Close
Menu

ਬੰਬਾਰਡੀਅਰ ਨੂੰ ਕਰਨਾ ਪੈ ਰਿਹਾ ਹੈ ਆਲੋਚਨਾ ਦਾ ਸਾਹਮਣਾ

-- 03 April,2017

ਮਾਂਟਰੀਅਲ, ਪਿਛਲੇ ਸਾਲ ਆਪਣੇ ਸੀਨੀਅਰ ਐਗਜੈ਼ਕਟਿਵਜ਼ ਦੇ ਭੱਤਿਆਂ ਵਿੱਚ ਨਾਟਕੀ ਢੰਗ ਨਾਲ ਵਾਧਾ ਕਰਨ ਦੇ ਮਾਮਲੇ ਵਿੱਚ ਐਤਵਾਰ ਨੂੰ ਵੀ ਬੰਬਾਰਡੀਅਰ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਇੱਕ ਪਬਲਿਕ ਰਿਲੇਸ਼ਨਜ਼ ਅਧਿਕਾਰੀ ਦਾ ਕਹਿਣਾ ਹੈ ਕਿ ਹੁਣ ਤੱਕ ਕੰਪਨੀ ਵੱਲੋਂ ਇਸ ਨੁਕਸਾਨ ਲਈ ਕੀਤੀ ਗਈ ਭਰਪਾਈ ਮੁੱਦੇ ਤੋਂ ਖਹਿੜਾ ਛੁਡਾਉਣ ਲਈ ਕਾਫੀ ਨਹੀਂ ਹੈ।
ਐਮਜੇਡਬਲਿਊ ਕਮਿਊਨਿਕੇਸ਼ਨਜ਼ ਦੇ ਮਰਜੋਰੀ ਵਾਲਨਜ਼ ਦਾ ਕਹਿਣਾ ਹੈ ਕਿ ਜੇ ਇਹ ਐਰੋਸਪੇਸ ਕੰਪਨੀ ਆਪਣੇ ਉੱਤੇ ਲੱਗੇ ਇਸ ਦਾਗ ਨੂੰ ਧੋਣਾ ਚਾਹੁੰਦੀ ਹੈ ਤਾਂ ਇਸ ਨੂੰ ਜਲਦ ਹੀ ਇਹ ਐਲਾਨ ਕਰਨਾ ਚਾਹੀਦਾ ਹੈ ਕਿ ਬੋਰਡ ਦੇ ਚੇਅਰਮੈਨ ਬਿਓਡੌਇਨ ਇਨ੍ਹਾਂ ਭੱਤਿਆਂ ਵਿੱਚ ਕੀਤੇ ਵਾਧੇ ਨੂੰ ਵਾਪਿਸ ਲੈਣਗੇ ਤੇ ਇਨ੍ਹਾਂ ਨੂੰ 2015 ਵਾਲੇ ਪੱਧਰ ਉੱਤੇ ਲਿਆਉਣਗੇ। ਉਨ੍ਹਾਂ ਆਖਿਆ ਕਿ ਬਿਓਡੌਇਨ ਦੀ ਤਨਖਾਹ ਵਿੱਚ ਕੀਤੀ ਗਈ ਕਟੌਤੀ ਸਹੀ ਦਿਸ਼ਾ ਵਿੱਚ ਚੁੱਕਿਆ ਗਿਆ ਕਦਮ ਹੈ ਪਰ ਬਾਕੀ ਉੱਘੇ ਐਗਜ਼ੈਕਟਿਵਜ਼ ਨਾਲ ਵੀ ਇਹੋ ਸਲੂਕ ਹੋਣਾ ਚਾਹੀਦਾ ਹੈ।
ਜਨਤਾ ਵਿੱਚ ਉਸ ਸਮੇਂ ਗੁੱਸਾ ਭਰ ਗਿਆ ਜਦੋਂ ਪਿਛਲੇ ਹਫਤੇ ਇਹ ਖੁਲਾਸਾ ਹੋਇਆ ਕਿ ਬੰਬਾਰਡੀਅਰ ਨੇ 2016 ਵਿੱਚ ਬਿਓਡੌਇਨ ਤੇ ਪੰਜ ਹੋਰਨਾਂ ਐਗਜ਼ੈਕਟਿਵਜ਼ ਦੇ ਭੱਤਿਆਂ ਵਿੱਚ 50 ਫੀ ਸਦੀ ਵਾਧਾ ਕੀਤਾ ਹੈ। ਇਸ ਤੋਂ ਪਿਛਲੇ ਸਾਲ ਕੰਪਨੀ ਨੂੰ ਸਰਕਾਰ ਵੱਲੋਂ ਸਬਸਿਡੀ ਦੇ ਰੂਪ ਵਿੱਚ ਕਈ ਮਿਲੀਅਨ ਡਾਲਰ ਮਿਲੇ ਸਨ ਤੇ ਕੰਪਨੀ ਵੱਲੋਂ ਦੁਨੀਆ ਭਰ ਵਿੱਚ ਆਪਣੇ ਕਈ ਮੁਲਾਜ਼ਮਾਂ ਦੀ ਛਾਂਗੀ ਵੀ ਕੀਤੀ ਗਈ ਸੀ। ਬਿਓਡੌਇਨ ਤੇ ਮਾਂਟਰੀਅਲ ਸਥਿਤ ਉਤਪਾਦਕ ਦੇ ਪੰਜ ਉੱਘੇ ਐਗਜੈ਼ਕਟਿਵਜ਼ ਦੇ ਭੱਤੇ 2015 ਵਿੱਚ 21.9 ਮਿਲੀਅਨ ਅਮਰੀਕੀ ਡਾਲਰ ਸਨ ਤੇ 2016 ਵਿੱਚ ਇਹ ਵੱਧ ਕੇ 32.6 ਮਿਲੀਅਨ ਅਮਰੀਕੀ ਡਾਲਰ ਹੋ ਗਏ।
ਬੰਬਾਰਡੀਅਰ ਦੇ ਹਿਊਮਨ ਰਿਸੋਰਸਿਜ਼ ਐਂਡ ਕੰਪਨਸੇਸ਼ਨ ਕਮੇਟੀ ਦੇ ਹੈੱਡ ਨੇ ਸ਼ਨਿੱਚਰਵਾਰ ਨੂੰ ਇੱਕ ਖੁੱਲ੍ਹੀ ਚਿੱਠੀ ਜਾਰੀ ਕਰਕੇ ਕੰਪਨੀ ਦੀਆਂ ਕੰਪਨਸੇਸ਼ਨ ਨੀਤੀਆਂ ਬਾਰੇ ਜਾਣਕਾਰੀ ਦਿੱਤੀ ਤੇ 2016 ਵਿੱਚ ਭੱਤਿਆਂ ਵਿੱਚ ਕੀਤੇ ਵਾਧੇ ਨੂੰ ਪਿਛਲੇ ਸਾਲ ਦੇ ਭੱਤਿਆਂ ਨਾਲ ਮਿਲਾਏ ਜਾਣ ਨੂੰ ਅਢੁਕਵਾਂ ਕਰਾਰ ਦਿੱਤਾ। ਇੱਥੇ ਦੱਸਣਾ ਬਣਦਾ ਹੈ ਕਿ ਐਤਵਾਰ ਨੂੰ 200 ਦੇ ਨੇੜੇ ਤੇੜੇ ਲੋਕਾਂ ਨੇ ਕੰਪਨੀ ਦੇ ਮਾਂਟਰੀਅਲ ਸਥਿਤ ਹੈੱਡਕੁਆਰਟਜ਼ ਦੇ ਬਾਹਰ ਮੁਜ਼ਾਹਰਾ ਕੀਤਾ ਤੇ ਫਰੈਂਚ ਵਿੱਚ “ਸ਼ਰਮ ਕਰੋ ਬੰਬਾਰਡੀਅਰ” ਦੇ ਨਾਅਰੇ ਲਾਏ।

Facebook Comment
Project by : XtremeStudioz