Close
Menu

ਬੌਖਲਾਏ ਹੋਏ ਕਾਂਗਰਸੀ ਫੌਕੀ ਸ਼ੌਹਰਤ ਲੈਣ ਦੇ ਵਾਸਤੇ ਸੰਗਤ ਦਰਸ਼ਨ ਪ੍ਰੋਗਰਾਮਾਂ ‘ਚ ਅੜਚਣ ਪਾਉਣ ਤੋਂ ਬਾਜ ਆਉਣ : ਸੁਖਬੀਰ

-- 09 August,2013

4-1

ਚੰਡੀਗੜ੍ਹ,9 ਅਗਸਤ (ਦੇਸ ਪ੍ਰਦੇਸ ਟਾਈਮਜ਼)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇਥੇ ਪੰਜਾਬ ਕਾਂਗਰਸ ਦੇ ਬੌਖਲਾਏ ਹੋਏ ਆਗੂਆਂ ਨੂੰ ਤਾੜਨਾ ਕੀਤੀ ਕਿ ਸਸਤੀ ਸ਼ੌਹਰਤ ਲੈਣ ਦੇ ਵਾਸਤੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਸੰਗਤ ਦਰਸ਼ਨ ਪ੍ਰੋਗਰਾਮਾਂ ‘ਚ ਹੰਗਾਮਾ ਕਰਨ ਤੋਂ ਬਾਜ ਆਉਣ ਜਾਂ ਫਿਰ ਉਨ੍ਹਾਂ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਬਨਣ ਲਈ ਤਿਆਰ-ਬਰ-ਤਿਆਰ ਰਹਿਣ ਜੋ ਇੰਨ੍ਹਾਂ ਕਾਂਗਰਸੀ ਆਗੂਆਂ ਨੂੰ ਕਿਸੇ ਕੀਮਤ ‘ਤੇ ਵੀ ਪੰਜਾਬ ਦੇ ਵਿਕਾਸ ‘ਚ ਰੋੜਾ ਅਟਕਾਉਣ ਦੀ ਇਜ਼ਾਜਤ ਨਹੀਂ ਦੇਣਗੇ।

ਅੱਜ ਇਥੇ ਜਾਰੀ ਇੱਕ ਬਿਆਨ ਰਾਹੀਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇੰਨ੍ਹਾਂ ਬੌਖਲਾਏ ਹੋਏ ਆਗੂਆਂ ਕੋਲ ਲੋਕਾਂ ਨੂੰ ਦੇਣ ਲਈ ਖੁਦ ਦੇ ਪੱਲੇ ਤਾਂ ਕੁਝ ਵੀ ਨਹੀ ਪਰ ਇਹ ਆਗੂ ਇਹ ਵੀ ਭੁੱਲ ਜਾਣ ਕਿ ਇਹ ਪੰਜਾਬ ‘ਚ ਵਿਕਾਸ ਦੀ ਜੋ ਹਨ੍ਹੇਰੀ ਚੱਲ ਰਹੀ ਹੈ ਉਸ ਦੇ ਅੱਗੇ ਖਲੋ ਵੀ ਸਕਣਗੇ।

ਸ. ਬਾਦਲ ਨੇ ਅੱਗੇ ਕਿਹਾ ਕਿ ਪੰਜਾਬ ਦੇ ਲੋਕ ਭਲੀਭਾਂਤ ਜਾਣਦੇ ਹਨ ਕਿ ਸੰਗਤ ਦਰਸ਼ਨ ਰਾਹੀਂ ਜੋ ਇੱਕ ਆਮ ਨਾਗਰਕ ਨੂੰ ਹੱਕ ਮਿਲਿਆ ਹੈ ਕਿ ਉਹ ਸਿੱਧੀ ਮੁੱਖ ਮੰਤਰੀ ਨੂੰ ਆਪਣੀ ਗੱਲ ਕਹਿ ਸਕੇ, ਉਸੇ ਦੇ ਸਦਕਾ ਉਨ੍ਹਾਂ ਦੇ ਇਲਾਕੇ ਦੀਆਂ ਮੁਸ਼ਕਲਾਂ ਦੇ ਹੱਲ ਅਤੇ ਤੁਰੰਤ ਵਿਕਾਸ ਨੇ ਉਨ੍ਹਾਂ ਦਾ ਜੀਵਨ ਬਦਲ ਕੇ ਰੱਖ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਅਗਾਮੀ ਲੋਕ ਸਭਾ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਹੱਕ ‘ਚ ਰਿਕਾਰਡ ਫਤਵਾ ਦੇ ਕੇ ਛੇਤੀ ਪੰਜਾਬ ਕਾਂਗਰਸ ਨੂੰ ਇਹ ਸਬਕ ਸਿਖਾ ਦੇਣਗੇ ਕਿ ਉਨ੍ਹਾਂ ਦੇ ਇੰਨ੍ਹਾਂ ਕੁਝ ਦਿਸ਼ਾਹੀਣ ਤੇ ਬੌਖਲਾਏ ਆਗੂਆਂ ਨੇ ਪਾਰਟੀ ਦਾ ਕਿੰਨਾ ਨੁਕਸਾਨ ਕੀਤਾ ਹੈ।

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਬੌਖਲਾਹਟ ‘ਚ ਇਹ ਕਾਂਗਰਸੀ ਆਗੂ ਇਹ ਵੀ ਭੁੱਲ ਗਏ ਕਿ ਸੰਗਤ ਦਰਸ਼ਨ ਪ੍ਰਗਰਾਮ ਨੇ ਹੀ ਆਮ ਵਿਅਕਤੀ ਨੂੰ ਇੱਕ ਮੰਚ ਮੁਹੱਈਆ ਕਰਵਾਇਆ ਹੈ ਜਿੱਥੇ ਉਹ ਸਿੱਧਾ ਸਿਆਸੀ ਲੀਡਰਸ਼ਿਪ ਨੂੰ ਆਪਣੀ ਗੱਲ ਦੱਸ ਸਕਦਾ ਹੈ ਅਤੇ ਇੰਨ੍ਹਾ ਆਗੂਆਂ ਦੇ ਇਸ ਰਵੱਈਏ ਨਾਲ ਆਮ ਵਿਅਕਤੀ ਨੂੰ ਜੋ ਧੱਕਾ ਲੱਗੇਗੇ ਉਸ ਨੂੰ ਉਹ ਕਦੇ ਨਹੀਂ ਭੁੱਲ ਸਕੇਗਾ।

ਸ. ਬਾਦਲ ਨੇ ਕਿਹਾ ਕਿ ਸੂਬੇ ਦੇ ਲੋਕ ਇਸ ਸੱਭ ਤੋਂ ਅਨਜਾਣ ਨਹੀਂ ਹਨ ਅਤੇ ਉਹ ਇਸ ਪਿਛੇ ਉਨ੍ਹਾਂ ਕਾਂਗਰਸੀ ਚਾਲਾਂ ਨੂੰ ਸਮਝ ਸਕਦੇ ਹਨ ਜਿੰਨਾ ਦੀ ਬਦੌਲਤ ਕਾਂਗਰਸ ਆਗੂ ਲੋਕਾਂ ‘ਚ ਗਲਤ ਫਹਿਮੀਆਂ ਪੈਦਾ ਕਰਕੇ ਪੰਜਾਬ ਦੀ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਵੀ ਸੱਟ ਮਾਰਨੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਸਲ ਮੁੱਦਾ ਤਾਂ ਇਹ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਚੋਣਾਂ ‘ਚ ਕਰਾਰੀ ਹਾਰ ਦਾ ਮੂੰਹ ਦੇਖਣ ਉਪਰੰਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕੰਧ ‘ਤੇ ਲਿਖਿਆ ਸਾਫ ਪੜ੍ਹ ਲਿਆ ਹੈ ਜਦੋਂ ਕਿ ਇੰਨ੍ਹਾਂ ਚੋਣਾਂ ਤੋਂ ਪਹਿਲਾ ਇੰਨ੍ਹਾਂ ਆਗੂਆਂ ਨੇ ਆਪਣੀ ਹਾਈ ਕਮਾਨ ਸਾਹਮਣੇ ਪੰਜਾਬ ‘ਚ ਕਾਂਗਰਸ ਦੇ ਡੁੱਬਦੇ ਬੇੜੇ ਨੂੰ ਬਚਾਉਣ ਦੇ ਵੱਡੇ ਵਾਅਦੇ ਕੀਤੇ ਸਨ। ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਵੱਡੀਆਂ ਵੱਡੀਆਂ ਫੜ੍ਹਾਂ ਮਾਰੀਆਂ ਸਨ ਪਰ ਹੁਣ ਉਨ੍ਹਾਂ ਦਾ ਭਾਂਡਾ ਭੱਜ ਚੁੱਕਾ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਕਾਂਗਰਸੀ ਆਗੂ ਆਪਣਾ ਚਿਹਰਾ ਲੁਕਾਉਣ ਲਈ ਅਕਾਲੀ-ਭਾਜਪਾ ਸਰਕਾਰ ਵਿਰੁੱਧ ਗੈਰ-ਜ਼ਮਹੂਰੀ ਪ੍ਰਾਪੋਗੰਡਾ ਕੜ੍ਹਨ ‘ਚ ਲੱਗੇ ਹੋਏ ਹਨ।

ਪੰਜਾਬ ਕਾਂਗਰਸ ਦੇ ਸੂਬਾ ਵਿਰੋਧੀ ਰਵੱਈਏ ‘ਤੇ ਵਰ੍ਹਦਿਆਂ ਸ. ਬਾਦਲ ਨੇ ਕਿਹਾ ਕਿ ਇਸ ਪਾਰਟੀ ਦੇ ਆਗੂ ਸਿਰਫ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਮਨਜ਼ੂਰ ਕਰਵਾਏ ਵਿਕਾਸ ਪ੍ਰੋਜੈਕਟਾਂ ‘ਚ ਅੜਿੱਕੇ ਪਾਉਣ ਲਈ ਕੇਂਦਰੀ ਮੰਤਰੀਆਂ ਨਾਲ ਮਿਲਣ ‘ਚ ਹੀ ਨਹੀਂ ਵਿਅਸਤ ਬਲਕਿ ਰਾਜ ਦੇ ਵਿੱਤੀ ਹਾਲਾਤ ਬਾਰੇ ਗੁਮਰਾਹਕੁੰਨ ਬਿਆਨ ਦਾਗ ਕੇ ਸੂਬੇ ‘ਚ ਨਿਵੇਸ਼ ਕਰਨ ਦੇ ਇਛੁੱਕ ਨਿਵੇਸ਼ਕਾਰਾਂ ਦੇ ਮਨ ‘ਚ ਗਲਤਫਹਿਮੀ ਪੈਦਾ ਕਰਨ ਦੀ ਕੋਸ਼ਿਸ਼ ਕਰਨ ਰਹੇ ਹਨ।

ਕਾਂਗਰਸੀ ਆਗੂਆਂ ਗੈਰ-ਜ਼ਮਹੂਰੀ ਕਾਰਵਾਈਆਂ ਤੋਂ ਕਿਨਾਰਾ ਕਰਨ ਦੀ ਸਲਾਹ ਦਿੰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਵਿਕਾਸ ਕਾਰਜ਼ਾਂ ‘ਚ ਅੜਚਨਾ ਪਾਉਣ ਦੀ ਜਗ੍ਹਾ ਲੋਕਾਂ ਦੇ ਮਸਲੇ ਹੱਲ ਕਰਵਾਉਣ ਲਈ ਸਿੱਧਾ ਮੁੱਖ ਮੰਤਰੀ ਨੂੰ ਮਿਲਿਆ ਕਰਨ।

Facebook Comment
Project by : XtremeStudioz