Close
Menu

ਬੱਸਾਂ ਵਿੱਚ ਅਪਰਾਧ ਕਰਨ ਲਈ ਅਸੀਂ ਤਾਂ ਕਿਸੇ ਨੂੰ ਨਹੀਂ ਕਿਹਾ: ਬਾਦਲ

-- 18 May,2015

ਲੁਧਿਆਣਾ,ਮੋਗਾ ਵਿੱਚ ਅੌਰਬਿਟ ਬੱਸ ਕਾਂਡ ਤੋਂ ਬਾਅਦ  ਸੂਬੇ ਦੇ ਵੱਖ ਵੱਖ ਸ਼ਹਿਰਾਂ ਵਿੱਚ ਰੋਜ਼ਾਨਾ ਬੱਸਾਂ ਵਿੱਚ ਹੋ ਰਹੇ ਛੇੜਛਾੜ ਤੇ ਹੋਰ ਅਪਰਾਧਿਕ ਮਾਮਲਿਆਂ ਬਾਰੇ ਪੁੱਛੇ ਜਾਣ ’ਤੇ ਅੱਜ ਇੱਥੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ, ‘ ਬੱਸਾਂ ਵਿੱਚ ਅਪਰਾਧ ਕਰਨ ਲਈ ਅਸੀਂ ਤਾਂ ਨਹੀਂ ਕਿਹਾ। ਅਜਿਹੀਆਂ ਘਟਨਾਵਾਂ ਸਿਰਫ਼ ਪੰਜਾਬ ਵਿੱਚ ਨਹੀਂ ਬਲਕਿ ਪੂਰੇ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਵੀ ਵਾਪਰਦੀਆਂ ਰਹਿੰਦੀਆਂ ਹਨ, ਇਥੋਂ ਤੱਕ ਕਿ ਅਮਰੀਕਾ, ਕੈਨੇਡਾ ਵਰਗੇ ਦੇਸ਼ ਵੀ ਅਜਿਹੀਆਂ ਘਟਨਾਵਾਂ ਤੋਂ ਬਚੇ ਨਹੀਂ ਹਨ।’ ਮੁੱਖ ਮੰਤਰੀ ਨੂੰ ਜਦੋਂ ਪੁੱਛਿਆ ਗਿਆ ਕਿ ਐਨਡੀਏ ਸਰਕਾਰ ਦੇ ਇੱਕ ਸਾਲ ਪੂਰੇ ਹੋਣ ’ਤੇ ੳੁਹ ਸੰਤੁਸ਼ਟ ਹਨ ਜਾਂ ਨਹੀਂ ਤਾਂ ੳੁਨ੍ਹਾਂ ਕਿਹਾ ਕਿ ਦੇਸ਼ ’ਤੇ ਛੇ ਦਹਾਕਿਆਂ ਤੋਂ ਵੱਧ ਰਾਜ ਕਰਨ ਵਾਲੀ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਵੱਲੋਂ ਕੀਤੇ ਗਏ ਪਾਪ ਇੱਕ ਸਾਲ ਵਿੱਚ ਧੋਤੇ ਨਹੀਂ ਜਾ ਸਕਦੇ। ਸ੍ਰੀ ਬਾਦਲ ਨੇ ਕੇਂਦਰ ਵਲੋਂ ਪੰਜਾਬ ਦੀ ਮਾਲੀ ਮਦਦ ਬਾਰੇ ਪੁੱਛੇ ਜਾਣ ’ਤੇ ਜਵਾਬ ਦੇਣ ਦੀ ਬਜਾਏ ਇਹ ਕਹਿ ਕੇ ਗੱਲ ਟਾਲ ਦਿੱਤੀ ਕਿ ਮੋਦੀ ਸਰਕਾਰ ਨੇ ਯੂਪੀਏ ਸਰਕਾਰ ਦੀ ਤੁਲਨਾ ’ਚ ਬਹੁਤ ਕੁਝ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਫਸਲ ਬੀਮਾ ਯੋਜਨਾ ਹੋਣਾ ਅੱਜ ਦੀ ਅਹਿਮ ਲੋੜ ਹੈ।
ਸ਼ਹਿਰ ਵਿੱਚ ਕਈ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਤੇ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਛੇ ਦਹਾਕਿਆਂ ਤੋਂ ਵੀ ਵੱਧ ਸਮਾਂ ਦੇਸ਼ ’ਤੇ ਰਾਜ ਕਰਨ ਵਾਲੀ ਕਾਂਗਰਸ ਨੇ ਦੇਸ਼ ਤੇ ਲੋਕਾਂ ਦਾ ਵੱਡਾ ਨੁਕਸਾਨ ਕੀਤਾ ਹੈ, ਜੋ ਪਾਪ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਦੀ ਅਗਾਂਹਵਧੂ ਅਗਵਾਈ ਵਿੱਚ ਆਮ ਲੋਕਾਂ ਦੀ ਭਲਾਈ ਲਈ ਜਨ-ਧਨ ਯੋਜਨਾ, ਸਵੱਛ ਭਾਰਤ ਅਭਿਆਨ, ਬੇਟੀ ਬਚਾਓ-ਬੇਟੀ ਪੜ੍ਹਾਓ, ਸੰਸਦ ਆਦਰਸ਼ ਗਰਾਮ ਯੋਜਨਾ, ਪ੍ਰਧਾਨ ਮੰਤਰੀ ਬੀਮਾ ਸੁਰੱਕਸ਼ਾ ਯੋਜਨਾ, ਅਟੱਲ ਪੈਨਸ਼ਨ ਯੋਜਨਾ ਤੇ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾਵਾਂ ਚਾਲੂ ਕੀਤੀਆਂ ਗਈਆਂ ਹਨ।  ਉਨ੍ਹਾਂ ਕਿਹਾ ਕਿ ਐਨਡੀਏ ਸਰਕਾਰ ਦੇ ਇੱਕ ਸਾਲ ਵਿੱਚ ਪੰਜਾਬ ਨੂੰ ਵੱਡਾ ਫਾਇਦਾ ਹੋਇਆ ਹੈ। ਕੇਂਦਰ ਵੱਲੋਂ ਪੰਜਾਬ ਨੂੰ ਕਈ ਅਹਿਮ ਪ੍ਰਾਜੈਕਟ ਜਿਵੇਂ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (ਏਮਜ਼), ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ (ਆੲੀਆਈਐੱਮ) ਤੇ ਪੋਸਟ ਗਰੈਜੂਏਟ ਹੌਰਟੀਕਲਚਰ ਰਿਸਰਚ ਐਂਡ ਐਜੂਕੇਸ਼ਨਲ ਇੰਸਟੀਚਿਊਟ ਦਿੱਤੇ ਗਏ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਵਪਾਰੀਆਂ ਤੇ ਸਨਅਤਕਾਰਾਂ ਨੂੰ ਵੈਟ ਰਿਫੰਡ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਵੇਗੀ।  ਸ੍ਰੀ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਸ਼ਾਨਾਂਮੱਤੇ ਇਤਿਹਾਸ ਤੇ ਸੱਭਿਆਚਾਰ ਨੂੰ ਜ਼ਿੰਦਾ ਰੱਖਣ ਲਈ ਵੱਡੇ ਕਾਰਜ ਆਰੰਭੇ ਹੋਏ ਹਨ, ਜਿਸ ਤਹਿਤ 1000 ਕਰੋੜ ਰੁਪਏ ਦੀ ਲਾਗਤ ਨਾਲ ਦੇਸ਼ ਤੇ ਸੂਬੇ ਲਈ ਜਾਨਾਂ ਵਾਰਨ ਵਾਲੇ ਯੋਧਿਆਂ ਦੀ ਯਾਦ ਵਿੱਚ ਸਮਾਰਕ ਤਿਆਰ ਕੀਤੇ ਜਾ ਰਹੇ ਹਨ, ਜਿਸ ਵਿੱਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਉਸਾਰਿਆ ਗਿਆ ‘ਵਿਰਾਸਤ-ਏ-ਖਾਲਸਾ’, ‘ਵੱਡਾ ਅਤੇ ਛੋਟਾ ਘੱਲੂਘਾਰਾ’, ‘ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਚੱਪੜਚਿੜੀ’, ‘ਭਗਵਾਨ ਵਾਲਮੀਕੀ (ਭਗਵਾਨ ਵਾਲਮੀਕੀ ਤੀਰਥ ਸਥਲ ਅੰਮ੍ਰਿਤਸਰ) ਤੇ ਗੁਰੂ ਰਵਿਦਾਸ (ਖੁਰਾਲਗੜ੍ਹ ਜ਼ਿਲ੍ਹਾ ਹੁਸ਼ਿਆਰਪੁਰ) ਪ੍ਰਮੁੱਖ ਹਨ। ਇਸ ਤੋਂ ਇਲਾਵਾ ਕਪੂਰਥਲਾ ਵਿੱਚ ਸਵਾਮੀ ਵਿਵੇਕਾਨੰਦ, ਸ੍ਰੀ ਆਨੰਦਪੁਰ ਸਾਹਿਬ ਵਿੱਚ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ), ਫਤਹਿਗੜ੍ਹ ਸਾਹਿਬ ਵਿੱਚ ਬਾਬਾ ਮੋਤੀ ਰਾਮ ਮਹਿਰਾ ਆਦਿ ਦੀਆਂ ਯਾਦਗਾਰਾਂ ਉਸਾਰੀਆਂ ਜਾਣਗੀਆਂ।  ਇਸ ਮੌਕੇ  ਸਿੰਚਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਮੁੱਖ ਮੰਤਰੀ ਦੇ ਸਲਾਹਕਾਰ ਮਹੇਸ਼ਇੰਦਰ ਸਿੰਘ ਗਰੇਵਾਲ, ਮੁੱਖ ਸੰਸਦੀ ਸਕੱਤਰ ਚੌਧਰੀ ਨੰਦ ਲਾਲ, ਵਿਧਾਇਕ ਰਣਜੀਤ ਸਿੰਘ ਢਿੱਲੋਂ, ਵਿਧਾਇਕ  ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ, ਅਧੀਨ ਸੇਵਾਵਾਂ ਬੋਰਡ ਦੇ ਚੇਅਰਮੈਨ ਸੰਤਾ ਸਿੰਘ ਉਮੈਦਪੁਰੀ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਬਾਂਸਲ, ਵਿਸ਼ੇਸ਼ ਪ੍ਰਮੁੱਖ ਸਕੱਤਰ ਐੱਸ. ਕਰੁਣਾ ਰਾਜੂ ਆਦਿ ਮੌਜੂਦ ਸਨ।

Facebook Comment
Project by : XtremeStudioz