Close
Menu

ਬੰਗਲਾਦੇਸ਼: ਸੰਯੁਕਤ ਰਾਸ਼ਟਰ ਵੱਲੋਂ ਹਸੀਨਾ ਤੇ ਖਾਲਿਦਾ ਨੂੰ ਗੱਲਬਾਤ ਦਾ ਸੁਝਾਅ

-- 19 February,2015

ਢਾਕਾ, ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਬਾਨ ਕੀ ਮੂਨ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਕਿਹਾ ਹੈ ਕਿ ਉਹ ਵਿਰੋਧੀ ਧਿਰ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੀ ਮੁਖੀ ਖਾਲਿਦਾ ਜ਼ੀਆ ਨਾਲ ਗੱਲਬਾਤ ਕਰਨ ਤਾਂ ਕਿ ਦੇਸ਼ ਅੰਦਰ ਚੱਲ ਰਿਹਾ ਸਿਆਸੀ ਤਣਾਅ ਖਤਮ ਹੋ ਸਕੇ। ਇਸ ਤਣਾਅ ਕਾਰਨ ਬੰਗਲਾਦੇਸ਼ ਵਿੱਚ ਕਰੀਬ 100 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਸੰਯੁਕਤ ਰਾਸ਼ਟਰ ਦੇ ਬੁਲਾਰੇ ਫਰਹਾਨ ਹੱਕ ਨੇ ਬੰਗਲਾਦੇਸ਼ ਦੀ ਅਖਬਾਰ ‘ਡੇਲੀ ਸਟਾਰ’ ਨੂੰ ਦਿੱਤੇ ਇਕ ਬਿਆਨ ਵਿੱਚ ਕਿਹਾ ਕਿ ਬਾਨ ਕੀ ਮੂਨ ਨੇ ਦੇਸ਼ ਵਿੱਚ ਸਿਆਸੀ ਵਿਵਾਦ ਹੱਲ ਕਰਨ ਲਈ ਸ੍ਰੀਮਤੀ ਹਸੀਨਾ ਅਤੇ ਖਾਲਿਦਾ ਜ਼ੀਆ ਨੂੰ ਕਈ ਵਾਰ ਪੱਤਰ ਲਿਖੇ ਹਨ। ਸ੍ਰੀ ਹੱਕ ਨੇ ਦੱਸਿਆ ਕਿ ਬੰਗਲਾਦੇਸ਼ ਸਰਕਾਰ ਅਤੇ ਵਿਰੋਧੀ ਧਿਰ ਵਿੱਚ ਪਿਛਲੇ ਛੇ ਹਫਤਿਆਂ ਤੋਂ ਆਪਸੀ ਵਿਰੋਧ ਚੱਲ ਰਿਹਾ ਅਤੇ ਬਾਨ ਕੀ ਮੂਨ ਨੇ ਸੰਯੁਕਤ ਰਾਸ਼ਟਰ ਦੇ ਸਹਾਇਕ ਸਕੱਤਰ ਜਨਰਲ ਓਸਕਰ ਫਰਨਾਂਡਿਸ ਨੂੰ ਦੋਹਾਂ ਧਿਰਾਂ ਨਾਲ ਸੰਪਰਕ ਕਰਨ ਲਈ ਕਿਹਾ ਹੈ। ਸ੍ਰੀ ਹੱਕ ਨੇ ਕਿਹਾ ਕਿ ਫਿਲਹਾਲ ਓਸਕਰ ਫਰਨਾਂਡਿਸ ਢਾਕਾ ਦਾ ਦੌਰਾ ਨਹੀਂ ਕਰਨਗੇ।
ਇਸੇ ਦੌਰਾਨ ਬੰਗਲਾਦੇਸ਼ ਦੇ ਵਿਦੇਸ਼ ਮਾਮਲਿਆਂ ਦੇ ਮੰਤਰੀ ਸ਼ਾਹਰਿਆਰ ਆਲਮ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਬਾਨ ਕੀ ਮੂਨ ਨੇ ਸ਼ੇਖ ਹਸੀਨਾ ਨੂੰ ਪੱਤਰ ਲਿਖਿਆ ਹੈ ਪਰ ਉਨ੍ਹਾਂ ਗੱਲ ਦਾ ਸਪਸ਼ਟੀਕਰਨ ਨਹੀਂ ਕੀਤਾ ਕਿ ਸ੍ਰੀਮਤੀ ਹਸੀਨਾ ਨੂੰ ਖਾਲਿਦਾ ਜ਼ੀਆ ਨਾਲ ਗੱਲਬਾਤ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪੱਤਰ ਦੋ ਹਫਤੇ ਪਹਿਲਾਂ ਲਿਖਿਆ ਗਿਆ ਸੀ ਪਰ ਸਰਕਾਰ ਨੂੰ ਇਹ ਪੱਤਰ ਦੋ ਦਿਨ ਪਹਿਲਾਂ ਹੀ ਮਿਲਿਆ ਹੈ।
ਸ੍ਰੀ ਆਲਮ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਦੇਸ਼ ਦੀ ਵਿਰੋਧੀ ਧਿਰ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਨਾਲ ਗੱਲਬਾਤ ਕਰਨ ਦੇ ਰੌਂਅ ਵਿੱਚ ਨਹੀਂ ਹੈ। ਇਕ ਹੋਰ ਜਾਣਕਾਰੀ ਅਨੁਸਾਰ ਢਾਕਾ ਵਿੱਚ ਅਮਰੀਕਾ ਦੀ ਸਫੀਰ ਮਾਰਸੀਆ ਸਟੀਫਨਜ਼ ਬਲੂਮ ਨੇ    ਕਿਹਾ ਕਿ ਜੇਕਰ ਬੰਗਲਾਦੇਸ਼ ਸਰਕਾਰ ਵੱਲੋਂ ਗੱਲਬਾਤ ਸਬੰਧੀ ਅਮਰੀਕਾ ਤੋਂ ਕੋਈ ਮਦਦ ਮੰਗੀ ਜਾਂਦੀ ਹੈ ਤਾਂ ਦੋਹਾਂ ਧਿਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।

ਜਮਾਤ-ਏ-ਇਸਲਾਮੀ ਦੇ ਆਗੂ ਨੂੰ ਮੌਤ ਦੀ ਸਜ਼ਾ
ਇਥੋਂ ਦੇ ਵਿਸ਼ੇਸ਼ ਟ੍ਰਿਬਿਊਨਲ ਨੇ ਜਮਾਤ-ਏ-ਇਸਲਾਮੀ ਪਾਰਟੀ ਦੇ ਆਗੂ ਨੂੰ 1971 ਵਿੱਚ ਪਾਕਿਸਤਾਨ ਖਿਲਾਫ ਆਜ਼ਾਦੀ ਦੀ ਲੜਾਈ ਦੌਰਾਨ ਕੀਤੇ ਗਏ ਅਪਰਾਧਾਂ ਲਈ ਮੌਤ ਦੀ ਸਜ਼ਾ ਸੁਣਾਈ ਹੈ। ਇਸ ਦੋਸ਼ੀ ਦੀ ਪਛਾਣ ਅਬਦੁਸ ਸੁਭਾਨ ਵਜੋਂ ਹੋਈ ਹੈ ਅਤੇ ਕੌਮਾਂਤਰੀ ਅਪਰਾਧਕ ਟ੍ਰਿਬਿਊਨਲ-2 ਦੇ ਤਿੰਨ ਮੈਂਬਰਾਂ ਨੇ ਕੇਸ ਦੀ ਸੁਣਵਾਈ ਦੌਰਾਨ ਸੁਭਾਨ ਦੇ ਖਿਲਾਫ 9 ਦੋਸ਼ਾਂ ਵਿੱਚੋਂ 6 ਦੋਸ਼ ਸਹੀ ਪਾਏ। ਟ੍ਰਿਬਿਊਨਲ ਦੇ ਚੇਅਰਮੈਨ ਓਬਾਬਿਦੁਲ ਹੱਕ ਨੇ 165 ਪੰਨਿਆਂ ਦੇ ਫੈਸਲਿਆਂ ਵਿੱਚ ਸੁਭਾਨ ਨੂੰ ਮੌਤ ਦੀ ਸਜ਼ਾ ਦੀ ਪੁਸ਼ਟੀ ਕੀਤੀ।

Facebook Comment
Project by : XtremeStudioz