Close
Menu

ਬੰਦੀ ਛੋੜ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਕਾਰਜਕਾਰੀ ਜਥੇਦਾਰ ਦਾ ਤਿੱਖਾ ਵਿਰੋਧ

-- 08 November,2018

ਅੰਮ੍ਰਿਤਸਰ – ਸਿੱਖ ਕੌਮ ‘ਚ ਧਾਰਮਿਕ ਮੁਸ਼ਕਲਾਂ ਘੱਟ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ। ਬੰਦੀ ਛੋੜ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪਹਿਲੀ ਵਾਰ ਸਿੱਖ ਕੌਮ ਨੂੰ ਸੰਦੇਸ਼ ਦੇਣ ਆਏ ਨਵੇਂ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਭਾਸ਼ਣ ਦੌਰਾਨ ਸਰਬੱਤ ਖ਼ਾਲਸਾ ਵਲੋਂ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਅਤੇ ਉਨ੍ਹਾਂ ਦੀ ਥਾਂ ਮੁਤਵਾਜ਼ੀ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਦੇ ਹੱਕ ‘ਚ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਰੋਸ ਪ੍ਰਦਰਸ਼ਨ ਕਰ ਰਹੇ ਸਿੱਖਾਂ ਨੇ ਹਵਾਰਾ ਦੀ ਫ਼ੋਟੋ ਵਾਲੇ ਕੈਲੰਡਰ ਲਹਿਰਾਏ ਅਤੇ ਧਿਆਨ ਸਿੰਘ ਮੰਡ ਵਲੋਂ ਬੁੱਧਵਾਰ ਨੂੰ ਗਿਆਨੀ ਹਰਪ੍ਰੀਤ ਸਿੰਘ ਤੋਂ ਕੁਝ ਸਮਾਂ ਪਹਿਲਾਂ ਕੌਮ ਲਈ ਜਾਰੀ ਸੰਦੇਸ਼ ਦੀਆਂ ਕਾਪੀਆਂ ਵੀ ਦਿਖਾਈਆਂ ਗਈਆਂ।

ਦੱਸ ਦੇਈਏ ਕਿ 1 ਨਵੰਬਰ ਨੂੰ ਦੋ ਗਰਮਖ਼ਿਆਲੀ ਆਗੂਆਂ ਨੇ ਨਵੇਂ ਕਾਰਜਕਾਰੀ ਜਥੇਦਾਰ ਕੋਲੋਂ ਸਿਰੋਪਾਓ ਲੈਣ ਤੋਂ ਮਨ੍ਹਾ ਕਰ ਦਿੱਤਾ ਸੀ। ਸਰਬੱਤ ਖ਼ਾਲਸਾ ਪ੍ਰਬੰਧਕਾਂ ‘ਚ ਸ਼ਾਮਲ ਜਰਨੈਲ ਸਿੰਘ ਸਖੀਰਾ ਅਤੇ ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਦੀ ਜਥੇਬੰਦੀ ਵਲੋਂ ਬਾਦਲਾਂ ਵਲੋਂ ਥਾਪੇ ਗਏ ਜਥੇਦਾਰ ਨੂੰ ਮਾਨਤਾ ਨਹੀਂ ਦਿੱਤੀ ਗਈ ਅਤੇ ਸਰਬੱਤ ਖ਼ਾਲਸਾ ਪਹਿਲਾਂ ਹੀ ਇਨ੍ਹਾਂ ਜਥੇਦਾਰਾਂ ਨੂੰ ਰੱਦ ਕਰ ਚੁੱਕਾ ਹੈ। ਇਸ ਦੌਰਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਰਸ਼ਨੀ ਡਿਓਢੀ ਤੋਂ ਆਪਣਾ ਭਾਸ਼ਣ ਜਾਰੀ ਰੱਖਿਆ ਜਦਕਿ ਅਕਾਲ ਤਖ਼ਤ ਸਾਹਿਬ ਵਾਲੇ ਪਾਸਿਓਂ ਸਿੱਖ ਨੌਜਵਾਨ ਉਨ੍ਹਾਂ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਰਹੇ।

Facebook Comment
Project by : XtremeStudioz