Close
Menu

ਭਾਜਪਾ ਵੱਲੋਂ ਉੱਤਰ ਪ੍ਰਦੇਸ਼ ’ਚ ਰਾਸ਼ਟਰਪਤੀ ਰਾਜ ਲਈ ਮੁਖਰਜੀ ਨੂੰ ਮੰਗ ਪੱਤਰ

-- 23 September,2013

Delegation led Rajanth meet Pranab

ਨਵੀਂ ਦਿੱਲੀ, 23 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਭਾਜਪਾ ਦੇ ਪ੍ਰਧਾਨ ਰਾਜਨਾਥ ਸਿੰਘ ਨੇ ਅੱਜ ਇੱਥੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਮਿਲ ਕੇ ਉੱਤਰ ਪ੍ਰਦੇਸ਼ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਤੇ ਮੁਜ਼ੱਫਰਨਗਰ ਦੰਗਿਆਂ ਦੀ ਸੁਪਰੀਮ ਕੋਰਟ ਵੱਲੋਂ ਨਿਯੁਕਤ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ।

ਸ੍ਰੀ ਮੁਖਰਜੀ ਨਾਲ ਮੁਲਾਕਾਤ ਕਰਨ ਮਗਰੋਂ ਭਾਜਪਾ ਪ੍ਰਧਾਨ ਨੇ ਪੱਤਰਕਾਰਾਂ ਨੂੰ ਕਿਹਾ, ‘‘ਉੱਤਰ ਪ੍ਰਦੇਸ਼ ’ਚ ਜੰਗਲ ਰਾਜ ਹੈ। ਉੱਥੇ ਐਮਰਜੈਂਸੀ ਵਰਗੇ ਹਾਲਾਤ ਹਨ ਤੇ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ। ਇਸ ਲਈ ਅਸੀਂ ਉੱਥੇ ਰਾਸ਼ਟਰਪਤੀ ਰਾਜ ਦੀ ਮੰਗ ਕੀਤੀ ਹੈ।’’ ਰਾਸ਼ਟਰਪਤੀ ਨੂੰ ਮੰਗ ਪੱਤਰ ਦੇਣ ਵੇਲੇ ਉਨ੍ਹਾਂ ਨਾਲ ਉੱਤਰ ਪ੍ਰਦੇਸ਼ ਤੋਂ ਭਾਜਪਾ ਵਿਧਾਇਕ ਤੇ ਪਾਰਟੀ ਆਗੂ ਵੀ ਸਨ। ਉਨ੍ਹਾਂ ਕਿਹਾ ਕਿ ਮੁਜ਼ੱਫਰਨਗਰ ਦੰਗਿਆਂ ਦੀ ਜਾਂਚ ਸੁਪਰੀਮ ਕੋਰਟ ਵੱਲੋਂ ਨਿਯੁਕਤ ਕਿਸੇ ਜੱਜ ਤੋਂ ਕਰਵਾਈ ਜਾਵੇ ਅਤੇ ਪੀੜਤਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ।
ਇਸ ਮੌਕੇ ਉੱਤਰ ਪ੍ਰਦੇਸ਼ ਭਾਜਪਾ ਵਿਧਾਇਕ ਦਲ ਦੇ ਨੇਤਾ ਹੁਕਮ ਸਿੰਘ ਨੇ ਕਿਹਾ, ‘‘ਰਾਜ ਵਿੱਚ ਬੀਤੇ ਛੇ ਮਹੀਨਿਆਂ ਵਿੱਚ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ। ਸਰਕਾਰ ਸੁੱਤੀ ਹੋਈ ਹੈ। ਇਸ ਲਈ ਉੱਥੇ ਰਾਸ਼ਟਰਪਤੀ ਰਾਜ ਦੀ ਮੰਗ ਕੀਤੀ ਜਾ ਰਹੀ ਹੈ।’’
ਮੁਜ਼ੱਫਰਨਗਰ ਦੰਗਿਆਂ ਵਿੱਚ 47 ਮੌਤਾਂ ਹੋਈਆਂ ਤੇ 40 ਹਜ਼ਾਰ ਲੋਕ ਬੇਘਰ ਹੋਏ। ਇਸ ਸਬੰਧੀ ਭਾਜਪਾ ਦੇ ਦੋ ਤੇ ਬਸਪਾ ਦੇ ਇੱਕ ਵਿਧਾਇਕ ਨੂੰ ਗ੍ਰਿਫਤਾਰ ਕੀਤਾ ਗਿਆ।
ਭਾਜਪਾ ਦੇ ਕੌਮੀ ਪ੍ਰਧਾਨ ਰਾਜਨਾਥ ਸਿੰਘ ਨੇ ਅੱਜ ਥਲ ਸੈਨਾ ਦੇ ਸਾਬਕਾ ਮੁਖੀ ਜਨਰਲ ਵੀ.ਕੇ. ਸਿੰਘ ਦੇ ਸਮਰਥਨ ਵਿਚ ਆਉਂਦਿਆਂ ਦੋਸ਼ ਲਗਾਇਆ ਹੈ ਕਿ ਭਾਜਪਾ ਦਾ ਸਾਥ ਦੇਣ ਵਾਲਿਆਂ ਨੂੰ ਸਰਕਾਰ ਜਾਣਬੁਝ ਕੇ ਝੂਠੇ ਮਾਮਲਿਆਂ ’ਚ ਫਸਾ ਰਹੀ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘‘ਸ੍ਰੀ ਵੀ.ਕੇ. ਸਿੰਘ ਖ਼ਿਲਾਫ਼ ਸਰਕਾਰ ਹੁਣ ਜਾਂਚ ਕਰਵਾ ਰਹੀ ਹੈ, ਜਦੋਂ ਉਹ ਨੌਕਰੀ ’ਚ ਸਨ ਉਦੋਂ ਕੁਝ ਕਿਉਂ ਨਹੀਂ ਕੀਤਾ ਗਿਆ। ਉਨ੍ਹਾਂ ਦੀ ਸੇਵਾਮੁਕਤੀ ਦੇ ਸਾਲ ਮਗਰੋਂ ਜਾਂਚ ਕਰਾਉਣ ਦੀ ਕੋਈ ਤੁੱਕ ਨਹੀਂ ਬਣਦੀ। ਇਹ ਜਾਂਚ ਇਸ ਲਈ ਹੋ ਰਹੀ ਹੈ ਕਿਉਂਕਿ ਸਾਬਕਾ ਜਨਰਲ ਨੇ ਸ੍ਰੀ ਨਰਿੰਦਰ ਮੋਦੀ ਨਾਲ ਮੰਚ ਸਾਂਝਾ ਕੀਤਾ ਸੀ।’’ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਸਤੀਸ਼ ਪ੍ਰਸਾਦ ਵੱਲੋਂ ਭਾਜਪਾ ’ਚ ਸ਼ਾਮਲ ਹੋਣ ਸਬੰਧੀ ਕਰਵਾਏ ਸਮਾਗਮ ਵਿਚ ਪੱਤਰਕਾਰਾਂ ਨੂੰ ਸ੍ਰੀ ਰਾਜਨਾਥ ਨੇ ਇਹ ਨਹੀਂ ਦੱਸਿਆ ਕਿ ਸਾਬਕਾ ਜਨਰਲ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ ਜਾਂ ਨਹੀਂ।
ਰਾਮਪੁਰ: ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨੂੰ ਮੁਜ਼ੱਫਰਨਗਰ ਜਾਣ ਤੋਂ ਰੋਕਣ ਦੇ ਉੱਤਰ ਪ੍ਰਦੇਸ਼ ਸਰਕਾਰ ਦੇ ਫੈਸਲੇ ਨੂੰ ਸਹੀ ਠਹਿਰਾਉਂਦਿਆਂ ਸਮਾਜਵਾਦੀ ਪਾਰਟੀ ਦੇ ਆਗੂ ਮੁਹੰਮਦ ਆਜ਼ਮ ਖਾਨ ਨੇ ਕਿਹਾ ਕਿ ਇਲਾਕੇ ’ਚ ਸ਼ਾਂਤੀ ਬਰਕਰਾਰ ਰੱਖਣ ਲਈ ਅਜਿਹਾ ਕੀਤਾ ਗਿਆ। ਸ੍ਰੀ ਖਾਨ, ਜੋ ਰਾਜ ਦੇ ਸੰਸਦੀ ਮਾਮਲਿਆਂ ਦੇ ਮੰਤਰੀ ਵੀ ਹਨ, ਨੇ ਕਿਹਾ ਕਿ ਅਜਿਹੀਆਂ ਰਿਪੋਰਟਾਂ ਸਨ ਕਿ ਭਾਜਪਾ ਪ੍ਰਧਾਨ ਦੇ ਦੌਰੇ ਨਾਲ ਹਾਲਾਤ ਵਿਗੜ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਰੋਕ ਦਿੱਤਾ ਗਿਆ।
ਮੁਜ਼ੱਫਰਨਗਰ: ਮੁਜ਼ੱਫਰਨਗਰ ਤੇ ਉਸ ਦੇ ਨੇੜਲੇ ਇਲਾਕਿਆਂ ਵਿਚ ਦੰਗੇ ਭੜਕਣ ਸਬੰਧੀ ਪੁਲੀਸ ਨੇ ਖਾਪ ਕੌਂਸਲ ਦੇ ਮੁਖੀ ਤੇ ਉਸ ਦੇ ਦੋ ਪੁੱਤਰਾਂ ਸਣੇ 85 ਵਿਅਕਤੀਆਂ ਵਿਰੁੱਧ ਇਕ ਕੇਸ ਦਰਜ ਕੀਤਾ ਹੈ। ਇਹ ਕੇਸ ਕੁਝ ਪੀੜਤਾਂ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ। ਹਾਲੇ ਤਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ।
ਲਖਨਊ: ਮੁਜ਼ੱਫਰਨਗਰ ਦੰਗਿਆਂ ਸਬੰਧੀ ਗ੍ਰਿਫ਼ਤਾਰ ਕੀਤੇ ਗਏ ਭਾਜਪਾ ਵਿਧਾਇਕ ਸੰਗੀਤ ਸੋਮ ਦਾ ਓਰਾਈ ਜੇਲ੍ਹ ਦੇ ਜੇਲ੍ਹਰ ਨੇ ਸੁਆਗਤ ਕੀਤਾ ਤੇ ਜੇਲ੍ਹ ਦੇ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਸਲੂਟ ਮਾਰਿਆ। ਵਿਧਾਇਕ ਨੂੰ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜਿਆ ਹੈ। ਜਦੋਂ ਉਹ ਅੱਜ ਸਵੇਰੇ ਜੇਲ੍ਹ ਪੁੱਜਿਆ ਤਾਂ ਜੇਲ੍ਹਰ ਆਪਣੇ ਮੁਲਾਜ਼ਮਾਂ ਨਾਲ ਉਸ ਨੂੰ ‘ਜੀ ਆਇਆਂ’ ਕਹਿਣ ਲਈ ਗੇਟ ’ਤੇ ਪੁੱਜ ਗਿਆ ਤੇ ਮੁਲਾਜ਼ਮਾਂ ਨੇ ‘ਨਵੇਂ ਮਹਿਮਾਨ’ ਨੂੰ ਸਲੂਟ ਮਾਰ ਦਿੱਤੇ।

Facebook Comment
Project by : XtremeStudioz