Close
Menu

ਬੋਧੀ ਅਧਿਆਪਕਾਂ ਵੱਲੋਂ ਜਿਨਸੀ ਸ਼ੋਸ਼ਣ ਦੀ ਹੈ ਜਾਣਕਾਰੀ: ਦਲਾਈਲਾਮਾ

-- 17 September,2018

ਹੇਗ, ‘‘ਬੋਧੀ ਅਧਿਆਪਕਾਂ ਵੱਲੋਂ ਕੀਤੇ ਜਾਂਦੇ ਜਿਨਸੀ ਸ਼ੋਸ਼ਣ ਬਾਰੇ ਮੈਨੂੰ 1990 ਤੋਂ ਹੀ ਪਤਾ ਹੈ, ਅਜਿਹੇ ਦੋਸ਼ ਨਵੇਂ ਨਹੀਂ ਹਨ।’’ ਇਹ ਗੱਲ ਅੱਜ ਇਥੇ ਧਾਰਮਿਕ ਆਗੂ ਦਲਾਈ ਲਾਮਾ ਨੇ ਕਹੀ। ਤਿੱਬਤੀ ਧਰਮ ਗੁਰੂ ਜੋ ਪੂਰੀ ਦੁਨੀਆਂ ਵਿੱਚ ਲੱਖਾਂ ਬੋਧੀਆਂ ਲਈ ਸਨਮਾਨਯੋਗ ਹਨ ਨੇ ਇਹ ਖੁਲਾਸਾ ਨੈਦਰਲੈਂਡ ਦੇ ਆਪਣੇ ਚਾਰ ਦਿਨਾਂ ਦੌਰੇ ਦੌਰਾਨ ਕੀਤਾ। ਇਥੇ ਉਨ੍ਹਾਂ ਸ਼ੁੱਕਰਵਾਰ ਨੂੰ ਬੋਧੀ ਅਧਿਆਪਕਾਂ ਵੱਲੋਂ ਕੀਤੇ ਜਿਨਸੀ ਸ਼ੋਸ਼ਣ ਦੇ ਸ਼ਿਕਾਰ ਲੋਕਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਇਹ ਗੱਲ ਜਿਨਸੀ ਸ਼ੋਸ਼ਣ ਦੇ ਦਰਜਨਾਂ ਪੀੜਤਾਂ ਦੀ ਪਟੀਸ਼ਨ ਦੇ ਸਬੰਧ ਵਿੱਚ ਕਹੀ। ਪੀੜਤਾਂ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਸੀ, ‘‘ ਅਸੀਂ ਖੁੱਲ੍ਹੇ ਮਨ ਅਤੇ ਦਿਲ ਨਾਲ ਬੁੱਧ ਧਰਮ ਵਿੱਚ ਸਹਾਰਾ ਲਿਆ ਸੀ ਜਦੋਂ ਤਕ ਧਰਮ ਦੇ ਨਾਂ ’ਤੇ ਉਨ੍ਹਾਂ ਨਾਲ ਜਬਰ ਜਨਾਹ ਨਹੀਂ ਕੀਤਾ ਗਿਆ।’’ ਡਚ ਟੀਵੀ ਐਨਓਐਸ ਨੂੰ ਸ਼ਨਿਚਰਵਾਰ ਦੇਰ ਰਾਤ ਦਿੱਤੀ ਇੰਟਰਵਿਊ ਵਿੱਚ ਦਲਾਈਲਾਮਾ ਨੇ ਕਿਹਾ, ‘‘ਮੈਨੂੰ ਪਹਿਲਾਂ ਤੋਂ ਹੀ ਇਸ ਦੀ ਜਾਣਕਾਰੀ ਹੈ, ਕੁਝ ਵੀ ਨਵਾਂ ਨਹੀਂ ਹੈ। ’’ 25 ਵਰ੍ਹੇ ਪਹਿਲਾਂ ਧਰਮਸ਼ਾਲਾ ਵਿੱਚ ਪੱਛਮੀ ਬੋਧੀ ਅਧਿਆਪਕਾਂ ਬਾਰੇ ਕਾਨਫਰੰਸ ਦੌਰਾਨ ਕਿਸੇ ਨੇ ਜਿਨਸੀ ਸ਼ੋਸ਼ਣ ਦੀ ਸਮੱਸਿਆ ਬਾਰੇ ਦੱਸਿਆ ਸੀ। ਉਨ੍ਹਾਂ ਕਿਹਾ ਕਿ ਜਿਹੜਾ ਵਿਅਕਤੀ ਜਿਨਸੀ ਸ਼ੋਸ਼ਣ ਕਰਦਾ ਹੈ, ਉਹ ਬੁੱਧ ਦੀਆਂ ਸਿੱਖਿਆਵਾਂ ਦੀ ਪਰਵਾਹ ਨਹੀਂ ਕਰਦਾ।

Facebook Comment
Project by : XtremeStudioz