Close
Menu

ਬ੍ਰਿਟੇਨ : ਭਾਰਤੀ ਮੂਲ ਦੇ ਪੈਥੋਲੋਜਿਸਟ ‘ਤੇ ਪੋਸਟਮਾਰਟਮ ‘ਚ ਲਾਪਰਵਾਹੀ ਵਰਤਣ ਦੇ ਦੋਸ਼

-- 24 August,2018

ਲੰਡਨ— ਬ੍ਰਿਟੇਨ ਵਿਚ ਭਾਰਤੀ ਮੂਲ ਦੇ ਇਕ ਪੈਥੋਲੋਜਿਸਟ ‘ਤੇ ਇਕ ਹਸਪਤਾਲ ਵਿਚ ਪੋਸਟਮਾਰਟਮ ਵਿਚ ਲਾਪਰਵਾਹੀ ਵਰਤਣ ਦੇ ਦੋਸ਼ ਲੱਗੇ ਹਨ। ਪੁਲਸ ਮਾਮਲੇ ਵਿਚ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਦੋਸ਼ੀ ਵਿਰੁੱਧ ਕਿਸੇ ਤਰ੍ਹਾਂ ਦੇ ਅਪਰਾਧਕ ਦੋਸ਼ਾਂ ਦੀ ਲੋੜ ਹੈ ਜਾਂ ਨਹੀਂ। ਮੈਨਚੈਸਟਰ ਵਿਚ ਰੌਇਲ ਓਲਡਹੈਮ ਹਸਪਤਾਲ ਵਿਚ ਸਲਾਹਕਾਰ ਹਿਸਟੋਪੈਥੋਲੌਜਿਸਟ ਦੇ ਅਹੁਦੇ ‘ਤੇ ਕੰਮ ਕਰ ਰਹੇ ਖਾਲਿਦ ਅਹਿਮਦ ਨੇ ਉੱਤਰ ਮੈਨਚੈਸਟਰ ਕੋਰੋਨਰ (ਪੋਸਟਮਾਰਟਮ) ਦਫਤਰ ਲਈ ਕਈ ਪੋਸਟਮਾਰਟਮ ਕੀਤੇ ਸਨ। ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਇਕ ਜਾਂਚ ਵਿਚ ਇਹ ਖੁਲਾਸਾ ਹੋਇਆ ਕਿ ਅਹਿਮਦ ਨੇ ਬਾਰ-ਬਾਰ ਮਰੀਜ਼ਾਂ ਦੀ ਮੌਤ ਦਾ ਗਲਤ ਕਾਰਨ ਰਿਕਾਰਡ ਕੀਤਾ, ਉਨ੍ਹਾਂ ਦੇ ਅੰਗਾਂ ਦੀ ਗਲਤ ਪਛਾਣ ਕੀਤੀ ਅਤੇ ਸੰਭਵ ਤੌਰ ‘ਤੇ ਲਾਸ਼ਾਂ ਦੀ ਅਦਲਾ-ਬਦਲੀ ਵੀ ਕੀਤੀ।

ਬੀਤੇ ਸਾਲ ਮਈ ਵਿਚ ਉੱਤਰ ਮੈਨਚੈਸਟਰ ਕੋਰੋਨਰ ਦਫਤਰ ਵਿਚ ਸੀਨੀਅਰ ਕੋਰੋਨਰ ਨੇ ਵੀ ਅਹਿਮਦ ਦੇ ਪਰੀਖਣਾਂ ‘ਤੇ ਸਵਾਲ ਚੁੱਕਦੇ ਹੋਏ ਚਿੰਤਾ ਜ਼ਾਹਰ ਕੀਤੀ ਸੀ। ਹਾਲ ਹੀ ਦੀ ਇਕ ਸਮੀਖਿਆ ਵਿਚ ਉਸ ਦੀਆਂ ‘ਅਧੂਰੀਆਂ’ ਰਿਪੋਰਟਾਂ ਨੂੰ ਲੈ ਕੇ ‘ਖਾਸ ਚਿੰਤਾਵਾਂ’ ਦਾ ਵੀ ਪਤਾ ਚੱਲਿਆ। ਸ਼ੇਫੀਲਜ ਟੀਚਿੰਗ ਹਸਪਤਾਲ ਵਿਚ ਸਲਾਹਕਾਰ ਹਿਸਟੋਪੈਥੋਲੌਜਿਸਟ ਪ੍ਰੋਫੈਸਰ ਸਿਮੌਨ ਕਿਮ ਸੁਵਰਨਾ ਨੇ ਅਹਿਮਦ ਦੇ ਮਾਮਲੇ ਵਿਚ ਸਮੀਖਿਆ ਕੀਤੀ ਅਤੇ ਪਾਇਆ ਕਿ ਕੁਝ ਰਿਪੋਰਟਾਂ ਵਿਚ ਮੌਤ ਦਾ ਕਾਰਨ ਗਲਤ ਦੱਸਿਆ ਗਿਆ ਹੈ।

ਅਹਿਮਦ ਨੇ ਸਾਲ 1989 ਵਿਚ ਬੰਗਲੌਰ ਵਿਚ ਮੈਡੀਕਲ ਦੀ ਯੋਗਤਾ ਹਾਸਲ ਕੀਤੀ ਸੀ। ਅਖਬਾਰ ਦੀ ਰਿਪੋਰਟ ਮੁਤਾਬਕ ਦੱਸਿਆ ਗਿਆ ਕਿ ਸੁਵਰਨਾ ਨੇ ਇਹ ਵੀ ਪਾਇਆ ਕਿ ਅਹਿਮਦ ਦੇ ਪਰੀਖਣ ਉਨ੍ਹਾਂ ਮਾਨਕਾਂ ਦੇ ਮੁਤਾਬਕ ਨਹੀਂ ਸਨ, ਜਿਨ੍ਹਾਂ ਦੀ ਕਿਸੇ ਲਾਸ਼ ਦੇ ਪੋਸਟਮਾਰਟਮ ਨੂੰ ਪੂਰਾ ਕਰਨ ਵਿਚ ਪੈਥੋਲੋਜੀ ਵਿਦਿਆਰਥੀਆਂ ਤੋਂ ਆਸ ਕੀਤੀ ਜਾਂਦੀ ਹੈ। ਇਸ ਮਗਰੋਂ ਕੋਰੋਨਰ ਨੇ ਇਸ ਸਬੰਧ ਵਿਚ ਪੁਲਸ ਨੂੰ ਸੂਚਿਤ ਕੀਤਾ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

Facebook Comment
Project by : XtremeStudioz