Close
Menu

ਬੱਚਿਆਂ ਦੇ ਵਾਰਡ ਲਈ 10 ਲੱਖ ਡਾਲਰ ਦਿੱਤੇ, 20 ਲੱਖ ਹੋਰ ਦੇਣ ਦਾ ਟੀਚਾ

-- 09 October,2015

ਵੈਨਕੂਵਰ,  ਗ੍ਰੇਟਰ ਵੈਨਕੂਵਰ ਖੇਤਰ ਦੀਆਂ ਪੰਜਾਬਣਾਂ ਵਲੋਂ ਕੁਝ ਸਾਲ ਪਹਿਲਾਂ ਗੁਣਵੰਤ ਕੌਰ ਬੈਂਸ ਦੀ ਅਗਵਾਈ ਹੇਠ ਕਾਇਮ ਕੀਤੇ ਗਏ ਗੋਲਡਨ ਗਰਲਜ਼ ਗਰੁੱਪ ਵੱਲੋਂ ਸਮਾਜਕ ਸੇਵਾਵਾਂ ਦੇ ਨਾਲ-ਨਾਲ ਸਰਕਾਰੀ ਸਿਹਤ ਸੇਵਾਵਾਂ ਵਿਚ ਸੁਧਾਰ ਲਈ ਹਸਪਤਾਲਾਂ ’ਚ ਬੱਚਿਆਂ ਦੇ ਵਾਰਡਾਂ ਦੀ ਉਸਾਰੀ ਅਤੇ ਹੋਰ ਸਹੂਲਤਾਂ ਦੇਣ ਲਈ ਯੋਗਦਾਨ ਪਾਇਆ ਜਾ ਰਿਹਾ ਹੈ। ਗਰੁੱਪ ਵੱਲੋਂ ਵੈਨਕੂਵਰ ਦੇ ਹਸਪਤਾਲ ’ਚ ਗੁਰੂ ਨਾਨਕ ਖ਼ਜ਼ਾਨਾ ਨਾਂਅ ਦੇ ਬੱਚਿਆਂ ਦੇ ਸਰਜੀਕਲ ਵਾਰਡ ਦੀ ਸਥਾਪਨਾ ਦਾ ਟੀਚਾ ਮਿਥਿਆ ਗਿਆ ਹੈ। ਇਸ ਵਾਸਤੇ ਗਰੁੱਪ ਵਲੋਂ ਫੰਡ ਰੇਜ਼ਿੰਗ ਕੈਪ ਵੀ ਲਾਏ ਜਾਂਦੇ ਹਨ। ਗਰੁੱਪ ਵਲੋਂ ਗੁਰੂ ਨਾਨਕ ਸਰਜੀਕਲ ਵਾਰਡ ਲਈ 10 ਲੱਖ ਡਾਲਰ ਦਾ ਯੋਗਦਾਨ ਪਾਇਆ ਗਿਆ ਹੈ। ਇਸੇ ਗਰੁੱਪ ਨੇ ਪਿਛਲੇ ਦਿਨੀ ਸਰੀ ਦੇ ਹਸਪਤਾਲ ’ਚ ਬੱਚਿਆਂ ਦੇ ਵਾਰਡ ਲਈ ਨਵੀਆਂ ਮਸ਼ੀਨਾਂ ਖਰੀਦਣ ਲਈ 78 ਹਜ਼ਾਰ ਡਾਲਰ ਦਿੱਤੇ ਸਨ। ਰੁਝੇਵੇ ਭਰੀ ਜ਼ਿੰਦਗੀ ਵਿੱਚੋਂ ਕੁਝ ਸਮਾਂ ਇਸ ਨੇਕ ਕੰਮ ਲਈ ਕੱਢਣਾ ਭਾਵੇਂ ਅੌਖਾ ਹੈ ਪਰ ਮਨ ’ਚ ਸਦਭਾਵਨਾ ਹੋਣ ਕਾਰਣ ਇਹ ਬੀਬੀਆਂ ਇੰਜ ਕਰਕੇ ਸਮਾਜ ਸੇਵਾ ਦੇ ਨਾਲ ਨਾਲ ਜਿਥੇ ਗੋਰਿਆਂ ਦੇ ਮਨਾਂ ਉਤੇ ਪੰਜਾਬੀਆਂ ਦਾ ਚੰਗਾ ਪ੍ਰਭਾਵ ਪਾ ਰਹੀਆਂ ਹਨ ਉਥੇ ਹੋਰ ਕੌਮਾਂ ਦੇ ਲੋਕਾਂ ਨੂੰ ਵੀ ਇੰਜ ਕਰਨ ਲਈ ਪ੍ਰੇਰਤ ਕਰਦੀਆਂ ਹਨ।
ਗਰੇਵਾਲਾਂ ਨੂੰ ਰਾਸ ਨਾ ਆਈ  ਟੋਰੀਆਂ ਨਾਲ ਯਾਰੀ:   ਵੈਨਕੂਵਰ, ਕੈਨੇਡਾ ਦੀ ਸੱਤਾਧਾਰੀ ਕਨਜ਼ਰਵੇਟਿਵ (ਟੋਰੀ) ਪਾਰਟੀ ਵੱਲੋਂ ਇਸ ਵਾਰ ਚੋਣਾਂ ’ਚ ਪੰਜਾਬੀ ਮੂਲ ਦੇ ਗਰੇਵਾਲਾਂ ਪ੍ਰਤੀ ‘ਸਭ ਅੱਛਾ’ ਨਹੀ ਰਿਹਾ। ਕੁਝ ਮਹੀਨੇ ਪਹਿਲਾਂ ਸਾਬਕ ਸਾਂਸਦ ਗੁਰਮੰਤ ਸਿੰਘ ਗਰੇਵਾਲ ਨੂੰ ਪਾਰਟੀ ਉਮੀਦਵਾਰੀ ਦੀ ਨਾਮਜ਼ਦਗੀ ਭਰਨ ਤੋਂ ਹੀ ਵਰਜ ਦਿੱਤਾ ਗਿਆ ਸੀ। ਉਸ ਤੋਂ ਬਾਅਦ ਉਸ ਦੇ ਪੁੱਤਰ ਲਿਵ ਗਰੇਵਾਲ ਤੋਂ  ਜਿੱਤੀ ਹੋਈ ਨਾਮਜ਼ਦਗੀ ਵਾਪਸ ਲੈ ਕੇ ਉਥੋਂ ਕਿਸੇ ਹੋਰ ਨੂੰ ਉਮੀਦਵਾਰ ਬਣਾ ਦਿੱਤਾ ਗਿਆ।  ਤੇ ਹੁਣ ਚੋਣਾਂ ਦੇ ਆਖਰੀ ਦਿਨਾਂ ’ਚ ਆ ਕੇ ਮਿਸੀਸਾਗਾ- ਮਾਲਟਨ ਹਲਕੇ ਤੋਂ ਜਗਦੀਸ਼ ਸਿੰਘ ਗਰੇਵਾਲ ਨੂੰ ਹਲਕੇ ਜਿਹੇ ਦੋਸ਼ ਤਹਿਤ ਪਾਸੇ ਕਰ ਦਿਤਾ ਗਿਆ। ਜਗਦੀਸ਼ ਗਰੇਵਾਲ ਤੋਂ ਉਮੀਦਵਾਰੀ ਵਾਪਸ ਲੈਣਾ ਤਾਂ ਲੋਕ ਚਰਚਾ ਬਣ ਗਈ ਹੈ ਕਿ ਗਰੇਵਾਲਾਂ ਨੂੰ ਟੋਰੀਆਂ ਨਾਲ ਯਾਰੀ ਰਾਸ ਨਹੀ ਆਈ। ਲੋਕਾਂ ਦਾ ਕਹਿਣਾ ਹੈ ਕਿ ਜਗਦੀਸ਼ ਗਰੇਵਾਲ ਨਾਲ ਤਾਂ ਇੰਜ ਕੀਤਾ ਗਿਆ ਜਿਵੇਂ ਕਿਸੇ ਨੂੰ ਟੰਮਣੇ ਚੜ੍ਹਾ ਕੇ ਹੇਠੋਂ ਪੌੜੀ ਖਿੱਚ ਲਈ ਜਾਏ। ਉਂਜ, ਸਿਟਿੰਗ ਸਾਂਸਦ ਨੀਨਾ ਗਰੇਵਾਲ ਫਲੀਟਵੁੱਡ ਪੋਰਟ ਕੈਲ ਤੋਂ ਪਾਰਟੀ ਦੀ ਉਮੀਦਵਾਰ ਹੈ ਜਿਸ ਦੀ ਐਨ ਡੀ ਪੀ ਉਮੀਦਵਾਰ ਤੇ ਸਾਬਕਾ ਪੁਲੀਸ ਅਫ਼ਸਰ ਗੈਰੀ ਬੈੱਗ ਨਾਲ ਫਸਵੀਂ ਟੱਕਰ ਹੈ।

Facebook Comment
Project by : XtremeStudioz