Close
Menu

ਬ੍ਰਾਜ਼ੀਲ: ਰਾਸ਼ਟਰਪਤੀ ਚੋਣਾਂ ’ਚ ਸੱਜੇ ਪੱਖੀ ਉਮੀਦਵਾਰ ਦੀ ਚੜ੍ਹਤ

-- 29 October,2018

ਰੀਓ ਡੀ ਜਨੇਰੋ, ਬ੍ਰਾਜ਼ੀਲ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਕੱਟੜ ਸੱਜੇ ਪੱਖੀ ਸਾਬਕਾ ਫੌਜੀ ਅਧਿਕਾਰੀ ਦੀ ਜਿੱਤ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ ਅਤੇ ਸ਼ਨਿਚਰਵਾਰ ਤੱਕ ਆਏ ਸਰਵੇਖਣਾਂ ਵਿਚ ਉਹ ਆਪਣੇ ਵਿਰੋਧੀਆਂ ਤੋਂ ਅੱਗੇ ਚੱਲ ਰਿਹਾ ਹੈ। ਜਦੋਂ ਕਿ ਕੁੱਝ ਦਿਨ ਪਹਿਲਾਂ ਪ੍ਰਚਾਰ ਦੌਰਾਨ ਉਸ ਵੱਲੋਂ ਔਰਤਾਂ, ਸਮਲਿੰਗੀਆਂ ਅਤੇ ਕਾਲੇ ਲੋਕਾਂ ਬਾਰੇ ਕੀਤੀਆਂ ਨਸਲੀ ਟਿੱਪਣੀਆਂ ਕਾਰਨ ਉਸ ਨੂੰ ਸੋਸ਼ਲ ਮੀਡੀਆ ਉੱਤੇ ਆਲੋਚਨਾ ਦਾ ਸ਼ਿਕਾਰ ਬਣਨਾ ਪਿਆ ਸੀ ਪਰ ਚੋਣਾਂ ਦੇ ਨਜ਼ਦੀਕ ਆ ਕੇ ਹਵਾ ਉਸ ਦੇ ਹੱਕ ਵਿਚ ਬਣ ਗਈ ਹੈ। ਸੇਵਾਮੁਕਤ ਕੈਪਟਨ ਜੈਰ ਬੋਸੋਨਾਰੋ (63) ਨੇ ਆਪਣੇ ਵਿਰੋਧੀ ਖੱਬੇ ਪੱਖੀ ਫਰਨਾਡੋ ਹੱਡਡ ਤੋਂ 8 ਤੋਂ 10 ਅੰਕਾਂ ਦੀ ਲੀਡ ਹਾਸਲ ਕਰ ਚੁੱਕਾ ਹੈ। ਸ਼ਨਿਚਰਵਾਰ ਨੂੰ ਜਾਰੀ ਹੋਏ ਦੋ ਅੰਤਿਮ ਚੋਣ ਸਰਵੇਖਣਾਂ ਨੇ ਉਸ ਨੂੰ 55 ਫੀਸਦੀ ਵੋਟਾਂ ਦਿੱਤੀਆਂ ਹਨ। ਇਸੇ ਦੌਰਾਨ ਹੀ ਖੱਬੇਪੱਖੀ ਆਗੂ ਹੱਡਡ(55) ਜੋ ਕਿ ਸਾਓਪਾਓਲੋ ਦਾ ਸਾਬਕਾ ਮੇਅਰ ਵੀ ਹੈ, ਨੇ ਸ਼ਨਿਚਰਵਾਰ ਨੂੰ ਕੀਤੀ ਰੈਲੀ ਦੌਰਾਨ ਆਪਣੇ ਸਮਰਥਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਉਸਦੀ ਜਿੱਤ ਯਕੀਨੀ ਬਣਾਉਣ ਲਈ ਹੰਭਲਾ ਮਾਰਨ। ਦੂਜੇ ਪਾਸ ਬੋਸਲੋਨਾਰੋ ਨੇ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਸਾਰੀ ਮੁਹਿੰਮ ਸੋਸ਼ਲ ਮੀਡੀਆ ਉੱਤੇ ਹੀ ਚਲਾਈ ਹੈ ਕਿਉਂਕਿ ਇੱਕ ਰੈਲੀ ਦੌਰਾਨ ਇੱਕ ਹਮਲਾਵਰ ਨੇ ੳਸ ਦੇ ਢਿੱਡ ਵਿਚ ਚਾਕੂ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਸੀ। ਉਸਨੇ ਇੱਕ ਟਵੀਟ ਕਰਕੇ ਕਿਹਾ ਹੈ ਕਿ ‘ਰੱਬ ਭਲਕੇ ਸਾਡੇ ਲਈ ਆਜ਼ਾਦੀ ਦਾ ਨਵਾਂ ਦਿਹਾੜਾ ਲੈ ਕੇ ਆਵੇਗਾ।’

Facebook Comment
Project by : XtremeStudioz