Close
Menu

ਬੰਦੂਕ ਨਾਲ ਨਹੀਂ, ਹਲ ਨਾਲ ਹੋਵੇਗਾ ਵਿਕਾਸ : ਮੋਦੀ

-- 10 May,2015

ਦੰਤੇਵਾੜਾ –  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਕਸਲੀਆਂ ਨੂੰ ਬੰਦੂਕ ਛੱਡ ਕੇ ਸ਼ਾਂਤੀ ਦੀ ਸਥਾਪਨਾ ਲਈ ਨਿਰਦੋਸ਼ਾਂ ਦੀ ਹੱਤਿਆ ਬੰਦ ਕਰਨ ਲਈ ਕਿਹਾ।  ਦੇਸ਼ ਦਾ ਵਿਕਾਸ ਬੰਦੂਕ ਨਾਲ ਨਹੀਂ ਹੋ ਸਕਦਾ ਸਗੋਂ ਹਲ ਨਾਲ ਹੋਵੇਗਾ। ਬੰਦੂਕ ਨਾਲ ਹਮੇਸ਼ਾ ਲੋਕਾਂ ਵਿਚ ਨਫਰਤ ਪੈਦਾ ਹੁੰਦੀ ਹੈ ਜਦਕਿ ਦੇਸ਼  ਦੇ ਵਿਕਾਸ ਲਈ ਹੱਲ ਦੀ ਵਰਤੋਂ ਕਰਨੀ ਚਾਹੀਦੀ ਹੈ। ਪਿਛਲੇ 30 ਸਾਲਾਂ ਵਿਚ ਇਹ  ਪਹਿਲਾ ਮੌਕਾ ਸੀ ਜਦੋਂ ਦੇਸ਼  ਦੇ ਪ੍ਰਧਾਨ ਮੰਤਰੀ ਨਕਸਲੀਆਂ ਦੇ ਇਸ  ਗੜ੍ਹ ਦੇ ਦੌਰੇ ‘ਤੇ ਆਏ।  ਮੋਦੀ ਨੇ ਇਥੇ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ, ”ਜੋ ਇਹ ਸੋਚਦੇ ਹਨ ਕਿ ਮੌਤ ਦੀ ਖੇਡ ਬੰਦ ਹੋਵੇਗੀ ਜਾਂ ਨਹੀਂ, ਮੈਂ ਤੁਹਾਨੂੰ ਇਹ ਪੂਰੀ ਪ੍ਰਤੀਬੱਧਤਾ ਨਾਲ  ਕਹਿ ਸਕਦਾ ਹਾਂ ਅਤੇ ਤੁਹਾਨੂੰ ਇਹ ਯਕੀਨ ਦਿਵਾ ਸਕਦਾ ਹਾਂ ਕਿ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਇਹ (ਹਿੰਸਾ) ਵੀ ਰੁਕੇਗੀ।”
ਮੋਦੀ ਨੇ ਛੱਤੀਸਗੜ੍ਹ ਦੇ ਆਪਣੇ ਸੰਖੇਪ ਦੌਰੇ ਦੌਰਾਨ ਮਾਓਵਾਦ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਬਸਤਰ ਇਲਾਕੇ ਲਈ 24 ਹਜ਼ਾਰ ਕਰੋੜ ਰੁਪਏ ਦੀਆਂ ਭਲਾਈ ਯੋਜਨਾਵਾਂ ਦੀ ਸ਼ੁਰੂਆਤ ਕੀਤੀ, ਜਿਨ੍ਹਾਂ ਵਿਚ ਇਕ ਵਿਸ਼ਾਲ ਇਸਪਾਤ ਪਲਾਂਟ,  ਇਕ ਰੇਲਵੇ ਲਾਈਨ, ਸਲਰੀ ਪਾਈਪ ਲਾਈਨ ਅਤੇ ਟੇਲੇਟ ਪਲਾਂਟ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਦੇਸ਼ ਵਿਚ ਹਿੰਸਾ ਦਾ ਕੋਈ ਭਵਿੱਖ ਨਹੀਂ ਹੈ। ਜੇਕਰ ਕੋਈ ਭਵਿੱਖ ਹੈ ਤਾਂ ਉਹ ਸ਼ਾਂਤੀਪੂਰਨ ਢੰਗਾਂ ਨਾਲ ਹੈ। ਉਨ੍ਹਾਂ ਕਿਹਾ, ”ਭਾਰਤ ਵਿਚ ਜੋ ਲੋਕ ਇਹ ਪੁੱਛਦੇ ਹਨ ਕਿ ਉਨ੍ਹਾਂ ਲੋਕਾਂ ਨੂੰ ਵਾਪਸ ਲਿਆਉਣ ਦਾ ਕੀ ਤਰੀਕਾ ਹੈ ਜਿਨ੍ਹਾਂ ਨੇ ਹਿੰਸਾ ਦਾ ਰਸਤਾ ਚੁਣ ਲਿਆ ਹੈ। ਉਨ੍ਹਾਂ ਨੇ ਹਿੰਸਾ  ਦੀ ਰਾਹ ‘ਤੇ ਚੱਲਣ ਵਾਲੇ ਨੌਜਵਾਨਾਂ ਨੂੰ ਕਿਹਾ ਕਿ ਉਹ ਪ੍ਰਯੋਗ ਦੇ ਤੌਰ ‘ਤੇ ਘੱਟੋ-ਘੱਟ 5 ਦਿਨ ਮੋਢੇ ਤੋਂ ਬੰਦੂਕ ਉਤਾਰ ਕੇ ਸਾਦੇ ਕੱਪੜੇ ਪਹਿਨਣ ਅਤੇ ਨਕਸਲੀ ਹਿੰਸਾ ਵਿਚ ਜਿਸ ਪਰਿਵਾਰ ਨੇ ਆਪਣਾ ਕੋਈ ਮੈਂਬਰ ਗੁਆ ਲਿਆ ਹੈ, ਉਸ ਘਰ ਦੇ ਬੱਚਿਆਂ  ਨਾਲ ਰਹਿਣ, ਉਨ੍ਹਾਂ ਨਾਲ ਗੱਲਾਂ ਕਰਨ। ਉਹ ਬੱਚਾ ਆਪਣੀਆਂ ਗੱਲਾਂ ਨਾਲ ਤੁਹਾਡੇ ਮਨ ਨੂੰ  ਬਦਲ ਕੇ ਰੱਖ ਦੇਵੇਗਾ। ਕੋਈ ਸਰਕਾਰ ਤੇ ਕੋਈ ਕਾਨੂੰਨ ਵੀ ਤੁਹਾਡੇ ਦਿਲ ਵਿਚ ਉਹ ਭਾਵਨਾ ਨਹੀਂ ਜਗਾ ਸਕੇਗਾ ਜੋ ਅਜਿਹੇ ਪੀੜਤ ਬੱਚਿਆਂ ਨਾਲ ਬਿਤਾਏ ਹੋਏ ਪਲ ਤੁਹਾਨੂੰ ਦੇਣਗੇ। 1985 ਵਿਚ ਰਾਜੀਵ ਗਾਂਧੀ ਦੇ ਦੌਰੇ ਮਗਰੋਂ ਮੋਦੀ 3 ਦਹਾਕਿਆਂ ਵਿਚ ਨਕਸਲ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨ ਵਾਲੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹਨ। ਮੋਦੀ ਨੇ ਪੰਜਾਬ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜਦੋਂ ਪੰਜਾਬ ਵਿਚ ਖੂਨੀ ਖੇਡ ਖੇਡੀ ਜਾ ਰਹੀ ਸੀ ਉਸ ਵੇਲੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇਹ ਖਤਮ ਹੋਵੇਗੀ, ਪਰ ਅੱਜ ਪੰਜਾਬ ਵਿਚ ਸ਼ਾਂਤੀ ਹੈ, ਤਰੱਕੀ ਹੈ, ਵਿਕਾਸ ਹੈ ਅਤੇ ਉਥੇ ਹਿੰਸਾ ਦਾ ਕੋਈ ਸਥਾਨ ਨਹੀਂ ਹੈ।
ਲੋਕ ਸ਼ਾਂਤੀ ਨਾਲ ਉਥੇ ਜੀਅ ਰਹੇ ਹਨ। ਇਸੇ ਤਰ੍ਹਾਂ ਮੈਨੂੰ ਪੂਰਾ  ਭਰੋਸਾ ਹੈ ਕਿ ਦੇਸ਼ ਦੇ ਇਸ ਹਿੱਸੇ ਵਿਚ  ਅਜਿਹੇ ਗਲਤ ਰਸਤੇ ‘ਤੇ ਚੱਲਣ ਵਾਲੇ ਲੋਕਾਂ ਦੇ ਦਿਲਾਂ ਅੰਦਰ ਵੀ ਮਨੁੱਖਤਾ ਜ਼ਰੂਰ ਜਾਗੇਗੀ ਅਤੇ ਮਾਓਵਾਦੀ ਹਿੰਸਾ ਦੇ ਕਾਰਨ ਜਿਨ੍ਹਾਂ ਸਥਾਨਕ ਲੋਕਾਂ ਦੀ ਜ਼ਿੰਦਗੀ ਵਿਚ ਮੁਸੀਬਤ ਆਈ ਹੈ ਉਨ੍ਹਾਂ ਨੂੰ ਜਲਦੀ ਹੀ ਇਕ ਵਾਰ ਫਿਰ ਸ਼ਾਂਤੀ, ਸਥਿਰਤਾ ਅਤੇ   ਤਰੱਕੀ ਦਾ ਵਾਤਾਵਰਨ ਮਿਲੇਗਾ। ਸੂਬੇ ਦੇ ਮੁੱਖ ਮੰਤਰੀ ਡਾ. ਰਮਨ ਸਿੰਘ ਵਲੋਂ ਸੂਬੇ ਵਿਚ ਵਿਕਾਸ ਲਈ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਜਿਨ੍ਹਾਂ ਬੱਚਿਆਂ ਦੇ ਹੱਥਾਂ ਵਿਚ ਬੰਦੂਕ ਤੇ ਤਲਵਾਰ ਫੜਾਉਣੀ ਚਾਹੁੰਦੇ ਹਨ, ਉਨ੍ਹਾਂ ਦੇ ਹੱਥਾਂ ਵਿਚ ਮੁੱਖ ਮੰਤਰੀ ਨੇ ਕਲਮ ਫੜਾਈ ਹੈ। ਇਸ ਗੱਲ ਦਾ ਤਜਰਬਾ ਦੰਤੇਵਾੜਾ ਦੀ ਗਿਆਨ ਨਗਰੀ  ਜਾਵੰਗਾ ਵਿਚ ਉਨ੍ਹਾਂ ਨੇ ਖੁਦ ਕੀਤਾ।
ਮੋਦੀ ਨੇ ਨਕਸਲਵਾੜੀ (ਪੱਛਮੀ ਬੰਗਾਲ) ਦੀ ਉਦਾਹਰਣ ਦਿੱਤੀ ਜਿਥੇ ਲੋਕ ਪਹਿਲਾਂ ਹਿੰਸਾ ਨਾਲ ਪ੍ਰਭਾਵਿਤ ਰਹਿਣ ਪਿੱਛੋਂ  ਹੁਣ ਇਕ ਸ਼ਾਂਤੀਪੂਰਨ ਜ਼ਿੰਦਗੀ   ਬਤੀਤ ਕਰ ਰਹੇ ਹਨ। ਛੱਤੀਸਗੜ੍ਹ ਦੇ ਪਛੜਨ ਲਈ ਕਾਂਗਰਸ ਦੀ ਅਗਵਾਈ ਵਾਲੀ ਪਹਿਲੀ ਸਰਕਾਰ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਇਸ ਸੂਬੇ ਦੇ ਪਛੜਨ ਲਈ ਕਾਂਗਰਸ ਦੀ ਪਿਛਲੀ ਸਰਕਾਰ ਜ਼ਿੰਮੇਵਾਰ ਹੈ। ਨਕਸਲ ਪ੍ਰਭਾਵਿਤ ਇਲਾਕੇ ਦੰਤੇਵਾੜਾ ਵਿਚ ਐਜੂਕੇਸ਼ਨ ਸਿਟੀ ਵਿਚ ਸਥਾਨਕ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਮੋਦੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ      ਉਹ 125 ਕਰੋੜ ਭਾਰਤੀਆਂ ਨੂੰ ਆਪਣਾ ਪਰਿਵਾਰ ਸਮਝਦੇ ਹਨ ਅਤੇ ਉਨ੍ਹਾਂ ਲਈ ਕੰਮ ਕਰਨ ਨਾਲ ਕਦੇ ਥੱਕਦੇ ਨਹੀਂ। ਉਹ ਇਕ ਵਿਦਿਆਰਥੀ ਵਲੋਂ ਪੁੱਛੇ ਗਏ ਇਸ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਦਿਨ ਵਿਚ 18 ਘੰਟੇ ਕੰਮ ਕਰਨ ਮਗਰੋਂ ਹੋਣ ਵਾਲੀ ਥਕਾਵਟ ਨਾਲ ਉਹ ਕਿਵੇਂ ਨਜਿੱਠਦੇ ਹਨ। ਮੋਦੀ ਨੇ ਕਿਹਾ ਕਿ ਉਹ ਕਦੇ ਆਪਣੇ ਕੰਮ ਦੇ ਘੰਟਿਆਂ ਦੀ ਗਿਣਤੀ ਨਹੀਂ ਕਰਦੇ।

Facebook Comment
Project by : XtremeStudioz