Close
Menu

ਭਾਜਪਾ ਮੰਤਰੀਅਾਂ ਨਾਲ ਮਾਡ਼ਾ ਸਲੂਕ ਕਰ ਰਹੇ ਨੇ ਅਫ਼ਸਰ: ਮਿੱਤਲ

-- 30 June,2015

ਬਨੂੜ, 30 ਜੂਨ
ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਬਨੂੜ ਵਿੱਚ ਆਈਟੀਆਈ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਣ ਆਏ ਸਨ ਪਰ ਸਮਾਗਮ ਵਿੱਚ ਕਿਸੇ ਵੀ ੳੁਚ ਪ੍ਰਸ਼ਾਸਨਿਕ ਅਧਿਕਾਰੀ ਨੂੰ ਨਾ ਦੇਖ ੳੁਹ ਰੋਹ ਵਿੱਚ ਅਾ ਗੲੇ ਅਤੇ ੲਿਸ ਦੌਰਾਨ ੳੁਨ੍ਹਾਂ ਨੇ ਪੰਜਾਬ ਦੀ ਅਫ਼ਸਰਸ਼ਾਹੀ ਦੀ ਰੱਜ ਕੇ ਆਲੋਚਨਾ ਕੀਤੀ।
ਭਾਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਪੁੱਛਿਆ ਕਿ ਸਮਾਗਮ ਵਿੱਚ ਕਿਹੜੇ ਵਿਭਾਗ ਦਾ ਕਿਹਡ਼ਾ ਕਿਹਡ਼ਾ ਅਧਿਕਾਰੀ ਆਇਆ ਹੈ। ਜਦੋਂ ਉਨ੍ਹਾਂ ਨੂੰ ਕਿਸੇ ਵੀ ਜ਼ਿੰਮੇਵਾਰ ਅਧਿਕਾਰੀ ਦੇ ਹਾਜ਼ਰ ਨਾ ਹੋਣ ਦੀ ਪੁਸ਼ਟੀ ਹੋ ਗਈ ਤਾਂ ਉਹ ਭੜਕ ਗਏ। ਉਨ੍ਹਾਂ ਨੇ ਪਟਵਾਰੀ ਅਤੇ ਕਾਨੂੰਗੋ ਨੂੰ ਸਟੇਜ ਕੋਲ ਬੁਲਾਇਆ ਤੇ ਪ੍ਰਬੰਧਕਾਂ ਵੱਲੋਂ ਭੇਟ ਕੀਤੇ ਬੁੱਕੇ ਕਰਮਚਾਰੀਆਂ ਨੂੰ ਸੌਂਪਦਿਆਂ ਕਿਹਾ ‘‘ਇਹ ਬੁੱਕੇ ਤਹਿਸੀਲਦਾਰ ਤੇ ਐਸਡੀਐਮ ਨੂੰ ਸੌਂਪ ਦਿਉ, ਜਿਨ੍ਹਾਂ ਕੋਲ ਇੱਥੇ ਆਉਣ ਦੀ ਵਿਹਲ ਨਹੀਂ ਸੀ’’। ੲਿਸ ਤੋਂ ਬਾਅਦ ਉਨ੍ਹਾਂ ਨੇ ਥਾਣਾ ਬਨੂੜ ਦੇ ਮੁਖੀ ਸ਼ਿੰਦਰਪਾਲ ਸਿੰਘ ਨੂੰ ਬੁਲਾਇਆ ਤੇ ਬੁੱਕੇ ਸੌਂਪ ਕੇ ਡੀਐਸਪੀ ਤੇ ਐਸਪੀ ਨੂੰ ਦੇਣ ਦੀ ਤਾਕੀਦ ਕੀਤੀ। ਇੱਕ ਬੁੱਕੇ ਉਨ੍ਹਾਂ ਨੇ ਚੌਕੀਦਾਰ ਨੂੰ ਆਪਣੇ ਅਧਿਕਾਰੀਆਂ ਨੂੰ ਭੇਜਣ ਲਈ ਸੌਂਪ ਦਿੱਤਾ।
ਬੁੱਕੇ ਸੌਂਪਣ ਮਗਰੋਂ ਉਨ੍ਹਾਂ ਨੇ ਮਾਈਕ ਸੰਭਾਲ ਲਿਆ ਤੇ ਅਫ਼ਸਰਸ਼ਾਹੀ ਦੀ ਅਾਲੋਚਨਾ ਕੀਤੀ। ਉਨ੍ਹਾਂ ਕਿਹਾ, ‘ਜੇਕਰ ਇੱਥੇ ਕਿਸੇ ਅਕਾਲੀ ਮੰਤਰੀ ਨੇ ਆਉਣਾ ਹੁੰਦਾ ਤਾਂ ਹਰ ਵੱਡੇ-ਛੋਟੇ ਅਧਿਕਾਰੀ ਨੇ ਭੱਜੇ ਫਿਰਨਾ ਸੀ। ਉਹ ਭਾਜਪਾ ਦੇ ਮੰਤਰੀ ਹਨ ਇਸ ਕਰ ਕੇ ਕਿਸੇ ਅਧਿਕਾਰੀ ਕੋਲ ਇੱਥੇ ਆਉਣ ਦੀ ਵਿਹਲ ਨਹੀਂ।’ ਸ੍ਰੀ ਮਿੱਤਲ ਨੇ ਕਿਹਾ ਕਿ ੳੁਨ੍ਹਾਂ ਦਾ ਅਪਮਾਨ ਹੋਇਆ ਹੈ ਤੇ ੳੁਹ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ। ਉਹ ਮੁੱਖ ਮੰਤਰੀ ਤੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਭਾਜਪਾ ਮੰਤਰੀਆਂ ਨਾਲ ਅਫ਼ਸ਼ਰਸ਼ਾਹੀ ਵੱਲੋਂ ਕੀਤੇ ਜਾਂਦੇ ਮਾਡ਼ੇ ਸਲੂਕ ਵਿਰੁੱਧ ਰੋਸ ਪ੍ਰਗਟ ਕਰਨਗੇ।
ਸ੍ਰੀ ਮਿੱਤਲ ਨੇ ਕਿਹਾ ਕਿ ੳੁਹ ਸਰਕਾਰ ਵਿੱਚ ਬਰਾਬਰ ਦੇ ਭਾਈਵਾਲ ਹਨ ਤੇ ਇੱਜ਼ਤ ਨਾਲ ਰਹਿਣਗੇ। ੳੁਨ੍ਹਾਂ ਨੇ ਮੰਤਰੀ ਦਾ ਅਹੁਦਾ ਖ਼ੈਰਾਤ ਵਿੱਚ ਨਹੀਂ ਲਿਆ। ਉਨ੍ਹਾਂ ਕਿਹਾ ਕਿ ਜੇ ਭਾਜਪਾ ਦੇ ਕੈਬਨਿਟ ਮੰਤਰੀ ਨਾਲ ਅਜਿਹਾ ਸਲੂਕ ਹੋ ਰਿਹਾ ਹੈ ਤਾਂ ਭਾਜਪਾ ਵਰਕਰ ਦਾ ਕੀ ਹਾਲ ਹੋਵੇਗਾ? ਸ੍ਰੀ ਮਿੱਤਲ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਮੁੱਖ ਸਕੱਤਰ ਨੂੰ ਇਸ ਗੱਲ ਦਾ ਨੋਟਿਸ ਲੈਣਾ ਚਾਹੀਦਾ ਹੈ ਤੇ ਅਫ਼ਸਰਸ਼ਾਹੀ ਨੂੰ ਜਵਾਬਦੇਹ ਬਣਾਇਆ ਜਾਵੇ। ਜਦੋਂ ਸ੍ਰੀ ਮਿੱਤਲ ਇਹ ਗੱਲਾਂ ਅਾਖ ਰਹੇ ਸਨ ਤਾਂ ਪੰਡਾਲ ਵਿੱਚ ਮੌਜੂਦ ਭਾਜਪਾ ਵਰਕਰਾਂ ਵੱਲੋਂ ਤਾੜੀਆਂ ਵਜਾਈਆਂ ਜਾ ਰਹੀਆਂ ਸਨ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰੀ ਮਿੱਤਲ ਨੇ ਕਿਹਾ ਕਿ ਕੈਬਨਿਟ ਮੰਤਰੀ ਦੀ ਆਮਦ ਮੌਕੇ ਕਿਸੇ ਵੀ ਅਧਿਕਾਰੀ ਦਾ ਹਾਜ਼ਰ ਨਾ ਹੋਣਾ ਮੰਦਭਾਗੀ ਗੱਲ ਹੈ ਤੇ ਅਧਿਕਾਰੀਆਂ ਦੀ ਜਵਾਬਤਲਬੀ ਜ਼ਰੂਰੀ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਅਕਾਲੀ-ਭਾਜਪਾ ਦਾ ਰਿਸ਼ਤਾ ਨਹੁੰ-ਮਾਸ ਦਾ ਹੈ ਤੇ ਦੋਵੇਂ ਪਾਰਟੀਅਾਂ 2017 ਦੀਆਂ ਚੋਣਾਂ ਇਕੱਠੀਆਂ ਲੜਨਗੀਅਾਂ। ਇਸ ਮੌਕੇ ਭਾਜਪਾ ਦੇ ਹਲਕਾ ਇੰਚਾਰਜ ਰਾਜ ਖੁਰਾਣਾ, ਮੰਡਲ ਪ੍ਰਧਾਨ ਬਲਬੀਰ ਸਿੰਘ ਮੰਗੀ, ਕੌਂਸਲ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ ਆਦਿ ਮੌਜੂਦ ਸਨ।

Facebook Comment
Project by : XtremeStudioz