Close
Menu

ਭਗਵੰਤ ਮਾਨ ਲੋਕਤੰਤਰੀ ਕਦਰਾਂ ਕੀਮਤਾਂ ਤੋਂ ਅਣਜਾਣ–ਮਜੀਠੀਆ

-- 18 September,2015

ਲੁਧਿਆਣਾ, 18 ਸਤੰਬਰ -ਪੰਜਾਬ ਸਰਕਾਰ ਦੇ ਮਾਲ, ਮੁੜ ਵਸੇਬਾ ਅਤੇ ਸੂਚਨਾ ਅਤੇ ਲੋਕ ਸੰਪਰਕ ਬਾਰੇ ਵਿਭਾਗਾਂ ਦੇ ਕੈਬਨਿਟ ਮੰਤਰੀ ਸ੍ਰ. ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਲੋਕ ਸਭਾ ਮੈਂਬਰ ਸ੍ਰ. ਭਗਵੰਤ  ਮਾਨ ਨੂੰ ਲੋਕਤੰਤਰੀ ਕਦਰਾਂ ਕੀਮਤਾਂ ਤੋਂ ਅਣਜਾਣ ਅਤੇ ਬੇਸਮਝ, ਜਦਕਿ ਪੰਜਾਬ ਕਾਂਗਰਸ ਪ੍ਰਧਾਨ ਸ੍ਰ. ਪ੍ਰਤਾਪ ਸਿੰਘ ਬਾਜਵਾ ਨੂੰ ਕਾਂਗਰਸ ਪਾਰਟੀ ਦੇ ਇਤਿਹਾਸ ਦਾ ਹੁਣ ਤੱਕ ਸਭ ਤੋਂ ਲਾਚਾਰ ਪ੍ਰਧਾਨ ਕਰਾਰ ਦਿੱਤਾ ਹੈ। ਅੱਜ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਦਾ ਦੌਰਾ ਕਰਨ ਉਪਰੰਤ ਲੁਧਿਆਣਾ (ਪੂਰਬੀ) ਤੋਂ ਵਿਧਾਇਕ ਸ੍ਰ. ਰਣਜੀਤ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੈਰ ਰਸਮੀਂ ਗੱਲਬਾਤ ਕਰਦਿਆਂ ਸ੍ਰ. ਮਜੀਠੀਆ ਨੇ ਕਿਹਾ ਕਿ ਆਪ ਪਾਰਟੀ ਤੋਂ ਸੰਸਦ ਮੈਂਬਰ ਸ੍ਰ. ਭਗਵੰਤ ਸਿੰਘ ਮਾਨ ਨੂੰ ਲੋਕਤੰਤਰੀ ਕਦਰਾਂ ਕੀਮਤਾਂ ਦੀ ਸਮਝ ਨਹੀਂ ਹੈ। ਇਸੇ ਅਣਜਾਣਪੁਣੇ ਵਿੱਚ ਹੀ ਉਹ ਪੰਜਾਬ ਦੇ ਉਸ ਮੁੱਖ ਮੰਤਰੀ ਨੂੰ ਰਾਜਨੀਤੀ ਤੋਂ ਲਾਂਭੇ ਹੋ ਜਾਣ ਦੀ ਸਲਾਹ ਦੇ ਰਹੇ ਹਨ, ਜਿਸ ਨੂੰ ਲੋਕਾਂ ਨੇ ਇੱਕ ਜਾਂ ਦੋ ਵਾਰ ਨਹੀਂ ਸਗੋਂ ਪੰਜ ਵਾਰ ਚੁਣ ਕੇ ਇਸ ਅਹੁਦੇ ‘ਤੇ ਬਿਠਾਇਆ ਹੈ।
ਉਨ੍ਹਾਂ ਸ੍ਰ. ਮਾਨ ਦੀ ਮੰਗ ਨੂੰ ਬੇਲੋੜੀ ਕਰਾਰ ਦਿੰਦਿਆਂ ਕਿਹਾ ਕਿ ਜਦ ਉਨ੍ਹਾਂ (ਮਾਨ) ‘ਤੇ ਕੋਈ ਗੱਲ ਆਉਂਦੀ ਹੈ ਜਾਂ ਲੋਕਾਂ ਵੱਲੋਂ ਉੱਗਲ ਉਠਾਈ ਜਾਂਦੀ ਹੈ ਤਾਂ ਉਹ ਵਾਸਤਾ ਪਾਉਂਦੇ ਹਨ ਕਿ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਨ ਪਰ ਜਦੋਂ ਉਹ ਸ੍ਰ. ਬਾਦਲ ਨੂੰ ਰਾਜਨੀਤੀ ਤੋਂ ਲਾਂਭੇ ਹੋ ਜਾਣ ਦੀਆਂ ਸਲਾਹਾਂ ਦਿੰਦੇ ਹਨ ਤਾਂ ਉਹ ਇਹ ਕਿਉਂ ਭੁੱਲ ਜਾਂਦੇ ਹਨ ਕਿ ਉਹ (ਸ੍ਰ. ਬਾਦਲ) ਵੀ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦੇ ਹਨ। ਉਨ੍ਹਾਂ ਕਿਹਾ ਕਿ ਸ੍ਰ. ਮਾਨ ਨੂੰ ਬੇਤੁਕੀ ਬਿਆਨਬਾਜ਼ੀ ਕਰਨ ਤੋਂ ਪਹਿਲਾਂ ਲੋਕਤੰਤਰੀ ਕਦਰਾਂ ਕੀਮਤਾਂ ਸਿੱਖਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਆਮ ਆਦਮੀ ਪਾਰਟੀ ਦਾ ਜਨਾਜ਼ਾ ਨਿਕਲਣ ਨੂੰ ਤਿਆਰ ਹੈ। ਕਿਉਂਕਿ ਪਾਰਟੀ ਨੇ ਦਿੱਲੀ ਚੋਣਾਂ ਤੋਂ ਪਹਿਲਾਂ ਜੋ ਵਾਅਦੇ ਕੀਤੇ ਸਨ, ਉਨ੍ਹਾਂ ਵਿੱਚੋਂ ਕੋਈ ਪੂਰਾ ਤਾਂ ਕੀ ਸਗੋਂ ਲੋਕਾਂ ‘ਤੇ ਟੈਕਸਾਂ ਦੇ ਰੂਪ ਵਿੱਚ ਆਰਥਿਕ ਬੋਝ ਹੋਰ ਵਧਾ ਦਿੱਤਾ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ‘ਤੇ ਹਮਲਾ ਕਰਦਿਆਂ ਸ੍ਰ. ਮਜੀਠੀਆ ਨੇ ਕਿਹਾ ਕਿ ਸੂਬਾ ਕਾਂਗਰਸ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਇਸ ਦਾ ਪ੍ਰਧਾਨ ਬੋਲਣ ਤੋਂ ਵੀ ਲਾਚਾਰ ਹੈ। ਉਨ੍ਹਾਂ ਕਿਹਾ ਕਿ ਸ੍ਰ. ਪ੍ਰਤਾਪ ਸਿੰਘ ਬਾਜਵਾ ਆਪਣੀ ਪਾਰਟੀ ਦੇ ਆਗੂਆਂ ਨੂੰ ਹੀ ਆਪਣੀ ਪ੍ਰਧਾਨਗੀ ਮਨਵਾਉਣ ਵਿੱਚ ਅਸਫ਼ਲ ਸਾਬਿਤ ਹੋਏ ਹਨ, ਜਦਕਿ ਪਾਰਟੀ ਵਰਕਰਾਂ ਤੱਕ ਉਨ੍ਹਾਂ ਨੇ ਕਦੋਂ ਪਹੁੰਚ ਕਰਨੀ ਹੈ। ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਦਾ ਇਜਲਾਸ ਨਾ ਚੱਲਣ ਦੇਣ ਦੇ ਐਲਾਨ ‘ਤੇ ਚੋਟ ਕਰਦਿਆਂ ਸ੍ਰ. ਮਜੀਠੀਆ ਨੇ ਕਿਹਾ ਕਿ ਸਦਨ ਦਾ ਨਿਰਮਾਣ ਇਸ ਕਰਕੇ ਕੀਤਾ ਗਿਆ ਸੀ ਕਿ ਉਥੇ ਲੋਕ ਮੁੱਦਿਆਂ ‘ਤੇ ਉਸਾਰੂ ਬਹਿਸ ਕੀਤੀ ਜਾ ਸਕੇ ਨਾ ਕਿ ਸਦਨ ਦਾ ਪੈਰ-ਪੈਰ ‘ਤੇ ਬਾਈਕਾਟ ਕੀਤਾ ਜਾਵੇ।
ਬੀਤੇ ਦਿਨੀਂ ਤਰਨਤਾਰਨ ਹਲਕੇ ਵਿੱਚ ਕਾਂਗਰਸ ਦੀ ਲਲਕਾਰ ਰੈਲੀ ਦੌਰਾਨ ਕਾਂਗਰਸੀ ਆਗੂਆਂ ਵੱਲੋਂ ਸ਼ਰਾਬ, ਭੁੱਕੀ ਅਤੇ ਹੋਰ ਨਸ਼ਿਆਂ ਦਾ ਵਪਾਰ ਖੋਲ੍ਹ ਦੇਣ ਦੀ ਕੀਤੀ ਗੱਲ ਨੂੰ ਕਾਂਗਰਸੀਆਂ ਦੀ ਅਸਲੀ ਸੋਚ ਕਰਾਰ ਦਿੰਦਿਆਂ ਸ੍ਰ. ਮਜੀਠੀਆ ਨੇ ਕਿਹਾ ਕਿ ਇਸ ਗੱਲ ਨਾਲ ਕਾਂਗਰਸ ਪਾਰਟੀ ਦੀ ਬਿੱਲੀ ਥੈਲੀਉਂ ਬਾਹਰ ਆ ਗਈ ਹੈ ਕਿ ਇਹ ਪਾਰਟੀ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵਿੱਚ ਲਗਾ ਕੇ ਕੰਗਾਲ ਕਰਨ ਦੇ ਮਨਸੂਬੇ ਪਾਲਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਸ੍ਰੀ ਰਾਹੁਲ ਗਾਂਧੀ ਨੇ ਵੀ ਪੰਜਾਬ ਦੇ 70 ਫੀਸਦੀ ਨੌਜਵਾਨਾਂ ਨੂੰ ਨਸ਼ੱਈ ਦੱਸ ਕੇ ਪੰਜਾਬ ਨਾਲ ਵੱਡਾ ਧ੍ਰੋਹ ਕਮਾਇਆ ਸੀ ਅਤੇ ਪੰਜਾਬ ਦੀ ਜਵਾਨੀ ਨੂੰ ਬਦਨਾਮ ਕੀਤਾ ਸੀ।
ਇਸ ਤੋਂ ਪਹਿਲਾਂ ਸ੍ਰ. ਮਜੀਠੀਆ ਨੇ ਅੱਜ ਪੂਰੇ ਦਿਨ ਦੌਰਾਨ ਸਟੂਡੈਂਟਸ ਆਰਗੇਨਾਈਜੇਸ਼ਨ ਆਫ਼ ਇੰਡੀਆ ਦੇ ਮਾਲਵਾ ਜ਼ੋਨ ਦੇ ਇੰਚਾਰਜ ਸ੍ਰ. ਮੀਤਪਾਲ ਸਿੰਘ ਦੁੱਗਰੀ ਦੇ ਅਰਬਨ ਅਸਟੇਟ ਸਥਿਤ ਦਫ਼ਤਰ, ਯੂਥ ਅਕਾਲੀ ਆਗੂ ਸ੍ਰ. ਇੰਦਰਮੋਹਨ ਸਿੰਘ ਕਾਦੀਆਂ ਦੇ ਘਰ, ਯੂਥ ਅਕਾਲੀ ਦਲ ਦੇ ਮਾਲਵਾ ਜ਼ੋਨ-3 ਦੇ ਪ੍ਰਧਾਨ ਸ੍ਰ. ਤਰਸੇਮ ਸਿੰਘ ਭਿੰਡਰ ਦੇ ਦਫ਼ਤਰ ਅਤੇ ਪੰਜਾਬ ਰੇਵੈਨਿਊ ਆਫੀਸਰਜ਼ ਐਸੋਸੀਏਸਨ ਦੇ ਪ੍ਰਧਾਨ ਸ੍ਰ. ਕੰਵਰ ਨਰਿੰਦਰ ਸਿੰਘ ਦੇ ਘਰ ਦਾ ਵੀ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਮੁੱਖ ਮੰਤਰੀ ਦੇ ਸਲਾਹਕਾਰ ਸ੍ਰ. ਮਹੇਸ਼ ਇੰਦਰ ਸਿੰਘ ਗਰੇਵਾਲ, ਵਿਧਾਇਕ ਸ੍ਰ. ਮਨਪ੍ਰੀਤ ਸਿੰਘ ਇਯਾਲੀ, ਵਿਧਾਇਕ ਸ੍ਰੀ ਐੱਸ. ਆਰ. ਕਲੇਰ, ਵਿਧਾਇਕ ਸ੍ਰ. ਦਰਸ਼ਨ ਸਿੰਘ ਸ਼ਿਵਾਲਿਕ, ਮੇਅਰ ਸ੍ਰ. ਹਰਚਰਨ ਸਿੰਘ ਗੋਹਲਵੜੀਆ, ਸਾਬਕਾ ਮੰਤਰੀ ਸ੍ਰ. ਹੀਰਾ ਸਿੰਘ ਗਾਬੜੀਆ, ਸਾਬਕਾ ਵਿਧਾਇਕ ਸ੍ਰ. ਇੰਦਰ ਇਕਬਾਲ ਸਿੰਘ ਅਟਵਾਲ, ਪੁਲਿਸ ਕਮਿਸ਼ਨਰ ਸ੍ਰ. ਪਰਮਰਾਜ ਸਿੰਘ ਉਮਰਾਨੰਗਲ, ਡਿਪਟੀ ਕਮਿਸ਼ਨਰ ਸ੍ਰੀ ਨਰਿੰਦਰ ਭਾਰਗਵ, ਯੂਥ ਅਕਾਲੀ ਆਗੂ ਸ੍ਰ. ਪਰਮਿੰਦਰ ਸਿੰਘ ਬਰਾੜ, ਸ੍ਰ. ਪ੍ਰਭਜੋਤ ਸਿੰਘ ਧਾਲੀਵਾਲ ਅਤੇ ਹੋਰ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Facebook Comment
Project by : XtremeStudioz