Close
Menu

ਭਾਜਪਾ ਵੱਲੋਂ ‘ਆਪ ਕਾ ਫਰੇਬ’ ਕਿਤਾਬ ਜਾਰੀ

-- 25 May,2015

ਨਵੀਂ ਦਿੱਲੀ-ਆਮ ਆਦਮੀ ਪਾਰਟੀ (ਆਪ) ਸਰਕਾਰ ਦੇ 100 ਦਿਨਾਂ ਦੇ ਕੰਮਕਾਜ ‘ਤੇ ਹਮਲਾ ਕਰਦੇ ਹੋਏ ਭਾਜਪਾ ਨੇ ਦੋਸ਼ ਲਾਇਆ ਕਿ ਕੇਜਰੀਵਾਲ ਸਰਕਾਰ ਨੇ ਦਿੱਲੀ ਵਾਸੀਆਂ ਨਾਲ ਕੀਤੇ ਗਏ ਆਪਣੇ ਵਾਅਦੇ ਪੂਰੇ ਨਹੀਂ ਕੀਤੇ | ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਸਤੀਸ਼ ਉਪਾਧਿਆਏ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਦਿੱਲੀ ਦੀ ਜਨਤਾ ਨੂੰ ਪੂਰੀ ਤਰ੍ਹਾਂ ਗੁੰਮਰਾਹ ਕੀਤਾ ਹੈ | ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਸ਼ੁਰੂਆਤ ਹੀ ਵਿਵਾਦਾਂ ਨਾਲ ਕੀਤੀ ਜਿਸ ਦੇ ਕਾਰਨ ਲੋਕਾਂ ਦੀ ਉਮੀਦ ਪੂਰੀ ਨਹੀਂ ਹੋ ਸਕੀ | ਉਨ੍ਹਾਂ ਕਿਹਾ ਕਿ ਉਪ ਰਾਜਪਾਲ ਅਤੇ ਦਿੱਲੀ ਸਰਕਾਰ ਦੇ ਵਿਚਕਾਰ ਚਲ ਰਹੀ ਅਧਿਕਾਰਾਂ ਦੀ ਜੰਗ ਨਾਲ ਅਧਿਕਾਰੀਆਂ ਦਾ ਮਨੋਬਲ ਡਿੱਗ ਰਿਹਾ ਹੈ ਅਤੇ ਆਪ ਸਰਕਾਰ ਕੇਂਦਰ ਨੂੰ ਬਦਨਾਮ ਕਰਨ ‘ਚ ਰੁੱਝੀ ਹੋਈ ਹੈ |ਆਮ ਆਦਮੀ ਪਾਰਟੀ ਸਰਕਾਰ ਦੇ 100 ਦਿਨ ਦਿੱਲੀ ਵਿਚ ਸਰਕਾਰੀ ਅਰਾਜਕਤਾ ਅਤੇ ਮਨੁੱਖਤਾ ਦੀ ਹੱਤਿਆ ਦੇ ਯੁੱਗ ਦੀ ਝਲਕ ਦਿੰਦੇ ਹਨ | ਕਾਨਫਰੰਸ ਦੌਰਾਨ ਭਾਜਪਾ ਦਿੱਲੀ ਪ੍ਰਦੇਸ਼ ਦੇ ਮੀਡੀਆ ਸੈਲ ਵੱਲੋਂ ‘ਆਪ ਦੇ ਫਰੇਬ’ ਦੀ ਸੂਚੀ ਜਾਰੀ ਕੀਤੀ ਗਈ | ਉਨ੍ਹਾਂ ਕਿਹਾ ਕਿ 100 ਦਿਨਾਂ ਵਿਚ ਦਿੱਲੀ ਦੀ ਜਨਤਾ ਨੂੰ ਸਿਰਫ ਇੱਕ ਹੀ ਉਪਲਬਧੀ ਨਜ਼ਰ ਆਉਂਦੀ ਹੈ ਕਿ ਸੱਤਾਧਾਰੀ ਦਲ ਨੇ ਆਪਣੇ 21 ਵਿਧਾਇਕਾਂ ਨੂੰ ਸੰਸਦੀ ਸਕੱਤਰ ਬਣਾ ਕੇ ਮੰਤਰੀ ਦਾ ਰੁਤਬਾ ਦਿੱਤਾ ਹੈ ਅਤੇ ਆਪਣੇ 70 ਨੇਤਾਵਾਂ ਨੂੰ ਸਰਕਾਰ ਦੇ ਵੱਖ ਵੱਖ ਬੋਰਡ ਅਤੇ ਕਮਿਸ਼ਨਾਂ ਦੇ ਵਿਚ ਭਾਰੀ ਸਹੂਲਤਾਂ ਦੇ ਨਾਲ ਸੱਤਾ ਸੁਖ ਦਿੱਤਾ ਅਤੇ ਤਕਰੀਬਨ 20 ਵਿਧਾਇਕਾਂ ਨੂੰ ਚੇਅਰਮੈਨੀਆਂ ਨਾਲ ਨਿਵਾਜਿਆ ਹੈ | ਉਨ੍ਹਾਂ ਕਿਹਾ ਕਿ ਕੇਜਰੀਵਾਲ ਅਤੇ ਉਨ੍ਹਾਂ ਦੇ ਦਰਬਾਰੀਆਂ ਨੂੰ ਪ੍ਰਸ਼ਾਸਨ ਤੰਤਰ ਦੀ ਸਾਰੀਆਂ ਸੰਸਥਾਵਾਂ, ਸੰਵਿਧਾਨਕ ਨਿਕਾਏ, ਮੀਡੀਆ ਤੇ ਨਿਆਂਪਾਲਿਕਾ ‘ਚ ਕਮੀ ਦਿਖ ਰਹੀ ਹੈ ਅਤੇ ਹੁਣ ਤਾਂ ਕੇਜਰੀਵਾਲ ਕੇਂਦਰ ਅਤੇ ਸੰਘੀ ਖੇਤਰ ਦੀ ਵਿਵਸਥਾ ‘ਤੇ ਪ੍ਰਸ਼ਨ ਉਠਾ ਕੇ ਸੰਵਿਧਾਨ ਨੂੰ ਹੀ ਚੁਨੌਤੀ ਦੇ ਰਹੇ ਹਨ | ਉਨ੍ਹਾਂ ਦੋਸ਼ ਲਾਇਆ ਕਿ ਸੱਤਾ ਵਿਚ ਆਉਂਦੇ ਹੀ ਕੇਜਰੀਵਾਲ ਆਪਣੇ ਬਿਜਲੀ-ਪਾਣੀ ਦੇ ਦੋਵੇਂ ਮੁੱਖ ਵਾਅਦਿਆਂ ਤੋਂ ਮੁਕਰ ਗਈ | ਸਰਕਾਰ ਨੇ ਬਿਜਲੀ ਦੀਆਂ ਕੀਮਤਾਂ ਘੱਟ ਕਰਨ ਦੀ ਬਜਾਏ 400ਯੂਨਿਟ ਤੱਕ ਖਪਤ ਵਾਲਿਆਂ ਨੂੰ 40ਫੀਸਦੀ ਸਬਸਿਡੀ ਦੇ ਕੇ ਜਨਤਾ ਨਾਲ ਧੋਖਾ ਕੀਤਾ ਕਿਉਂਕਿ ਪਹਿਲਾਂ ਦਿੱਲੀ ਦੇ ਸਾਰੇ ਉਪਭੋਗਤਾਵਾਂ ਨੂੰ 400 ਯੂਨਿਟ ਤੱਕ ਛੋਟ ਮਿਲਦੀ ਸੀ | ਇਸੇ ਤਰ੍ਹਾਂ ਮੁਫਤ ਪਾਣੀ ਦੀ ਯੋਜਨਾ ਸਿਰਫ ਮੀਟਰ ਕੁਨੈਕਸ਼ਨ ਵਾਲੇ ਉਪਭੋਗਤਾਵਾਂ ਤੱਕ ਸੀਮਤ ਹੋ ਕੇ ਰਹਿ ਗਈ |

Facebook Comment
Project by : XtremeStudioz