Close
Menu

ਭਾਜਪਾ ਨੂੰ ਡੱਕਣ ਲਈ ਪੇਸ਼ਬੰਦੀ ਸ਼ੁਰੂ

-- 02 November,2018

ਨਵੀਂ ਦਿੱਲੀ, 2 ਨਵੰਬਰ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਵਿਰੋਧੀ ਪਾਰਟੀਆਂ ਭਾਜਪਾ ਨੂੰ ਹਰਾਉਣ ਲਈ ਮਿਲ ਕੇ ਕੰਮ ਕਰਨਗੀਆਂ। ਟੀਡੀਪੀ ਆਗੂ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨੇ ਅੱਜ ਰਾਹੁਲ ਗਾਂਧੀ ਨਾਲ ਇਥੇ ਮੁਲਾਕਾਤ ਕੀਤੀ।
ਸ੍ਰੀ ਨਾਇਡੂ ਦੀ ਹਾਜ਼ਰੀ ’ਚ ਰਾਹੁਲ ਗਾਂਧੀ ਨੇ ਕਿਹਾ ਕਿ ਪਾਰਟੀਆਂ ਲੋਕਤੰਤਰੀ ਅਦਾਰਿਆਂ ’ਤੇ ਹਮਲਿਆਂ ਨੂੰ ਰੋਕਣਾ ਯਕੀਨੀ ਬਣਾਉਣਗੀਆਂ। ਸ੍ਰੀ ਗਾਂਧੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਬੇਰੁਜ਼ਗਾਰੀ ਅਤੇ ਰਾਫ਼ਾਲ ਜੈੱਟ ਸੌਦੇ ’ਚ ਭ੍ਰਿਸ਼ਟਾਚਾਰ ਸਮੇਤ ਹੋਰ ਅਹਿਮ ਮੁੱਦਿਆਂ ਨੂੰ ਉਠਾ ਕੇ ਸਰਕਾਰ ਦਾ ਪਰਦਾਫ਼ਾਸ਼ ਕਰਨਗੀਆਂ। ਕਾਂਗਰਸ ਪ੍ਰਧਾਨ ਨੇ ਕਿਹਾ,‘‘ਇਹ ਸਪੱਸ਼ਟ ਹੈ ਕਿ ਭ੍ਰਿਸ਼ਟਾਚਾਰ ਹੋ ਰਿਹਾ ਹੈ। ਜਿਹੜੇ ਅਦਾਰੇ ਜਾਂਚ ਕਰ ਰਹੇ ਹਨ, ਉਨ੍ਹਾਂ ’ਤੇ ਹਮਲੇ ਹੋ ਰਹੇ ਹਨ। ਭ੍ਰਿਸ਼ਟਾਚਾਰ ਦਾ ਪੈਸਾ ਕਿਥੇ ਗਿਆ ਅਤੇ ਕਿਸ ਨੇ ਇਹ ਕਾਰਾ ਕੀਤਾ, ਲੋਕ ਸਭ ਕੁਝ ਜਾਣਨਾ ਚਾਹੁੰਦੇ ਹਨ।’’ ਸ੍ਰੀ ਨਾਇਡੂ ਨੇ ਕਿਹਾ ਕਿ ਉਹ ਵਿਰੋਧੀ ਧਿਰਾਂ ਨੂੰ ਇਕਜੁੱਟ ਕਰਨ ਲਈ ਸਾਰਿਆਂ ਨਾਲ ਵਿਚਾਰਾਂ ਕਰ ਰਹੇ ਹਨ। ਉਨ੍ਹਾਂ ਕਿਹਾ,‘‘ਅਸੀਂ ਸਾਂਝੇ ਮੰਚ ’ਤੇ ਮਿਲਾਂਗੇ ਅਤੇ ਰਣਨੀਤੀ ਬਣਾਵਾਂਗੇ।’’ ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ,‘‘ਤੁਸੀਂ ਉਮੀਦਵਾਰਾਂ ’ਚ ਦਿਲਚਸਪੀ ਰਖਦੇ ਹੋ ਪਰ ਸਾਨੂੰ ਰਾਸ਼ਟਰ ਦੀ ਫਿਕਰ ਹੈ।’’ ਨਾਇਡੂ ਅਤੇ ਰਾਹੁਲ ਦਰਮਿਆਨ ਮੁਲਾਕਾਤ ਉਸ ਸਮੇਂ ਹੋਈ ਹੈ ਜਦੋਂ ਤਿਲੰਗਾਨਾ ’ਚ 7 ਦਸੰਬਰ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ ਦੋਵੇਂ ਪਾਰਟੀਆਂ ਦਰਮਿਆਨ ਸੀਟਾਂ ਦੀ ਵੰਡ ਬਾਰੇ ਗੱਲਬਾਤ ਚੱਲ ਰਹੀ ਹੈ।

ਗ਼ੈਰ-ਭਾਜਪਾਈ ਪਾਰਟੀਆਂ ਸਾਂਝਾ ਪ੍ਰੋਗਰਾਮ ਉਲੀਕਣਗੀਆਂ: ਪਵਾਰ

ਨਵੀਂ ਦਿੱਲੀ: ਐਨਸੀਪੀ ਸੁਪਰੀਮੋ ਸ਼ਰਦ ਪਵਾਰ ਨੇ ਕਿਹਾ ਕਿ ਸਰਕਾਰ ਨਾਲ ਟਾਕਰੇ ਲਈ ਗ਼ੈਰ-ਭਾਜਪਾਈ ਪਾਰਟੀਆਂ ਘੱਟੋ ਘੱਟ ਸਾਂਝਾ ਪ੍ਰੋਗਰਾਮ ਤਿਆਰ ਕਰਨਗੀਆਂ। ਉਨ੍ਹਾਂ ਸੀਬੀਆਈ ਅਤੇ ਆਰਬੀਆਈ ਵਰਗੇ ਅਦਾਰਿਆਂ ’ਤੇ ਹਮਲਿਆਂ ਉਪਰ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਟੀਡੀਪੀ ਪ੍ਰਧਾਨ ਐਨ ਚੰਦਰਬਾਬੂ ਨਾਇਡੂ ਕਾਂਗਰਸ ਸਮੇਤ ਹੋਰ ਗ਼ੈਰ-ਭਾਜਪਾਈ ਪਾਰਟੀਆਂ ਨਾਲ ਗੱਲਬਾਤ ਕਰਨਗੇ। ਬਾਅਦ ’ਚ ਸਾਰਿਆਂ ਦੀ ਕੌਮੀ ਰਾਜਧਾਨੀ ’ਚ ਬੈਠਕ ਸੱਦੀ ਜਾਵੇਗੀ।

Facebook Comment
Project by : XtremeStudioz