Close
Menu

ਭਾਜਪਾ ਨੂੰ ਗੁਰਦਾਸਪੁਰ ਤੋਂ ਨਹੀਂ ਲੱਭ ਰਿਹਾ ‘ਚੌਕੀਦਾਰ’

-- 04 April,2019

ਗੁਰਦਾਸਪੁਰ, ਲੋਕ-ਸਭਾ ਚੋਣਾਂ ਵਿੱਚ ਇਸ ਵਾਰ ਗੁਰਦਾਸਪੁਰ ਹਲਕੇ ਤੋਂ ਕਾਂਗਰਸ ਅਤੇ ਭਾਜਪਾ ਦਰਮਿਆਨ ਸਿੱਧੀ ਟੱਕਰ ਵਾਲੀ ਸਥਿਤੀ ਬਣ ਗਈ ਹੈ। ‘ਆਪ’ ਵੱਲੋਂ ਜਿੱਥੇ ਉਮੀਦਵਾਰ ਐਲਾਨ ਕੇ ਮਹਿਜ਼ ਚੋਣ ਲੜਨ ਦੀ ਖਾਨਾਪੂਰਤੀ ਕੀਤੀ ਗਈ ਹੈ, ਉੱਥੇ ਅਕਾਲੀ ਦਲ ਟਕਸਾਲੀ ਸਿਆਸੀ ਅਖਾੜੇ ਵਿੱਚ ਆਪਣੇ ਲਈ ਅਜੇ ਜ਼ਮੀਨ ਦੀ ਤਲਾਸ਼ ਕਰ ਰਿਹਾ ਹੈ। ਕਾਂਗਰਸ ਵੱਲੋਂ ਮੌਜੂਦਾ ਸੰਸਦ ਮੈਂਬਰ ਸੁਨੀਲ ਜਾਖੜ ਦੇ ਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਜਪਾ ਅਜੇ ਉਮੀਦਵਾਰ ਐਲਾਨਣ ਵਿੱਚ ਸ਼ਸ਼ੋਪੰਜ ਵਿੱਚ ਹੈ। ਪੰਜਾਬ ਵਿੱਚ 19 ਮਈ ਨੂੰ ਹੋਣ ਵਾਲੀਆਂ ਚੋਣਾਂ ਆਖ਼ਰੀ ਪੜਾਅ ਵਿੱਚ ਹੋ ਰਹੀਆਂ ਹਨ ਜਿਸ ਕਾਰਨ ਭਾਜਪਾ ਉਮੀਦਵਾਰ ਐਲਾਨਣ ਵਿੱਚ ਕੋਈ ਕਾਹਲੀ ਨਹੀਂ ਦਿਖਾ ਰਹੀ।
ਸਾਬਕਾ ਸੰਸਦ ਮੈਂਬਰ ਮਰਹੂਮ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਜਿੱਥੇ ਟਿਕਟ ਮਿਲਣ ਬਾਰੇ ਪੂਰੀ ਤਰ੍ਹਾਂ ਆਸਵੰਦ ਹਨ, ਉੱਥੇ ਜ਼ਿਮਨੀ ਚੋਣ ਬੁਰੀ ਤਰ੍ਹਾਂ ਹਾਰਨ ਵਾਲੇ ਸਵਰਨ ਸਲਾਰੀਆ ਵੀ ਟਿਕਟ ਲਈ ਪੂਰੀ ਆਸ ਲਾਈ ਬੈਠੇ ਹਨ। ਮਰਹੂਮ ਵਿਨੋਦ ਖੰਨਾ ਦੇ ਪੁੱਤਰ ਅਕਸ਼ੈ ਖੰਨਾ ਤੋਂ ਇਲਾਵਾ ਫ਼ਿਲਮ ਸਟਾਰ ਅਕਸ਼ੈ ਕੁਮਾਰ ਦੇ ਨਾਵਾਂ ਦੀ ਚਰਚਾ ਵੀ ਕਾਫ਼ੀ ਦੇਰ ਚੱਲਦੀ ਰਹੀ ਪਰ ਸੂਤਰਾਂ ਅਨੁਸਾਰ ਇਹ ਦੋਵੇਂ ਖ਼ੁਦ ਚੋਣ ਲੜਨ ਦੇ ਇੱਛੁਕ ਹੀ ਨਹੀਂ ਹਨ। ਪਾਰਟੀ ਕਿਸੇ ਪ੍ਰਸਿੱਧ ਹਸਤੀ ਨੂੰ ਚੋਣ ਮੈਦਾਨ ਵਿੱਚ ਉਤਾਰਨਾ ਚਾਹੁੰਦੀ ਹੈ ਅਤੇ ਫ਼ਿਲਮ ਸਟਾਰ ਸੰਨੀ ਦਿਓਲ ਦਾ ਨਾਂ ਪਾਰਟੀ ਕਾਰਕੁਨਾਂ ’ਚ ਚਰਚਾ ਵਿੱਚ ਹੈ। ਸੂਤਰਾਂ ਅਨੁਸਾਰ ਪਾਰਟੀ ਹਾਈ ਕਮਾਨ ਸੰਨੀ ਦਿਓਲ ਨੂੰ ਗੁਰਦਾਸਪੁਰ ਤੋਂ ਚੋਣ ਲੜਨ ਲਈ ਰਾਜ਼ੀ ਕਰਨ ਦੇ ਯਤਨ ਕਰ ਰਹੀ ਹੈ। ਸਥਾਨਕ ਉਮੀਦਵਾਰ ਦੀ ਗੱਲ ਕੀਤੀ ਜਾਵੇ ਤਾਂ ਕਈ ਵਾਰ ਮੰਤਰੀ ਰਹਿ ਚੁੱਕੇ ਭਾਜਪਾ ਨੇਤਾ ਮਾਸਟਰ ਮੋਹਨ ਲਾਲ ਵੀ ਟਿਕਟ ’ਤੇ ਦਾਅਵਾ ਠੋਕ ਰਹੇ ਹਨ।
ਦੂਜੇ ਪਾਸੇ, ਕਾਂਗਰਸ ਵੱਲੋਂ ਜਿੱਥੇ ਸੁਨੀਲ ਜਾਖੜ ਨੇ ਆਪਣੇ ਪ੍ਰਚਾਰ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਉੱਥੇ ਭਾਜਪਾ ਵੱਲੋਂ ਵੀ ਵਰਕਰ ਮੀਟਿੰਗਾਂ ਦਾ ਸਿਲਸਿਲਾ ਤੇਜ਼ ਕਰ ਦਿੱਤਾ ਗਿਆ ਹੈ। ਭਾਜਪਾ ਦੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਚੋਣ ਸਬੰਧੀ ਸਰਵੇਖਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।
ਸੁਨੀਲ ਜਾਖੜ ਦਾ ਕਹਿਣਾ ਹੈ ਕਿ ਇਸ ਹਲਕੇ ਅੰਦਰ ‘ਆਪ’ ਅਤੇ ਅਕਾਲੀ ਦਲ ਟਕਸਾਲੀ ਦੀ ਕੋਈ ਹੋਂਦ ਹੀ ਨਹੀਂ ਹੈ, ਇਸ ਲਈ ਉਹ ਇਨ੍ਹਾਂ ਦੋਵੇਂ ਪਾਰਟੀਆਂ ਨੂੰ ਕਿਸੇ ਦੌੜ ਵਿੱਚ ਸਮਝਦੇ ਹੀ ਨਹੀਂ।

Facebook Comment
Project by : XtremeStudioz