Close
Menu

ਬੰਗਲਾਦੇਸ਼ ’ਚ ਰਸਾਇਣਕ ਗੋਦਾਮਾਂ ’ਚ ਭਿਆਨਕ ਅੱਗ, 70 ਮੌਤਾਂ

-- 22 February,2019

ਢਾਕਾ, 22 ਫਰਵਰੀ
ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਪੁਰਾਣੇ ਇਤਿਹਾਸਕ ਇਲਾਕੇ ’ਚ ਰਸਾਇਣਕ ਗੋਦਾਮਾਂ ਵਜੋਂ ਵਰਤੀਆਂ ਜਾ ਰਹੀਆਂ ਕਈ ਇਮਾਰਤਾਂ ’ਚ ਬੁੱਧਵਾਰ ਰਾਤ ਨੂੰ ਭਿਆਨਕ ਅੱਗ ਲੱਗਣ ਕਾਰਨ 70 ਵਿਅਕਤੀ ਮਾਰੇ ਗਏ ਅਤੇ 50 ਤੋਂ ਵੱਧ ਜ਼ਖ਼ਮੀ ਹੋ ਗਏ। ਅੱਗ ਬੁਝਾਊ ਦਸਤੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਢਾਕਾ ਦੇ ਪੁਰਾਣੇ ਇਲਾਕੇ ਚੌਕ ਬਾਜ਼ਾਰ ’ਚ ਮਸਜਿਦ ਪਿਛਲੇ ਹਾਜੀ ਵਾਹਿਦ ਮੈਨਸ਼ਨ ਨਾਮ ਦੀ ਚਾਰ ਮੰਜ਼ਿਲਾ ਇਮਾਰਤ ਦੇ ਰਸਾਇਣਕ ਗੋਦਾਮ ’ਚ ਅੱਗ ਲੱਗੀ। ਅੱਗ ਤੇਜ਼ੀ ਨਾਲ ਕਮਿਊਨਿਟੀ ਸੈਂਟਰ ਸਮੇਤ ਨੇੜਲੀਆਂ ਚਾਰ ਹੋਰ ਇਮਾਰਤਾਂ ’ਚ ਫੈਲ ਗਈ। ਢਾਕਾ ਸਾਊਥ ਦੇ ਮੇਅਰ ਸਈਦ ਖੋਕੋਨ ਨੇ ਦੱਸਿਆ ਕਿ ਅੱਗ ਬੁਝਾ ਲਈ ਗਈ ਹੈ। ਉਸ ਮੁਤਾਬਕ 14 ਘੰਟਿਆਂ ਦੀ ਕੋਸ਼ਿਸ਼ ਮਗਰੋਂ ਦੁਪਹਿਰ 12.10 ਵਜੇ ਬਚਾਅ ਮੁਹਿੰਮ ਬੰਦ ਕੀਤੀ ਗਈ।
ਢਾਕਾ ਮੈਟਰੋਪਾਲਿਟਨ ਪੁਲੀਸ ਦੇ ਅਧਿਕਾਰੀਆਂ ਨੇ ਕਿਹਾ ਕਿ ਇਲਾਕੇ ’ਚ ਰਸਾਇਣਾਂ ਦੇ ਕਈ ਗੋਦਾਮ ਹੋਣ ਕਾਰਨ ਅੱਗੇ ਤੇਜ਼ੀ ਨਾਲ ਫੈਲੀ। ਫਾਇਰ ਬ੍ਰਿਗੇਡ ਸੇਵਾ ਕੰਟਰੋਲ ਦੇ ਤਰਜਮਾਨ ਕਮਰੂਲ ਅਹਿਸਨ ਨੇ 70 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਸਰਕਾਰੀ ਢਾਕਾ ਮੈਡੀਕਲ ਕਾਲਜ ਹਸਪਤਾਲ ਦੇ ਡਾਇਰੈਕਟਰ ਬ੍ਰਿਗੇਡੀਅਰ ਜਨਰਲ ਏ ਕੇ ਐਮ ਨਸੀਰੂਦੀਨ ਨੇ ਦੱਸਿਆ ਕਿ 70 ਲਾਸ਼ਾਂ ਹਸਪਤਾਲ ’ਚ ਰੱਖੀਆਂ ਗਈਆਂ ਹਨ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਕਈਆਂ ਦੀ ਹਾਲਤ ਗੰਭੀਰ ਹੈ ਜਿਨ੍ਹਾਂ ਦਾ ਬਰਨ ਯੂਨਿਟ ’ਚ ਇਲਾਜ ਚਲ ਰਿਹਾ ਹੈ। ਫਾਇਰ ਬ੍ਰਿਗੇਡ ਦੀਆਂ 37 ਗੱਡੀਆਂ ਅਤੇ ਦਸਤੇ ਦੇ 200 ਜਵਾਨਾਂ ਦੀ ਸਹਾਇਤਾ ਨਾਲ ਅੱਗ ਉਪਰ ਕਾਬੂ ਪਾਇਆ ਗਿਆ।
ਬੰਗਲਾਦੇਸ਼ ਫਾਇਰ ਬ੍ਰਿਗੇਡ ਸੇਵਾ ਦੇ ਮੁਖੀ ਅਲੀ ਅਹਿਮਦ ਨੇ ਦੱਸਿਆ ਕਿ ਅੱਗ ਗੈਸ ਸਿਲੰਡਰ ਨਾਲ ਲੱਗੀ ਹੋ ਸਕਦੀ ਹੈ ਜਿਸ ਮਗਰੋਂ ਉਹ ਪੂਰੀ ਇਮਾਰਤ ’ਚ ਫੈਲ ਗਈ। ਉਨ੍ਹਾਂ ਕਿਹਾ ਕਿ ਜਦੋਂ ਅੱਗ ਲੱਗੀ ਤਾਂ ਟਰੈਫਿਕ ਜਾਮ ਲੱਗਾ ਹੋਇਆ ਜਿਸ ਕਾਰਨ ਲੋਕ ਮੌਕੇ ਤੋਂ ਭੱਜ ਨਹੀਂ ਸਕੇ। ਟੀਵੀ ਦੀ ਫੁਟੇਜ ’ਚ ਦਿਖਾਈ ਦੇ ਰਿਹਾ ਹੈ ਕਿ ਇਕ ਇਮਾਰਤ ਦਾ ਮੁੱਖ ਗੇਟ ਬੰਦ ਹੈ ਜਿਸ ਕਾਰਨ ਲੋਕ ਅੰਦਰ ਹੀ ਫਸੇ ਰਹਿ ਗਏ।

Facebook Comment
Project by : XtremeStudioz