Close
Menu

ਬੰਦੀਅਾਂ ਦੀ ਜੇਲ੍ਹ ਬਦਲੀ: ਭਾਜਪਾ ਨੇ ਅਕਾਲੀਆਂ ਨੂੰ ਮੁੜ ਦਿਖਾਏ ਤੇਵਰ

-- 28 June,2015

* ਪਾਰਟੀ ਨੂੰ ਭਰੋਸੇ ਵਿੱਚ ਨਾ ਲੈਣ ਦਾ ਲਾਇਆ ਦੋਸ਼

* ਮੁੱਖ ਮੰਤਰੀ ਬਾਦਲ ਨਾਲ ਵੀ ਕੀਤੀ ਜਾਵੇਗੀ ਗੱਲਬਾਤ

* ਪਾਰਟੀ ਵੱਲੋਂ ਭਲਕੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚ ਮੀਟਿੰਗਾਂ

ਚੰਡੀਗੜ੍ਹ, 28 ਜੂਨ: ਸਿੱਖ ਬੰਦੀਆਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਤਬਦੀਲ ਕਰਨ ਦੇ ਮੁੱਦੇ ਨੂੰ ਭਾਰਤੀ ਜਨਤਾ ਪਾਰਟੀ ਨੇ ਭਾਈਵਾਲ ਪਾਰਟੀਆਂ ਦੀ ਕੋਰ ਕਮੇਟੀ ਵਿੱਚ ਚੁੱਕਣ ਦਾ ਫੈਸਲਾ ਕੀਤਾ ਹੈ। ਭਾਜਪਾ ਦੇ ਸੂਬਾੲੀ ਪ੍ਰਧਾਨ ਕਮਲ ਸ਼ਰਮਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਇਸ ਸੰਵੇਦਨਸ਼ੀਲ ਮੁੱਦੇ ’ਤੇ ਪਾਰਟੀ ਨੂੰ ਭਰੋਸੇ ਵਿੱਚ ਨਹੀਂ ਲਿਆ। ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲਬਾਤ ਕੀਤੀ ਜਾਵੇਗੀ।
ਸ੍ਰੀ ਸ਼ਰਮਾ ਨੇ ਕਿਹਾ ਕਿ ਭਾਜਪਾ ਦਾ ਅਤਿਵਾਦ ਦੇ ਮੁੱਦੇ ’ਤੇ ਸਟੈਂਡ ਸਪੱਸ਼ਟ ਹੈ। ਭਾਜਪਾ ਦੇ ਪੰਜਾਬ ਮੰਤਰੀ ਮੰਡਲ ਵਿੱਚ ਭਾਵੇਂ 4 ਮੰਤਰੀ ਹਨ ਪਰ ਇਹ ਮਾਮਲਾ ਮੰਤਰੀ ਮੰਡਲ ਵਿੱਚ ਪ੍ਰਵਾਨਗੀ ਲਈ ਨਹੀਂ ਗਿਆ ਤੇ ਪ੍ਰਸ਼ਾਸਕੀ ਪੱਤਰ ’ਤੇ ਹੀ ਫੈਸਲਾ ਲਿਆ ਗਿਆ ਹੈ। ਇਸ ਲਈ ਪਾਰਟੀ ਇਸ ਨੂੰ ਰਾਜਸੀ ਪਲੇਟਫਾਰਮ ’ਤੇ ਹੀ ਚੁੱਕੇਗੀ। ਕਮਲ ਸ਼ਰਮਾ ਇਸ ਤੋਂ ਪਹਿਲਾਂ ਵੀ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਤਿਹਾੜ ਜੇਲ੍ਹ ਤੋਂ ਅੰਮ੍ਰਿਤਸਰ ਜੇਲ੍ਹ ਤਬਦੀਲ ਕਰਨ ਦਾ ਵਿਰੋਧ ਕਰ ਚੁੱਕੇ ਹਨ। ਪੰਜਾਬ ਸਰਕਾਰ ਦੀ ਪ੍ਰਵਾਨਗੀ ਤੋਂ ਬਾਅਦ ਦੂਜੇ ਸੂਬਿਆਂ ਵਿੱਚ ਬੰਦੀ ਸਿੱਖ ਕੈਦੀਆਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਭਾਜਪਾ ਇਸ ਨੂੰ ਰਾਜਸੀ ਮੁੱਦਾ ਬਣਾ ਰਹੀ ਹੈ।
ਉਧਰ ਭਾਜਪਾ ਦੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜੈ ਵਰਗੀਐ ਨੇ ਇਸ ਮੁੱਦੇ ਤੋਂ ਟਾਲਾ ਵੱਟਦਿਆਂ ਕਿਹਾ ਕਿ ਜੇਲ੍ਹ ਤਬਦੀਲੀ ਦਾ ਮਾਮਲਾ ਸਰਕਾਰ ਦਾ ਪ੍ਰਸ਼ਾਸਕੀ ਫੈਸਲਾ ਹੈ, ਜਿਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਜਾ ਸਕਦੀ। ਭਾਜਪਾ ਦੇ ਸੂਬਾੲੀ ਪ੍ਰਧਾਨ ਕਮਲ ਸ਼ਰਮਾ ਤੇ ਕੌਮੀ ਜਨਰਲ ਸਕੱਤਰ ਵਿਜੈ ਵਰਗੀਐ ਨੇ ਇੱਕੋ ਸੁਰ ਵਿੱਚ ਕਿਹਾ ਕਿ ਪਾਰਟੀ ਦਾ ਨਸ਼ਿਆਂ ਦੀ ਸਮਗਲਿੰਗ ਦੇ ਮਾਮਲੇ ’ਤੇ ਵੀ ਸਟੈਂਡ ਸਪੱਸ਼ਟ ਹੈ। ਉਨ੍ਹਾਂ ਕਿਹਾ ਕਿ ਪੰਜਾਬ ਬਾਰੇ ਜੋ ਕਹਿੰਦੇ ਹਾਂ, ਤੱਥਾਂ ’ਤੇ ਅਾਧਾਰਤ ਹੀ ਕਹਿੰਦੇ ਹਾਂ। ਪਾਰਟੀ ਦੇ ਕੌਮੀ ਆਗੂ ਜੋ ਮੱਧ ਪ੍ਰਦੇਸ਼ ਸਰਕਾਰ ਵਿੱਚ ਮੰਤਰੀ ਵੀ ਹਨ, ਨੇ ਪੰਜਾਬ ਸਰਕਾਰ ਵੱਲੋਂ ਅਫ਼ੀਮ ਤੇ ਭੁੱਕੀ ਮੱਧ ਪ੍ਰਦੇਸ਼ ਤੋਂ ਸਮਗਲਿੰਗ ਰਾਹੀਂ ਆਉਣ ਦੇ ਦੋਸ਼ਾਂ ਦੇ ਜਵਾਬ ਵਿੱਚ ਕਿਹਾ ਕਿ ੲਿੰਨੀ ਦੂਰੋਂ ਤਸਕਰੀ ਸੰਭਵ ਨਹੀਂ ਜਾਪਦੀ। ਭਾਜਪਾ ਵੱਲੋਂ ਪਾਰਟੀ ਦਾ ਵਿਸਥਾਰ ਕਰਨ ਦੇ ਮਨਸ਼ੇ ਨਾਲ ਭਲਕੇ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ।
ਕੈਲਾਸ਼ ਵਿਜੈ ਵਰਗੀਐ ਦਾ ਕਹਿਣਾ ਹੈ ਕਿ ਪਾਰਟੀ ਦੀ ਇਸ ਗਤੀਵਿਧੀ ਨੂੰ ਭਾਵੇਂ ਅਕਾਲੀਆਂ ਨਾਲ ਸ਼ਰੀਕੇਬਾਜ਼ੀ ਵਜੋਂ ਨਹੀਂ ਲਿਆ ਜਾ ਸਕਦਾ ਪਰ ਜੇ ਜ਼ਰੂਰਤ ਪੈਂਦੀ ਹੈ ਤਾਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਸਾਰੇ ਵਿਧਾਨ ਸਭਾ ਹਲਕਿਆਂ ਤੋਂ ਉਮੀਦਵਾਰ ਖੜ੍ਹੇ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਪੰਜਾਬ ਵਿੱਚੋਂ ਲੋਕਾਂ ਨੇ ਵੱਡਾ ਹੁੰਗਾਰਾ ਦਿੱਤਾ ਹੈ। ਇਸ ਤੋਂ ਪਹਿਲਾਂ ਭਾਜਪਾ ਦੇ ਸੂਬੇ ਵਿੱਚੋਂ ਮੈਂਬਰਾਂ ਦੀ ਗਿਣਤੀ ਮਹਿਜ਼ 3 ਲੱਖ ਸੀ ਪਰ ਨਵੀਂ ਮੈਂਬਰਸ਼ਿਪ ਮੁਹਿੰਮ ਤੋਂ ਬਾਅਦ ਇਹ ਅੰਕੜਾ 23 ਲੱਖ ਤੱਕ ਪਹੁੰਚ ਗਿਆ ਹੈ। ਭਾਜਪਾ ਦੇ ਕੌਮੀ ਜਨਰਲ ਸਕੱਤਰ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਅਹੁਦੇਦਾਰਾਂ ਨਾਲ ਮੈਂਬਰਸ਼ਿਪ ਸਬੰਧੀ ਮੀਟਿੰਗ ਵੀ ਕੀਤੀ।

Facebook Comment
Project by : XtremeStudioz