ਟੈਸਟਾਂ ਦਾ ਕਮਿਸ਼ਨ ਬੰਦ ਕੀਤਾ ਜਾਵੇ, ਲੋਕਾਂ ਨੂੰ ਬਲੱਡ ਬੈਂਕ ਤੋਂ ਖੂਨ ਸਸਤੇ ਭਾਅ ’ਤੇ ਦਿੱਤਾ ਜਾਵੇ। ਧਰਨੇ ਦੌਰਾਨ ਡੀਐਮਸੀ ਦੇ ਪ੍ਰਿੰਸੀਪਲ ਅਤੇ ਮੈਡੀਕਲ ਸੁਪਰਡੈਂਟ ਮੰਗ ਪੱਤਰ ਲੈਣ ਪੁੱਜੇ ਤਾਂ ਬੈਂਸ ਭਰਾਵਾਂ ਨੇ ਮੰਗ ਪੱਤਰ ਕੇਵਲ ਪ੍ਰਬੰਧਕੀ ਕਮੇਟੀ ਦੇ ਅਧਿਕਾਰੀ ਨੂੰ ਹੀ ਦੇਣ ਦੀ ਗ਼ੱਲ ਕਹੀ। ਇਸ ਤੋਂ ਬਾਅਦ ਕਮੇਟੀ ਦੇ ਉਪ ਪ੍ਰਧਾਨ ਗਿਆਨ ਚੰਦ ਧਵਨ ਨੇ ਮੰਗ ਪੱਤਰ ਲਿਆ। ਡੀਐਮਸੀ ’ਚ ਧਰਨੇ ਦੀ ਸੂਚਨਾ ਮਿਲਦੇ ਹੀ ਪੁਲੀਸ ਪ੍ਰਸ਼ਾਸਨ ਹਰਕਤ ’ਚ ਆਇਆ। ਹਸਪਤਾਲ ਕੰਪਲੈਕਸ ਦੇ ਨੇੜੇ ਪੁਲੀਸ ਫੋਰਸ ਤਾੲਿਨਾਤ ਕਰ ਦਿੱਤੀ ਗਈ।

ਪ੍ਰਬੰਧਕੀ ਕਮੇਟੀ ਦੇ ਅਧਿਕਾਰੀ ਨੇ ਦੋਸ਼ ਨਕਾਰੇ
ਮੀਤ ਪ੍ਰਧਾਨ ਗਿਆਨ ਚੰਦ ਧਵਨ ਨੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਡੀਐਮਸੀ ਦੀ ਸਾਰੀ ਜਾਇਦਾਦ ਕਿਸੇ ਖਾਸ ਵਿਅਕਤੀ ਤੋਂ ਨਹੀਂ ਬਲਕਿ ਸਿੱਧੀ ਹੀ ਖਰੀਦੀ ਜਾ ਰਹੀ ਹੈ। ਮਹਿੰਗੀ ਦਵਾਈ ’ਤੇ ੳੁਨ੍ਹਾਂ ਕਿਹਾ ਕਿ ਪ੍ਰਬੰਧਕਾਂ ਨੇ ਸਿੱਧਾ ਕੰਪਨੀਆਂ ਨਾਲ ਤਾਲਮੇਲ ਕੀਤਾ ਹੈ ਅਤੇ ਮਰੀਜ਼ਾਂ ਨੂੰ ਵਾਜਿਬ ਭਾਅ ’ਤੇ ਦਵਾਈ ਦਿੱਤੀ ਜਾ ਰਹੀ ਹੈ।

Facebook Comment
Project by : XtremeStudioz