Close
Menu

ਬੰਗਲਾਦੇਸ਼ੀ ਤ੍ਰਾਸਦੀ ਦੇ ਸਬੰਧ ਵਿੱਚ ਵੈਨਕੂਵਰ ਦੇ ਬੇਅ ਵਿੱਚ ਮੁਜ਼ਾਹਰਾ

-- 27 November,2013

ਵੈਨਕੂਵਰ,27 ਨਵੰਬਰ (ਦੇਸ ਪ੍ਰਦੇਸ ਟਾਈਮਜ਼)- ਸੋਮਵਾਰ ਨੂੰ ਸੈਂਕੜੇ ਮੁਜ਼ਾਹਰਾਕਾਰੀਆਂ ਨੇ ਵੈਨਕੂਵਰ ਡਾਊਨਟਾਊਨ ਵਿੱਚ ਰੋਸ ਮਾਰਚ ਕੀਤਾ। ਇਹ ਮਾਰਚ ਬੰਗਲਾਦੇਸ਼ ਵਿੱਚ ਰਾਣਾ ਪਲਾਜ਼ਾ ਗਾਰਮੈਂਟ ਫੈਕਟਰੀ ਢਹਿ ਢੇਰੀ ਹੋਣ ਤੋਂ ਬਾਅਦ ਵੀ ਕਾਮਿਆਂ ਦੀ ਸੁਰੱਖਿਆ ਤੇ ਉਨ੍ਹਾਂ ਦੇ ਅਧਿਕਾਰਾਂ ਬਾਰੇ ਕੰਪਨੀ ਵੱਲੋਂ ਬਹੁਤਾ ਕੁੱਝ ਨਾ ਕੀਤੇ ਜਾਣ ਸਬੰਧੀ ਕੱਢਿਆ ਗਿਆ। ਇਹ ਮੰਗ ਕੀਤੀ ਗਈ ਕਿ ਕਾਮਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਤੇ ਉਨ੍ਹਾਂ ਦੇ ਅਧਿਕਾਰਾਂ ਦਾ ਖਿਆਲ ਰੱਖਿਆ ਜਾਵੇ। ਮੁਜ਼ਾਹਰਾਕਾਰੀਆਂ ਨੇ ਬੇਅ ਦੀ ਦੂਜੀ ਮੰਜਿ਼ਲ ਉੱਤੇ ਚੜ੍ਹ ਕੇ ਨਾਅਰੇ ਲਾਏ ਕਿ ਕਤਲੇਆਮ ਬੰਦ ਕੀਤਾ ਜਾਵੇ ਤੇ ਸਮਝੌਤੇ ਉੱਤੇ ਦਸਤਖਤ ਕੀਤੇ ਜਾਣ! ਇਸ ਮਾਰਚ ਵਿੱਚ ਹਿੱਸਾ ਲੈਣ ਵਾਲਿਆਂ ਨੇ ਸਟੋਰ ਨੂੰ ਅਰਜੋ਼ਈ ਕੀਤੀ ਕਿ ਕੌਮਾਂਤਰੀ ਸਮਝੌਤੇ, ਜਿਸ ਨੂੰ ਬੰਗਲਾਦੇਸ਼ ਸੇਫਟੀ ਐਕੌਰਡ ਵੀ ਆਖਿਆ ਜਾਂਦਾ ਹੈ, ਉੱਤੇ ਸਹੀ ਪਾਈ ਜਾਵੇ। ਬੇਅ ਦੇ ਔਰਤਾਂ ਵਾਲੇ ਸੈਕਸ਼ਨ ਦੇ 300 ਡਾਲਰ ਵਾਲੇ ਬਲਾਊਜ਼ਾਂ ਦੇ ਸਾਹਮਣੇ ਖੜ੍ਹੇ ਹੋ ਕੇ ਬੰਗਲਾਦੇਸ਼ ਸੈਂਟਰ ਫੌਰ ਵਰਕਰ ਸੌਲੀਡੈਰਿਟੀ ਦੀ ਐਗਜੈ਼ਕਟਿਵ ਡਾਇਰੈਕਟਰ ਕਲਪੋਨਾ ਅਕਤਰ ਨੇ ਆਖਿਆ ਕਿ ਬੰਗਲਾਦੇਸ਼ੀ ਕਾਮਿਆਂ ਨੂੰ ਇਸ ਤਰ੍ਹਾਂ ਦਾ ਇੱਕ ਬਲਾਊਜ਼ ਖਰੀਦਣ ਜੋਗੇ ਪੈਸੇ ਕਮਾਉਣ ਵਿੱਚ ਛੇ ਮਹੀਨੇ ਦਾ ਸਮਾਂ ਲੱਗ ਜਾਂਦਾ ਹੈ। ਅਕਤਰ ਨੇ ਆਖਿਆ ਕਿ ਕੈਨੇਡੀਅਨ ਕੰਪਨੀਆਂ ਵੱਲੋਂ ਕਾਮਿਆਂ ਦੀ ਸੁਰੱਖਿਆ ਤੇ ਉਨ੍ਹਾਂ ਦੇ ਅਧਿਕਾਰਾਂ ਲਈ ਬਹੁਤਾ ਕੁੱਝ ਨਹੀਂ ਕੀਤਾ ਗਿਆ ਹੈ। ਅਕਤਰ ਨੇ ਆਖਿਆ ਕਿ ਜੇ ਕੰਪਨੀ ਨੇ 2011 ਵਿੱਚ, ਸੁ਼ਰੂ ਹੋਣ ਸਮੇਂ ਹੀ ਇਸ ਕਰਾਰ ਉੱਤੇ ਦਸਤਖ਼ਤ ਕੀਤੇ ਹੁੰਦੇ ਤਾਂ ਸਾਡੇ 1200 ਸਾਥੀਆਂ ਦੀ ਜਿੰ਼ਦਗੀ ਨਾ ਖੁੱਸੀ ਹੁੰਦੀ। ਉਨ੍ਹਾਂ ਬੇਅ ਨੂੰ ਬੰਗਲਾਦੇਸ਼ ਵਿੱਚ ਪੂਰੇ ਮਾਨ ਸਨਮਾਨ ਨਾਲ ਕਾਮਿਆਂ ਨੂੰ ਨੌਕਰੀਆਂ ਦੇਣ ਦੀ ਮੰਗ ਕੀਤੀ। ਅਕਤਰ ਨੂੰ ਆਪ ਵੀ ਬਚਪਨ ਵਿੱਚ ਬੰਗਲਾਦੇਸ਼ ਵਿੱਚ ਮਾੜੇ ਫੈਕਟਰੀ ਹਾਲਾਤ ਨੂੰ ਭੋਗਣਾ ਪਿਆ ਸੀ।

Facebook Comment
Project by : XtremeStudioz