Close
Menu

ਬੰਦੀ ਸਿੰਘਾਂ ਨੂੰ ਨਹੀਂ ਕੀਤਾ ਜਾ ਸਕਦਾ ਰਿਹਾਅ: ਸੈਣੀ

-- 27 February,2015

* ਸੂਰਤ ਸਿੰਘ ਖ਼ਾਲਸਾ ਦੀ ਭੁੱਖ ਹਡ਼ਤਾਲ ਜਾਰੀ; ਵੱਖ ਵੱਖ ਜਥੇਬੰਦੀਆਂ ਵੱਲੋਂ ਦਿੱਲੀ ਵਿੱਚ ਮਾਰਚ 3 ਨੂੰ

ਚੰਡੀਗੜ੍, ਪੰਜਾਬ ਪੁਲੀਸ ਦੇ ਮੁਖੀ ਸੁਮੇਧ ਸੈਣੀ ਨੇ 82 ਬੰਦੀ ਸਿੰਘਾਂ ਦੀ ਰਿਹਾਈ ਲਈ ਲੁਧਿਆਣਾ ਵਿੱਚ ਪਿਛਲੇ 42 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਸੂਰਤ ਸਿੰਘ ਖ਼ਾਲਸਾ ਦੀ ਮੰਗ ਬਾਰੇ ਕਿਹਾ ਕਿ ਕਾਨੂੰਨ ਮੁਤਾਬਕ ਇਨ੍ਹਾਂ ’ਚੋਂ ਕਿਸੇ ਨੂੰ ਵੀ ਰਿਹਾਅ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸ਼ਾਂਤੀ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਕਿਸੇ ਵੀ ਗਲਤ ਮੰਗ ਅੱਗੇ ਝੁਕਣ ਦਾ ਸਵਾਲ ਪੈਦਾ ਨਹੀਂ ਹੁੰਦਾ। ਸ਼੍ਰੀ ਸੈਣੀ ਨੇ ਕਿਹਾ ਕਿ ਕਾਫੀ ਯਤਨਾਂ ਤੋਂ ਬਾਅਦ ਖਾੜਕੂ ਜਗਤਾਰ ਸਿੰਘ ਤਾਰਾ, ਹਰਮਿੰਦਰ ਸਿੰਘ ਮਿੰਟੂ, ਰਤਨਦੀਪ ਸਿੰਘ, ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਰਮਨਦੀਪ ਸਿੰਘ ਉਰਫ ਗੋਲਡੀ ਆਦਿ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ।
ਪੁਲੀਸ ਮੁਖੀ ਨੇ ਅੱਜ ਪੁਲੀਸ ਹੈਡਕੁਆਰਟਰ ਵਿੱਚ ਏਡੀਜੀਪੀ (ਖੁਫੀਆ) ਹਰਦੀਪ ਸਿੰਘ ਢਿੱਲੋਂ, ਏਡੀਜੀਪੀ (ਜੇਲ੍ਹਾਂ) ਰਾਜਪਾਲ ਮੀਨਾ, ਆਈ.ਜੀ. ਕਾਊਂਟਰ ਇੰਟੈਲੀਜੈਂਸ ਗੌਰਵ ਯਾਦਵ ਤੇ ਡੀਆਈਜੀ ਆਰ.ਕੇ. ਜੈਸਵਾਲ ਅਤੇ ਲੁਧਿਆਣਾ (ਦਿਹਾਤੀ) ਦੇ ਐਸਐਸਪੀ ਰਾਵਚਰਨ ਸਿੰਘ ਬਰਾੜ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਰਤ ਸਿੰਘ ਖ਼ਾਲਸਾ ਨੇ 82 ਸਿੰਘਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ ਤੇ ਇਨ੍ਹਾਂ ’ਚੋਂ 25 ਵਿਅਕਤੀਆਂ ਨੂੰ ਹਾਲੇ ਤੱਕ ਸਜ਼ਾ ਨਹੀਂ ਮਿਲੀ। ਉਨ੍ਹਾਂ ਹੈਰਾਨੀ ਜ਼ਾਹਰ ਕੀਤੀ ਕਿ ਖ਼ਾਲਸਾ ਵੱਲੋਂ ਜਾਰੀ ਕੀਤੀ ਸੂਚੀ ਵਿੱਚ ਜਗਤਾਰ ਸਿੰਘ ਤਾਰਾ, ਮਿੰਟੂ, ਗੋਪੀ, ਗੋਲਡੀ ਅਤੇ ਰਤਨਦੀਪ ਸਿੰਘ ਵੀ ਸ਼ਾਮਲ ਹਨ। ਸੂਚੀ ਵਿੱਚ 16 ਅਜਿਹੇ ਕੈਦੀ ਹਨ, ਜਿਨ੍ਹਾਂ ਨੂੰ ਉਮਰ ਕੈਦ ਤੋਂ ਘੱਟ ਸਜ਼ਾ ਹੋਈ ਹੈ। ਸਜ਼ਾ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਆਪ ਰਿਹਾਅ ਹੋ ਜਾਣਾ ਹੈ। ਇਸ ਸੂਚੀ ਵਿੱਚੋਂ ਸ਼ਾਮਲ 6 ਕੈਦੀ ਪਹਿਲਾਂ ਹੀ ਰਿਹਾਅ ਹੋ ਚੁੱਕੇ ਹਨ। ਖ਼ਾਲਸਾ ਵੱਲੋਂ ਜਿਹੜੇ 8 ਸੀਨੀਅਰ ਨਾਗਰਿਕਾਂ ਦੀ ਰਿਹਾਈ ਮੰਗੀ ਗਈ ਹੈ ੳੁਹ 8 ਵਿਅਕਤੀ ਸਾਲ 1987 ਵਿੱਚ ਲੁਧਿਆਣੇ ਦੇ ਬੈਂਕ ਵਿੱਚ ਡਾਕਾ ਮਾਰਨ ਦੇ ਦੋਸ਼ ਹੇਠ ਸਜ਼ਾ ਭੁਗਤ ਰਹੇ ਹਨ। ਇਨ੍ਹਾਂ ਨੂੰ 7 ਤੋਂ 10 ਸਾਲ ਦੀ ਸਜ਼ਾ ਮਿਲੀ ਹੈ। ਇਸ ਸੂਚੀ ਵਿੱਚ ਸ਼ਾਮਲ ਇੱਕ ਵਿਅਕਤੀ ਨੂੰ ਮੌਤ ਦੀ ਸਜ਼ਾ ਮਿਲੀ ਹੈ, ਜੋ ਚੰਡੀਗੜ੍ਹ ਨਾਲ ਸਬੰਧਤ ਹੈ। ਪੰਜਾਬ ਵਿਚਲੇ ਪੰਜ ਉਮਰ ਕੈਦੀਆਂ ਵਿੱਚੋਂ 3 ਦੀ ਸਜ਼ਾ ਮੁਆਫੀ ਲਈ ਨਿਰਧਾਰਤ ਘੱਟੋ ਘੱਟ ਸਜ਼ਾ ਵੀ ਹਾਲੇ ਪੂਰੀ ਨਹੀਂ ਹੋਈ। ਇਨ੍ਹਾਂ ਵਿੱਚੋਂ 2 ਕੈਦੀ ਨਿਰਧਾਰਤ ਸਜ਼ਾ ਪੂਰੀ ਕਰ ਚੁੱਕੇ ਹਨ ਪਰ ਜੁਲਾਈ 2014 ਦੇ ਸੁਪਰੀਮ ਕੋਰਟ ਦੇ ਫ਼ੈਸਲੇ ਮੁਤਾਬਕ ਉਨ੍ਹਾਂ ਨੂੰ ਰਾਜ ਸਰਕਾਰ ਰਿਹਾਅ ਨਹੀਂ ਕਰ ਸਕਦੀ। ਪੰਜਾਬ ਸਰਕਾਰ ਵੱਲੋਂ 8 ਜਨਵਰੀ ਨੂੰ ਸੁਪਰੀਮ ਕੋਰਟ ਵਿੱਚ ਇਸ ਮਾਮਲੇ ਦੀ ਸੁਣਵਾਈ ਜਲਦ ਕਰਨ ਦੀ ਅਪੀਲ ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਇਸ ਵੇਲੇ 3665 ਉਮਰ ਕੈਦੀ ਹਨ ਅਤੇ ਫਿਲਹਾਲ 223 ਕੈਦੀ ਹੀ ਅਜਿਹੇ ਹਨ ਜੋ ਰਿਹਾਅ ਕੀਤੇ ਜਾਣ ਲਈ ਨਿਰਧਾਰਤ ਸ਼ਰਤਾਂ ਪੂਰੀਆਂ ਕਰਦੇ ਹਨ। ਦੱਸਣਯੋਗ ਹੈ ਕਿ ਸੂਰਤ ਸਿੰਘ ਖ਼ਾਲਸਾ ਦੇ ਸੰਘਰਸ਼ ਦੀ ਹਮਾਇਤ ਵਿੱਚ ਦਲ ਖ਼ਾਲਸਾ, ਅਕਾਲੀ ਦਲ (ਪੰਚ ਪ੍ਰਧਾਨੀ), ਯੂਨਾਈਟਿਡ ਅਕਾਲੀ ਦਲ ਅਤੇ ਅਕਾਲੀ ਦਲ (ਅ) ਆਦਿ ਨੇ 3 ਮਾਰਚ ਨੂੰ ਸਾਂਝੇ ਤੌਰ ’ਤੇ ਦਿੱਲੀ ਵਿੱਚ ਰਾਸ਼ਟਰਪਤੀ ਭਵਨ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੈ।
ਖ਼ਾਲਸਾ ਖਾ ਰਹੇ ਨੇ ਘਿਓ: ਐਸਐਸਪੀ
ਲੁਧਿਆਣਾ (ਦਿਹਾਤੀ) ਦੇ ਐਸਐਸਪੀ ਰਾਵਚਰਨ ਸਿੰਘ ਬਰਾੜ ਨੇ ਕਿਹਾ ਕਿ ਸੂਰਤ ਸਿੰਘ ਖ਼ਾਲਸਾ ਭੁੱਖ ਹੜਤਾਲ ਦੌਰਾਨ ਘਿਓ, ਡਾਈਟ ਕੋਕ, ਨਿੰਬੂ-ਪਾਣੀ ਵਗੈਰਾ ਲੈ ਰਹੇ ਹਨ ਅਤੇ 8 ਫਰਵਰੀ ਤੋਂ ਹਸਪਤਾਲ ਵਿੱਚ ਦਾਖ਼ਲ ਹਨ। ੳੁਹ ਕੲੀ ਵਾਰ ਡਿਪਟੀ ਕਮਿਸ਼ਨਰ ਸਮੇਤ ਖ਼ਾਲਸਾ ਨੂੰ ਮਿਲ ਕੇ ਦੱਸ ਚੁੱਕੇ ਹਨ ਕਿ ਕਾਨੂੰਨੀ ਤੌਰ ’ਤੇ ਫਿਲਹਾਲ ਬੰਦੀ ਸਿੰਘਾਂ ਦੀ ਰਿਹਾਈ ਸੰਭਵ ਨਹੀਂ। ਇਸ ਬਾਰੇ ਸ੍ਰੀ ਬਰਾੜ ਜਦੋਂ ਹੋਰ ਖੁਲਾਸੇ ਕਰਨ ਲੱਗੇ ਤਾਂ ਸ਼੍ਰੀ ਸੈਣੀ ਨੇ ਉਨ੍ਹਾਂ ਨੂੰ ਰੋਕ ਦਿੱਤਾ।

Facebook Comment
Project by : XtremeStudioz