Close
Menu

ਬੱਦਲਾਂ ਤੇ ਬਾਦਲਾਂ ਦੀ ਬੇਰੁਖ਼ੀ ਨੇ ਕਿਸਾਨਾਂ ਨੂੰ ਕੀਤਾ ਨਿਰਾਸ਼

-- 17 April,2015

ਬਨੂੜ, ਦੇਸ਼ ਦੇ ਅੰਨਦਾਤੇ ਕਿਸਾਨ ਨੂੰ ਬੱਦਲਾਂ ਤੇ ਬਾਦਲ ਸਰਕਾਰ ਦੀ ਬੇਰੁਖੀ ਨੇ ਤੋੜ ਕੇ ਰੱਖ ਦਿੱਤਾ ਹੈ। ਤਾਜ਼ਾ ਪਏ  ਮੀਂਹ ਕਾਰਨ ਕਣਕ ਦੀ ਕਟਾਈ ਦਾ ਕੰਮ ਠੱਪ ਹੋ ਗਿਆ ਹੈ। ਕਿਸਾਨਾਂ ਦੀ ਵੱਢੀ ਪਈ ਕਣਕ ਖੇਤਾਂ ਵਿੱਚ ਭਿੱਜ ਰਹੀ ਹੈ ਤੇ ਬਨੂੜ ਮੰਡੀ ਵਿੱਚ ਪਿਛਲੇ ਪੰਜ ਦਿਨਾਂ ਤੋਂ ਵਿਕਰੀ ਦੀ ਉਡੀਕ ਵਿੱਚ ਪਈ ਪੰਜਾਹ ਹਜ਼ਾਰ ਕੁੁਇੰਟਲ ਦੇ ਕਰੀਬ ਕਣਕ ਨੂੰ ਮੀਂਹ ਦੀ ਮਾਰ ਪੈ ਰਹੀ ਹੈ। ਨੀਵੇਂ ਫ਼ੜ੍ਹਾਂ ਤੇ ਪਈ ਕਣਕ ਦੀਆਂ ਢੇਰੀਆਂ ਵਿੱਚ ਪਾਣੀ ਭਰ ਗਿਆ ਹੈ। ਕਣਕ ਦੀਆਂ ਬੋਰੀਆਂ ਭਿੱਜ ਰਹੀਆਂ ਹਨ। ਕਿਸਾਨ ਭਾਈਚਾਰਾ ਬੱਦਲ ਅੱਗੇ ਤਾਂ ਬੇਵਸ ਹੈ ਪ੍ਰੰਤੂ ਬਾਦਲ ਸਰਕਾਰ ਨੂੰ ਰੱਜ ਕੇ ਕੋਸ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਅਕਾਲੀ-ਭਾਜਪਾ ਦੇ ਖਰੀਦ ਪ੍ਰਬੰਧਾਂ ਦੀ ਮਾੜੀ ਹਾਲਤ ਕਾਰਨ ਮੰਡੀ ਵਿੱਚ ਕਣਕ ਰੁਲ ਰਹੀ ਹੈ। ਕਿਸਾਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਮੰਡੀ ਵਿੱਚ ਭਿੱਜ ਰਹੀ ਕਣਕ ਲਈ ਪ੍ਰਸ਼ਾਸ਼ਨ ਜਿੰਮੇਵਾਰ ਹੈ, ਜਿਨਾਂ ਇਸ ਦੀ ਸਮੇਂ ਸਿਰ ਖਰੀਦ ਯਕੀਨੀ ਨਹੀਂ ਬਣਾਈ।
ਮੰਡੀ ਵਿੱਚ ਕਣਕ ਵੇਚਣ ਆਏ ਕਿਸਾਨਾਂ ਹਰਦਪਿੰਦਰ ਸਿੰਘ ਤੰਗੌਰੀ, ਗੁਰਦੇਵ ਸਿੰਘ ਧਰਮਗੜ੍ਹ, ਮਹਿੰਦਰ ਸਿੰਘ ਮਾਣਕਪੁਰ, ਗੁਰਪਾਲ ਸਿੰਘ ਬਨੂੜ, ਗੁਰਮੀਤ ਸਿੰਘ ਸਿਆਊ, ਮਹਿੰਦਰ ਸਿੰਘ ਚੰਗੇਰਾ, ਜੱਗਾ ਸਿੰਘ ਚੰਗੇਰਾ, ਸੁਖਦੇਵ ਸਿੰਘ ਚੰਗੇਰਾ, ਰਾਮ ਈਸ਼ਵਰ ਸਨੇਟਾ, ਬਬਲਾ ਬਠਲਾਣਾ, ਬਲਬੀਰ ਸਿੰਘ ਦੁਰਾਲੀ ਨੇ ਦੱਸਿਆ ਕਿ ਉਨ੍ਹਾਂ ਦੀ ਕਣਕ ਪੰਜ ਦਿਨਾਂ ਤੋਂ ਮੰਡੀ ਵਿੱਚ ਪਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਉਹ ਕਣਕ ਦੀਆਂ ਢੇਰੀਆਂ ਨੂੰ ਉੱਪਰੋਂ ਤਰਪਾਲਾਂ ਪਾ ਕੇ ਬਚਾਉਣ ਦਾ ਯਤਨ ਕਰ ਰਹੇ ਹਨ ਪ੍ਰੰਤੂ ਕਣਕ ਦੀਆਂ ਢੇਰੀਆਂ ਦੇ ਥੱਲੇ ਪਾਣੀ ਵੜ੍ਹਨੋਂ ਨਹੀਂ ਰੋਕਿਆ ਜਾ ਸਕਦਾ। ਕਿਸਾਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਕਣਕ ਦੇ ਖਰਾਬੇ ਲਈ ਪ੍ਰਸ਼ਾਸ਼ਨ ਜਿੰਮੇਵਾਰ ਹੈ, ਜਿਨਾਂ ਸਮੇਂ ਸਿਰ ਕਣਕ ਦੀ ਖਰੀਦ ਨਹੀਂ ਕਰਾਈ।
ਇਸੇ ਤਰਾਂ ਇਸ ਖੇਤਰ ਦੇ ਸਾਰੇ ਪਿੰਡਾਂ ਵਿੱਚ ਕਣਕ ਦੀ ਵਢਾਈ ਦਾ ਜੋਰਾਂ ਨਾਲ ਚੱਲ ਰਿਹਾ ਕੰਮ ਪੂਰੀ ਤਰਾਂ ਠੱਪ ਹੋ ਗਿਆ ਹੈ।  ਪਿੰਡਾਂ ਦੇ ਕਈਂ ਕਿਸਾਨਾਂ ਹਰਪਾਲ ਸਿੰਘ ਬਠਲਾਣਾ, ਜਰਨੈਲ ਸਿੰਘ ਗੋਬਿੰਦਗੜ੍ਹ, ਹਰਪਾਲ ਸਿੰਘ ਦੁਰਾਲੀ, ਹਰਭਜਨ ਸਿੰਘ ਚਾਉਮਾਜਰਾ, ਸ਼ੇਰ ਸਿੰਘ ਦੈੜੀ, ਇਕਬਾਲ ਸਿੰਘ ਰਾਏਪੁਰ ਖੁਰਦ, ਜਸਵੰਤ ਸਿੰਘ ਨਗਾਰੀ, ਛੱਜਾ ਸਿੰਘ ਸਰਪੰਚ ਕੁਰੜੀ, ਉਜਾਗਰ ਸਿੰਘ ਨੰਬਰਦਾਰ ਕੁਰੜੀ ਨੇ ਦੱਸਿਆ ਕਿ ਤਾਜ਼ਾ ਮੀਂਹ ਨਾਲ ਪਹਿਲਾਂ ਹੀ ਨੁਕਸਾਨੀਆਂ ਕਣਕਾਂ ਦਾ ਹੋਰ ਨੁਕਸਾਨ ਹੋਵੇਗਾ। ਇਸ ਨਾਲ ਕਣਕ ਦਾ ਦਾਣਾ ਕਾਲਾ ਹੋ ਜਾਵੇਗਾ।
ਇਸੇ ਦੌਰਾਨ ਮਾਣਕਪੁਰ ਤੇ ਖੇੜਾ ਗੱਜੂ ਦੇ ਖਰੀਦ ਕੇਂਦਰਾਂ ਵਿੱਚ ਸੱਤ ਹਜ਼ਾਰ ਕੁਵਿੰਟਲ ਦੇ ਕਰੀਬ ਕਣਕ ਵਿਕਰੀ ਦੀ ਉਡੀਕ ਵਿੱਚ ਪਈ ਹੈ। ਬਲਦੇਵ ਸਿੰਘ ਅਬਰਾਵਾਂ, ਸ਼ੇਰ ਸਿੰਘ ਤਸੌਲੀ, ਸਵਰਨ ਸਿੰਘ ਤਸੌਲੀ, ਅਸ਼ੋਕ ਕੁਮਾਰ ਖੇੜਾ ਗੱਜੂ ਨੇ ਦੱਸਿਆ ਕਿ ਉਨਾਂ ਦੀਆਂ ਕਣਕ ਦੀਆਂ ਢੇਰੀਆਂ ਬਿਨਾਂ ਖਰੀਦੀਆਂ ਪਈਆਂ ਹਨ ਤੇ ਤਾਜ਼ਾ ਬਾਰਿਸ ਨਾਲ ਕਣਕ ਨੁਕਸਾਨੀ ਜਾ ਰਹੀ ਹੈ। ਇਸੇ ਦੌਰਾਨ ਮਾਰਕੀਟ ਕਮੇਟੀ ਬਨੂੜ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਅੱਜ ਮੰਡੀ ਵਿੱਚ ਕਣਕ ਦੀ ਕੋਈ ਖਰੀਦ ਨਹੀਂ ਹੋਈ। ਉਨਾਂ ਦੱਸਿਆ ਕਿ ਅੱਜ ਮੰਡੀ ਵਿੱਚ ਕਣਕ ਆਈ ਵੀ ਨਹੀਂ। ਕਮੇਟੀ ਅਨੁਸਾਰ ਮੰਡੀ ਵਿੱਚ 32 ਹਜ਼ਾਰ ਕੁਵਿੰਟਲ ਕਣਕ ਬਿਨਾਂ ਵਿਕਣੋਂ ਪਈ ਹੈ, ਜਿਨਾਂ ਨੂੰ ਬਾਰਿਸ਼ ਤੋਂ ਬਚਾਉਣ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਉੱਧਰ ਕਿਸਾਨ ਸਭਾ ਦੇ ਆਗੂਆਂ ਗੁਰਦਰਸ਼ਨ ਸਿੰਘ ਖਾਸਪੁਰ, ਚੌਧਰੀ ਮੁਹੰਮਦ ਸਦੀਕ ਬਨੂੜ, ਦਰਸ਼ਨ ਸਿੰਘ ਕਰਾਲਾ ਨੇ ਇੱਕ ਬਿਆਨ ਰਾਹੀਂ ਪੰਜਾਬ ਸਰਕਾਰ ਕੋਲੋਂ ਤਾਜ਼ਾ ਮੀਂਹ ਕਾਰਨ ਖਰਾਬ ਹੋਈ ਕਣਕ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਉਨਾਂ ਬਦਰੰਗ ਦਾਣੇ ਅਤੇ ਨਮੀ ਲਈ ਵੀ ਵਿਸ਼ੇਸ਼ ਛੋਟ ਦੇਣ ਲਈ ਆਖਿਆ ਹੈ।

Facebook Comment
Project by : XtremeStudioz