Close
Menu

ਬੰਗਲਾਦੇਸ਼ ‘ਤੇ ਸ੍ਰੀਲੰਕਾ ਵਜਾ ਸਕਦੈ ਜਿੱਤ ਦਾ ਡੰਕਾ

-- 25 February,2015

ਮੈਲਬਰਨ, ਸ੍ਰੀਲੰਕਾ ਦੀ ਟੀਮ ਵੀਰਵਾਰ ਨੂੰ ਬੰਗਲਾਦੇਸ਼ ਖ਼ਿਲਾਫ਼ ਵਿਸ਼ਵ ਕੱਪ ਪੂਲ ‘ਏ’ ਦੇ ਮੈਚ ਵਿੱਚ ਧਮਾਕੇਦਾਰ ਜਿੱਤ ਦਰਜ ਕਰਕੇ ਲੈਅ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ। ਪਿਛਲੇ ਦੋ ਵਿਸ਼ਵ ਕੱਪ ਟੂਰਨਾਮੈਂਟਾਂ ‘ਚ ਉਪ ਜੇਤੂ ਰਹੀ ਸ੍ਰੀਲੰਕਾ ਦੀ ਟੀਮ ਇਸ ਵਾਰ ਉਮੀਦ ਅਨੁਸਾਰ ਸ਼ੁਰੂਆਤ ਨਹੀਂ ਕਰ ਸਕੀ ਅਤੇ ਨਿਊਜ਼ੀਲੈਂਡ ਦੀਆਂ ਪਿੱਚਾਂ ‘ਤੇ ਉਸ ਦੇ ਬੱਲੇਬਾਜ਼ਾਂ ਨੂੰ ਜੂਝਦੇ ਦੇਖਿਆ ਗਿਆ।
ਕਰਾਈਸਟਚਰਚ ਵਿੱਚ ਪਹਿਲੇ ਮੈਚ ਵਿੱਚ ਉਸ ਨੂੰ ਨਿਊਜ਼ੀਲੈਂਡ ਨੇ 98 ਦੌੜਾਂ ਨਾਲ ਹਰਾ ਦਿੱਤਾ ਸੀ। ਇਸ ਤੋਂ ਬਾਅਦ ਡੇਨੇਡਿਨ ‘ਚ ਅਫ਼ਗਾਨਿਸਤਾਨ ਖ਼ਿਲਾਫ਼ ਦੂਜੇ ਮੈਚ ਵੀ ਸ਼ੁਰੂਆਤੀ ਵਿਕਟਾਂ ਜਲਦੀ ਗੁਆ ਦਿੱਤੀਆਂ ਸਨ, ਪਰ ਮੇਹਲਾ ਜੈਵਰਧਨੇ ਨੇ ਸੈਂਕੜਾ ਜੜ ਕੇ ਟੀਮ ਨੂੰ ਉਲਟਫੇਰ ਤੋਂ ਬਚਾਇਆ ਸੀ। ਅਫ਼ਗਾਨ ਟੀਮ ਨੇ 232 ਦੌੜਾਂ ਬਣਾਉਣ ਬਾਅਦ ਸ੍ਰੀਲੰਕਾ ਦੀਆਂ ਤਿੰਨ ਵਿਕਟਾਂ 18 ਤੇ ਚਾਰ ਵਿਕਟਾਂ 51 ਦੌੜਾਂ ਤੱਕ ਉਖੇੜ ਦਿੱਤੀਆਂ ਸਨ। ਇਸ ਤੋਂ ਬਾਅਦ ਜੈਵਰਧਨੇ ਤੇ ਤਿਸਾਰਾ ਪਰੇਰਾ ਨੇ ਟੀਮ ਨੂੰ ਸੰਕਟ ‘ਚੋਂ ਕੱਢਿਆ। ਹਾਲੇ ਤੱਕ ਦੋ ਮੈਚਾਂ ‘ਚ ਸ੍ਰੀਲੰਕਾ ਦੇ ਸਿਰਫ਼ ਦੋ ਅੰਕ ਹਨ ਅਤੇ ਹੁਣ ਉਸ ਦੀ ਨਜ਼ਰ ਇਕ ਵੱਡੀ ਜਿੱਤ ਦਰਜ ਕਰਕੇ ਮਨੋਬਲ ਵਧਾਉਣ ‘ਤੇ ਹੋਵੇਗੀ। ਵਿਸ਼ਵ ਕੱਪ-1996 ਜੇਤੂ ਸ੍ਰੀਲੰਕਾ ਨੇ ਬੰਗਲਾਦੇਸ਼ ਖ਼ਿਲਾਫ਼ ਹੁਣ ਤੱਕ 37 ਵਨ-ਡੇਅ ਮੈਚ ਖੇਡੇ ਹਨ, ਜਿਨ੍ਹਾਂ ‘ਚੋਂ 32 ਜਿੱਤੇ ਹਨ ਅਤੇ ਵਿਸ਼ਵ ਕੱਪ ‘ਚ ਉਸ ਦਾ ਰਿਕਾਰਡ ਹੋਰ ਵੀ ਬਿਹਤਰ ਹੈ। ਵਿਸ਼ਵ ਕੱਪ-2003 ‘ਚ ਉਸ ਨੇ ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਹਰਾਇਆ ਸੀ ਅਤੇ 2007 ‘ਚ ਸ੍ਰੀਲੰਕਾ ਨੇ ਬੰਗਲਾਦੇਸ਼ ‘ਤੇ 198 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ।
ਮੌਜੂਦਾ ਵਿਸ਼ਵ ਕੱਪ ਵਿੱਚ ਹਾਲੇ ਤੱਕ ਸਟਾਰ ਬੱਲੇਬਾਜ਼ ਕੁਮਾਰ ਸੰਗਾਕਾਰਾ ਤੇ ਤਿਲਕਰਤਨੇ ਦਿਲਸ਼ਾਨ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ, ਪਰ ਸ੍ਰੀਲੰਕਾ ਦੀ ਵੱਡੀ ਚਿੰਤਾ ਦਿਸ਼ਾਹੀਣ ਗੇਂਦਬਾਜ਼ੀ ਹੈ। ਸ੍ਰੀਲੰਕਾ ਦਾ ਤੇਜ਼ ਗੇਂਦਬਾਜ਼ ਲਮਿੱਥ ਮਲਿੰਗਾ ਹਾਲੇ ਤੱਕ ਦੋ ਮੈਚਾਂ ‘ਚ 125 ਦੌੜਾਂ ਦੇ ਚੁੱਕਾ ਹੈ। ਦੂਜੇ ਪਾਸੇ ਬੰਗਲਾਦੇਸ਼ ਦੀ ਟੀਮ ਦੋ ਮੈਚਾਂ ਬਾਅਦ ਹਾਲੇ ਤੱਕ ਅਜਿੱਤ ਰਹੀ ਹੈ। ਆਸਟਰੇਲੀਆ ਖ਼ਿਲਾਫ਼ ਬ੍ਰਿਸਬਨ ‘ਚ ਉਸ ਦਾ ਮੈਚ ਮੀਂਹ ਦੀ ਭੇਟ ਚੜ੍ਹ ਗਿਆ ਸੀ ਅਤੇ ਪਹਿਲੇ ਮੈਚ ‘ਚ ਉਸ ਨੇ ਅਫ਼ਗਾਨਿਸਤਾਨ ਨੂੰ 105 ਦੌੜਾਂ ਨਾਲ ਹਰਾਇਆ। ਬੰਗਲਾਦੇਸ਼ ਦੇ ਕੁਆਰਟਰ ਫਾਈਨਲ ‘ਚ ਜਾਣ ਦੀ ਸੰਭਾਵਨਾ ਹੈ। ਬਾਕੀ ਚਾਰ ਮੈਚਾਂ ਵਿੱਚ ਦੋ ਮੈਚ ਜਿੱਤਣ ‘ਤੇ ਬੰਗਲਾਦੇਸ਼ ਨਾਕਆਊਟ ਗੇੜ ‘ਚ ਪਹੁੰਚ ਜਾਵੇਗਾ। ਇਹ ਮੈਚ ਉਸ ਨੇ ਸ੍ਰੀਲੰਕਾ, ਇੰਗਲੈਂਡ, ਨਿਊਜ਼ੀਲੈਂਡ ਤੇ ਸਕਾਟਲੈਂਡ ਖ਼ਿਲਾਫ਼ ਖੇਡਣੇ ਹਨ। ਉਸ ਦੇ ਤੇਜ਼ ਗੇਂਦਬਾਜ਼ ਨਾਲ ਅਮੀਨ ਹੁਸੈਨ ਨੂੰ ਟੀਮ ਨਿਯਮਾਂ ਦੀ ਉਲੰਘਣਾ ਕਰਨ ‘ਤੇ ਟੂਰਨਾਮੈਂਟ ‘ਚੋਂ ਬਾਹਰ ਕਰ ਦਿੱਤਾ ਗਿਆ ਹੈ, ਉਸ ਦੀ ਜਗ੍ਹਾ ਸ਼ਫੀਉੱਲਾ ਇਸਲਾਮ ਨੇ ਲਈ ਹੈ।

Facebook Comment
Project by : XtremeStudioz