Close
Menu

ਭਗਵੰਤ ਤੇ ਮੇਰੀ ਰਿਕਾਰਡਿੰਗ ਦੀ ਨਿਰਪੱਖ ਏਜੰਸੀ ਕਰੇ ਜਾਂਚ : ਡਾ. ਗਾਂਧੀ

-- 10 September,2015

ਪਟਿਆਲਾ, ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਅੱਜ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜੋ ਭਗਵੰਤ ਮਾਨ ਅਤੇ ਮੇਰੀ ‘ਕਾਲ ਰਿਕਾਰਡਿੰਗ’ ਸਾਹਮਣੇ ਆਈ ਹੈ ਉਸ ਦੀ ਪੜਤਾਲ ਦਿੱਲੀ ਸਰਕਾਰ ਕਿਸੇ ਨਿਰਪੱਖ ਏਜੰਸੀ ਤੋਂ ਕਰਾਵੇ, ਕਿਉਂਕਿ ਇਹ ਰਿਕਾਰਡਿੰਗ ਦਿੱਲੀ ਵਿਚ ਹੋਈ ਹੈ।
ਡਾ. ਗਾਂਧੀ ਨੇ ਇੱਥੇ ਕਿਹਾ ਕਿ ਇਹ ਰਿਕਾਰਡਿੰਗ ਫਰਵਰੀ ਦੀ ਹੈ, ਜਦੋਂ ਮੈਂ ਤੇ ਭਗਵੰਤ ਮਾਨ ਦਿੱਲੀ ਵਿਚ ਸਾਂ, ਤੇ ਦਿੱਲੀ ਸਰਕਾਰ ਨੇ ਸਹੁੰ ਚੁੱਕਣੀ ਸੀ। ਉਸ ਵੇਲੇ ਮੇਰੇ ਕੋਲ ਆ ਕੇ ਕਿਸੇ ਬੰਦੇ ਨੇ ਕਿਹਾ ਕਿ  ਭਗਵੰਤ ਮਾਨ ਮੇਰੇ ਨਾਲ ਗੱਲ ਕਰਨਾ ਚਾਹੁੰਦਾ ਹੈ। ਉਸ ਨੇ ਆਪਣੇ ਫ਼ੋਨ ਤੋਂ ਹੀ ਮੇਰੇ ਨਾਲ ਭਗਵੰਤ ਮਾਨ ਨਾਲ ਗੱਲ ਕਰਾਈ ਸੀ। ਉਹ ਵਿਅਕਤੀ ਕਿਉਂ ਮੇਰੇ ਨਾਲ ਭਗਵੰਤ ਮਾਨ ਦੀ ਗੱਲ ਕਰਵਾ ਰਿਹਾ ਸੀ ਤੇ ਫਿਰ ਇਹ ਰਿਕਾਰਡਿੰਗ ਮੀਡੀਆ ਵਿਚ ਨਸ਼ਰ ਕਿਵੇਂ ਹੋ ਗਈ। ਇਹ ਸਾਰੀ ਪੜਤਾਲ ਹੋਣੀ ਚਾਹੀਦੀ ਹੈ। ਉਸ ਨੇ ਕਿਹਾ ਕਿ ਮੇਰੇ ਫ਼ੋਨ ਵਿਚ ਰਿਕਾਰਡਿੰਗ ਕਰਨ ਵਾਲਾ ਕੋਈ ਯੰਤਰ ਨਹੀਂ ਹੈ। ਮੇਰੇ ਫ਼ੋਨ ਤੋਂ ਲੈ ਕੇ ਹਰ ਤਰ੍ਹਾਂ ਦੀ ਪੜਤਾਲ ਬੇਸ਼ੱਕ ਸੀਬੀਆਈ ਤੋਂ ਕਰਵਾ ਲਈ ਜਾਵੇ ਮੈਂ ਇਸ ਲਈ ਤਿਆਰ ਹਾਂ।
ਉਨ੍ਹਾਂ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਭਗਵੰਤ ਮਾਨ ਵੀ ਚਲਾਕ ਸਿਆਸਤਦਾਨਾਂ ਵਾਂਗ ਸਿਆਸਤ ਕਰਨ ਲੱਗਾ ਹੈ। ਉਹ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ, ਉਹ ਐਮਪੀ ਹਰਿੰਦਰ ਸਿੰਘ ਖ਼ਾਲਸਾ ਸਮੇਤ ਕਈ ਲੀਡਰਾਂ ਨੂੰ ਤਾਂ ਮਾੜਾ ਕਹਿ ਰਿਹਾ ਹੈ ਤੇ ਸਾਨੂੰ ਦੋ ਸੰਸਦ ਮੈਂਬਰਾਂ ਨੂੰ ਆਪਣੇ ਨਾਲ ਜੋੜ ਦੇ ਨਵੇਂ ਤਰ੍ਹਾਂ ਦੀ ਰਾਜਨੀਤੀ ਕਰ ਰਿਹਾ ਹੈ ਤਾਂ ਕਿ ਉਸ ਦੇ ਮਨ ਦੀਆਂ ਪੂਰੀਆਂ ਹੋ ਸਕਣ, ਪਰ ਮੇਰੀਆਂ ਅਜਿਹੀਆਂ ਇੱਛਾਵਾਂ ਨਹੀਂ ਹਨ। ਉਨ੍ਹਾਂ ਕਿਹਾ ਪਰ ਇਸ ਗੱਲ ਤੇ ਮੈਂ ਭਗਵੰਤ ਮਾਨ ਦੀ ਸਰਾਹਨਾ ਕਰਦਾ ਹੈ ਕਿ ਉਸ ਨੇ ਪੰਜਾਬ ਦੀ ਪ੍ਰਭੂਸੱਤਾ ਕਾਇਮ ਰੱਖਣ ਦੀ ਗੱਲ ਕਹੀ ਹੈ। ਡਾ. ਗਾਂਧੀ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਭਗਵੰਤ ਮਾਨ ਨੇ ਕਈ ਸਾਰੀਆਂ ਤਿਕੜਮਬਾਜ਼ੀਆਂ ਲੜਾ ਕੇ ਪਹਿਲਾਂ ਯੋਗੇਂਦਰ ਯਾਦਵ ਵਿਰੁੱਧ ਸਾਜ਼ਿਸ਼ਾਂ ਰਚਾਈਆਂ, ਫੇਰ ਐਚਐਸ ਫੂਲਕਾ, ਸੰਸਦ ਮੈਂਬਰ ਖ਼ਾਲਸਾ ਤੇ ਫੇਰ ਛੋਟੇਪੁਰ ਆਦਿ ਲੀਡਰਾਂ ਦਾ ਵਿਰੋਧ ਵੀ ਕੀਤਾ। ਉਹ ਪੰਜਾਬ ਵਿਚ ਕਿਸੇ ਵੀ ਵੱਡੇ ਲੀਡਰ ਨੂੰ ਆਮ ਆਦਮੀ ਪਾਰਟੀ ਵਿਚ ਦੇਖਣਾ ਨਹੀਂ ਚਾਹੁੰਦਾ, ਉਹ ਵੀ ਅਰਵਿੰਦ ਕੇਜਰੀਵਾਲ ਵਾਂਗ ਇਹ ਚਾਹੁੰਦਾ ਹੈ ਕਿ ਪੰਜਾਬ ਵਿਚ ਸਿਰਫ਼ ਉਸੇ ਦਾ ਨਾਮ ਤੇ ਸਿੱਕਾ ਚੱਲੇ।
ਡਾ. ਗਾਂਧੀ ਨੇ ਕਿਹਾ ਕਿ ੳੁਨ੍ਹਾਂ ਨੂੰ ਨਹੀਂ ਪਤਾ ਕਿ ਇਹ ਰਿਕਾਰਡਿੰਗ ਕਰਨ ਵਾਲਾ ਕੌਣ ਹੈ? ਤੇ ਇਸ ਰਿਕਾਰਡਿੰਗ ਨੂੰ ਵਾਇਰਲ ਕਰਨ ਵਾਲਾ ਕੌਣ ਹੈ, ਇਸ ਵਿਚ ਕਿਸੇ ਦਾ ਕੀ ਇਰਾਦਾ ਹੈ? ਇਸ ਦੀ ਜਾਂਚ ਹੋਣੀ ਲਾਜ਼ਮੀ ਹੈ, ਇਹ ਜਾਂਚ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਕਰਵਾ ਸਕਦੀ ਹੈ ਕਿਉਂਕਿ ਇਸ ਰਿਕਾਰਡਿੰਗ ਦਾ ਸਥਾਨ ਦਿੱਲੀ ਦਾ ਹੀ ਹੈ। ਉਨ੍ਹਾਂ ਕਿਹਾ ਕਿ ਇਸ ਰਿਕਾਰਡਿੰਗ ਤੋਂ ਦਿੱਲੀ ਲੀਡਰਸ਼ਿਪ, ਪੰਜਾਬ ਲੀਡਰਸ਼ਿਪ ਅਤੇ ਭਗਵੰਤ ਮਾਨ ਨੂੰ ਭੱਜਣਾ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ‘ਮੂੰਹ ਮੇ ਰਾਮ ਬਗ਼ਲ ਮੇ ਛੁਰੀ ਵਾਲੀ’ ਖੇਡ ਨਾਲ ਸਿਆਸਤ ਖੇਡ ਰਿਹਾ ਹੈ ਜੋ ਪਾਰਟੀ ਲਈ ਖ਼ਤਰਨਾਕ ਹੈ।
ਇਸ ਸਬੰਧੀ ਸੰਸਦ ਮੈਂਬਰ ਭਗਵੰਤ ਮਾਨ ਨਾਲ ਫ਼ੋਨ ’ਤੇ ਵਾਰ ਵਾਰ ਸੰਪਰਕ ਕੀਤਾ ਗਿਆ, ਉਨ੍ਹਾਂ ਨੂੰ ਮੋਬਾਈਲ ਸੰਦੇਸ਼ ਵੀ ਭੇਜਿਆ, ਪਰ ਉਨ੍ਹਾਂ ਨੇ ਕੋਈ ਵੀ ਜਵਾਬ ਨਹੀਂ ਦਿੱਤਾ। ਉਨ੍ਹਾਂ ਦੇ ਪੀਏ ਨੇ ਕਿਹਾ ਕਿ ਭਗਵੰਤ ਮਾਨ ਦਿੱਲੀ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਵਿਚ ਰੁੱਝੇ ਹੋਏ ਹਨ।

Facebook Comment
Project by : XtremeStudioz