Close
Menu

ਬੰਗਲਾਦੇਸ਼ ਖਿਲਾਫ ਸੀਰੀਜ਼ ਬਰਾਬਰ ਕਰਨ ਉਤਰੇਗੀ ਟੀਮ ਇੰਡੀਆ

-- 21 June,2015

ਮੀਰਪੁਰ, ਸੀਰੀਜ਼ ਗੁਆਉਣ ਦੇ ਸ਼ੱਕ ਦੇ ਦਬਾਅ ਵਿਚਕਾਰ ਭਾਰਤੀ ਟੀਮ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿਚ ਬੰਗਲਾਦੇਸ਼ ਖਿਲਾਫ ਦੂਸਰੇ ਇਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਮੈਚ ‘ਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਦੇ ਇਰਾਦੇ ਨਾਲ ਉਤਰੇਗੀ। ਤਿੰਨ ਮੈਚਾਂ ਦੀ ਸੀਰੀਜ਼ ‘ਚ ਪਹਿਲਾ ਮੈਚ ਗੁਆ ਕੇ 1-0 ਨਾਲ ਪਿੱਛੇ ਚੱਲ ਰਹੀ ਭਾਰਤੀ ਟੀਮ ‘ਤੇ ਸੀਰੀਜ਼ ਗੁਆਉਣ ਦਾ ਖਤਰਾ ਮੰਡਰਾ ਰਿਹਾ ਹੈ। ਇਸ ਤੋਂ ਇਲਾਵਾ ਆਪਣੇ ਪਹਿਲੇ ਮੈਚ ‘ਚ ਦੌੜ ਲੈਣ ਦੌਰਾਨ ਹੋਏ ਵਿਵਾਦ ਕਾਰਨ ਕਪਤਾਨ ਧੋਨੀ ਨੂੰ ਆਪਣੀ 75 ਫੀਸਦੀ ਮੈਚ ਫੀਸ ਵੀ ਗੁਆਉਣੀ ਪਈ ਸੀ। ਭਾਰਤ ਲਈ ਵਾਪਸੀ ਦਾ ਰਾਹ ਹਾਲਾਂਕਿ ਆਸਾਨ ਨਹੀਂ ਹੋਵੇਗਾ ਕਿਉਂਕਿ ਬੰਗਲਾਦੇਸ਼ ਨੇ ਪਿਛਲੇ ਕੁਝ ਸਮੇਂ ‘ਚ ਚੰਗਾ ਪ੍ਰਦਰਸ਼ਨ ਕੀਤਾ ਹੈ। ਆਈ. ਸੀ. ਸੀ. ਵਿਸ਼ਵ ਕੱਪ ਵਿਚ ਆਖਰੀ ਅੱਠ ‘ਚ ਜਗ੍ਹਾ ਬਣਾਉਣ ਤੋਂ ਬਾਅਦ ਬੰਗਲਾਦੇਸ਼ ਦੇ ਖਿਡਾਰੀਆਂ ਨੇ ਮਸ਼ਰਫੀ ਮੁਰਤਜ਼ਾ ਦੀ ਅਗਵਾਈ ‘ਚ ਪਾਕਿਸਤਾਨ ਨੂੰ ਘਰੇਲੂ ਜ਼ਮੀਨ ‘ਤੇ ਇਕ ਦਿਨਾ ਸੀਰੀਜ਼ ‘ਚ 3-0 ਨਾਲ ਮਾਤ ਵੀ ਦਿੱਤੀ ਸੀ। ਬੰਗਲਾਦੇਸ਼ ਨੇ ਇਸ ਤੋਂ ਬਾਅਦ ਪਹਿਲੇ ਵਨ ਡੇ ‘ਚ ਭਾਰਤ ਨੂੰ ਹਰਾ ਕੇ ਵੀ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾਇਆ। ਇਸ ਤੋਂ ਇਲਾਵਾ ਕਪਤਾਨ ਧੋਨੀ ਦੀ ਫਾਰਮ ਵੀ ਪਿਛਲੇ ਕੁਝ ਸਮੇਂ ਤੋਂ ਵਧੀਆ ਨਹੀਂ ਚੱਲ ਰਹੀ ਅਤੇ ਹਾਲ ਹੀ ‘ਚ ਉਸ ਦੇ ‘ਕੈਪਟਨ ਕੂਲ’ ਦੇ ਅਕਸ ਨੂੰ ਵੀ ਨੁਕਸਾਨ ਪਹੁੰਚਿਆ ਹੈ। ਧੋਨੀ ਨੂੰ ਯਕੀਨੀ ਬਣਾਉਣਾ ਹੋਵੇਗਾ ਕਿ ਟੀਮ ਇਕਜੁੱਟ ਹੋ ਕੇ ਪ੍ਰਦਰਸ਼ਨ ਕਰੇ, ਜਿਸ ਨਾਲ ਕਿ ਉਲਟਫੇਰ ਹੋਣ ਦੇ ਸ਼ੱਕ ਨੂੰ ਖਤਮ ਕੀਤਾ ਜਾ ਸਕੇ।
ਇਸੇ ਵਿਚਕਾਰ ਫਿਰ ਮੀਂਹ ਵਲੋਂ ਮੈਚ ‘ਚ ਫਿਰ ਖਲਲ ਪਾਉਣ ਦਾ ਸ਼ੱਕ ਹੈ ਅਤੇ ਅਜਿਹੇ ‘ਚ ਟੀਮ ਇੰਡੀਆ ਮੈਚ ਪੂਰਾ ਕਰਨ ਦੀ ਉਮੀਦ ਕਰ ਰਹੀ ਹੋਵੇਗੀ, ਤਾਂ ਕਿ ਸੀਰੀਜ਼ ਬਰਾਬਰ ਕੀਤੀ ਜਾ ਸਕੇ। ਸ਼ਿਖਰ ਧਵਨ ਵੀ ਪਹਿਲੇ ਮੈਚ ‘ਚ ਨਾਕਾਮ ਰਿਹਾ। ਪਿਛਲੇ ਕੁਝ ਸਮੇਂ ਤੋਂ ਉਸ ਦੀ ਫਾਰਮ ਵਧੀਆ ਚੱਲ ਰਹੀ ਹੈ ਅਤੇ ਖੱਬੇ ਹੱਥ ਦਾ ਇਹ ਬੱਲੇਬਾਜ਼ ਫਤੁੱਲਾਹ ‘ਚ ਇਕਲੌਤੇ ਟੈਸਟ ਦੇ ਪ੍ਰਦਰਸ਼ਨ ਨੂੰ ਦੁਰਹਾਉਣਾ ਚਾਹੇਗਾ, ਜਿਥੇ ਉਸ ਨੇ ਸੈਂਕੜਾ ਲਗਾਇਆ ਸੀ। ਟੈਸਟ ਕੈਪਟਨ ਵਿਰਾਟ ਕੋਹਲੀ ਦਾ ਵਨ ਡੇ ‘ਚ ਰਿਕਾਰਡ ਸ਼ਾਨਦਾਰ ਹੈ ਪਰ ਪਿਛਲੇ ਕੁਝ ਸਮੇਂ ਤੋਂ ਉਸ ਦੀ ਫਾਰਮ ਵੀ ਖਰਾਬ ਹੈ ਅਤੇ ਉਸ ਨੂੰ ਲੈਅ ‘ਚ ਆਉਣ ਲਈ ਇਕ ਵੱਡੀ ਪਾਰੀ ਦੀ ਲੋੜ ਹੈ। ਅੰਜਿਕਯ ਰਹਾਨੇ ਵੀ ਧੋਨੀ ਅਤੇ ਕੋਹਲੀ ਵਾਂਗ ਵਿਰੋਧੀ ਟੀਮ ਲਈ ਖਤਰਨਾਕ ਸਾਬਿਤ ਹੋ ਸਕਦਾ ਅਤੇ ਉਸਦੀਆਂ ਨਜ਼ਰਾਂ ਵੀ ਪਹਿਲੇ ਮੈਚ ਦੀ ਨਾਕਾਮੀ ਨੂੰ ਦੂਰ ਕਰਨ ‘ਤੇ ਟਿਕੀਆਂ ਹੋਣਗੀਆਂ।
ਇਸ ਤੋਂ ਇਲਾਵਾ ਉਮੇਸ਼ ਯਾਦਵ, ਜੋ ਪਿਛਲੇ ਕੁਝ ਸਮੇਂ ਤੋਂ ਟੀਮ ਦਾ ਹਿੱਸਾ ਹੈ, ਨੂੰ ਵੀ ਆਪਣੀ ਗੇਂਦਬਾਜ਼ੀ ‘ਚ ਨਿਰੰਤਰਤਾ ਲਿਆਉਣੀ ਪਵੇਗੀ। ਪਿਛਲੇ ਮੈਚ ‘ਚ ਉਸ ਦਾ ਪ੍ਰਦਰਸ਼ਨ ਬਹੁਤ ਖਰਾਬ ਰਿਹਾ ਸੀ। ਮੋਹਿਤ ਸ਼ਰਮਾ ਵੀ ਪਿਛਲੇ ਕੁਝ ਸਮੇਂ ਤੋਂ ਤੀਸਰੇ ਤੇਜ਼ ਗੇਂਦਬਾਜ਼ ਦੇ ਰੂਪ ‘ਚ ਧੋਨੀ ਦੀ ਪਸੰਦ ਰਿਹਾ ਹੈ ਪਰ ਪਿਛਲੇ ਮੈਚ ‘ਚ ਉਸ ਨੇ ਸਿਰਫ 5 ਓਵਰਾਂ ‘ਚ ਹੀ 50 ਦੌੜਾਂ ਲੁਟਾ ਦਿੱਤੀਆਂ। ਉਸ ਨੂੰ ਵੀ ਆਪਣੀ ਇਸ ਕਮੀ ਨੂੰ ਦੂਰ ਕਰਨਾ ਪਵੇਗਾ। ਇਸ ਤੋਂ ਇਲਾਵਾ ਭੁਵਨੇਸ਼ਵਰ ਕੁਮਾਰ ਤੇ ਅਸ਼ਵਿਨ ਨੂੰ ਆਪਣੀ ਗੇਂਦਬਾਜ਼ੀ ‘ਚ ਸੁਧਾਰ ਕਰਨਾ ਪਵੇਗਾ।
ਟੀਮਾਂ ਇਸ ਤਰ੍ਹਾਂ ਹਨ :
ਭਾਰਤ
ਮਹਿੰਦਰ ਸਿੰਘ ਧੋਨੀ (ਕਪਤਾਨ), ਰੋਹਿਤ ਸ਼ਰਮਾ, ਅਜਿੰਕਯ ਰਹਾਨੇ, ਸ਼ਿਖਰ ਧਵਨ, ਵਿਰਾਟ ਕੋਹਲੀ, ਸੁਰੇਸ਼ ਰੈਨਾ, ਅੰਬਾਤੀ ਰਾਇਡੂ, ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਭੁਵਨੇਸ਼ਵਰ ਕੁਮਾਰ, ਉਮੇਸ਼ ਯਾਦਵ, ਮੋਹਿਤ ਸ਼ਰਮਾ, ਸਟੂਅਰਟ ਬਿੰਨੀ ਅਤੇ ਧਵਨ ਕੁਲਕਰਨੀ।
ਬੰਗਲਾਦੇਸ਼ :
ਮਸ਼ਰਫੀ ਮੁਰਤਜ਼ਾ (ਕਪਤਾਨ), ਤਮੀਮ ਇਕਬਾਲ, ਸੌਮਯ ਸਰਕਾਰ, ਮੋਮੀਨੁਲ ਹੱਕ, ਮੁਸ਼ਫਿਕਰ ਰਹੀਮ, ਸਾਕਿਬ ਅਲ ਹਸਨ, ਸ਼ਬੀਸ ਰਹਿਮਾਨ, ਨਾਸਿਰ ਹੁਸੈਨ, ਅਰਾਫਾਤ ਸਨੀ, ਤਾਸਕਿਨ ਅਹਿਮਦ, ਰੂਬੈਲ ਹੁਸੈਨ, ਰੋਨੀ ਤਾਲੁਕਦਾਰ, ਮੁਸਤਾਫਿਜ਼ੁਰ ਰਹਿਮਾਨ ਤੇ ਲਿੱਟਨ ਦਾਸ।

Facebook Comment
Project by : XtremeStudioz