Close
Menu

ਭਾਜਪਾ ਵੱਲੋਂ ਸੱਤ ‘ਆਪ’ ਵਿਧਾਇਕ ਖਰੀਦਣ ਦੀ ਕੋਸ਼ਿਸ਼: ਸਿਸੋਦੀਆ

-- 02 May,2019

ਨਵੀਂ ਦਿੱਲੀ, 2 ਮਈ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਕਿਹਾ ਕਿ ਭਾਜਪਾ ਆਪਣੀਆਂ ਪੁਰਾਣੀਆਂ ਹਰਕਤਾਂ ’ਤੇ ਉੱਤਰ ਆਈ ਹੈ। ਉਨ੍ਹਾਂ ਕਿਹਾ ਕਿ ਨਿਗਮ ਚੋਣਾਂ ਤੋਂ ਪਹਿਲਾਂ ਇਕ ਵਿਧਾਇਕ ਨੂੰ ਖਰੀਦਣ ਦੀ ਕੀਤੀ ਗਈ ਕੋਸ਼ਿਸ਼ ਵਾਂਗ ਹੀ ਹੁਣ ਫਿਰ ਲੋਕ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਦੇ 7 ਵਿਧਾਇਕਾਂ ਨੂੰ 10-10 ਕਰੋੜ ਰੁਪਏ ਦੇ ਕੇ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਹੈ।
ਦਿੱਲੀ ਦੇ ਉਪ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਜਮਹੂਰੀਅਤ ਨੂੰ ਕਮਜ਼ੋਰ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸ੍ਰੀ ਮੋਦੀ ਨੇ ਪਹਿਲਾਂ ਕਿਹਾ ਸੀ ਕਿ ਪੱਛਮੀ ਬੰਗਾਲ ਦੇ 40 ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਉਹ ਇਹ ਸ਼ਰੇਆਮ ਕਹਿੰਦੇ ਫਿਰਨ ਕਿ ਉਹ ਵਿਧਾਇਕਾਂ ਨੂੰ ਖਰੀਦਣ ਲਈ ਚਾਰਾ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਜਮਹੂਰੀਅਤ ਕਾਰਨ ਹੀ ਪ੍ਰਧਾਨ ਮੰਤਰੀ ਹਨ ਤੇ ਉਹ ਪੱਛਮੀ ਬੰਗਾਲ ਵਿੱਚ ਤੇ ਇੱਥੇ ਦਿੱਲੀ ਵਿੱਚ ਕਥਿਤ ਵਿਧਾਇਕ ਖਰੀਦਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਫ਼ਰਜ਼ੀ ਮੁੱਦੇ ਉਠਾ ਕੇ ਚੋਣਾਂ ਲੜਨ ਦੀ ਥਾਂ ਆਮ ਜਨਤਾ ਲਈ ਕੀਤੇ ਕੰਮਾਂ ਤੇ ਆਪਣੇ ਦਮ ’ਤੇ ਚੋਣਾਂ ਲੜਨ ਦਾ ਸਵਾਗਤ ਹੋਵੇਗਾ, ਪਰ ਜੇਕਰ ਉਹ ਵਿਧਾਇਕ ਖਰੀਦਣ ਦੀ ਕੋਸ਼ਿਸ਼ ਕਰਨਗੇ ਤਾਂ ਨਾ ਉਨ੍ਹਾਂ ਨੂੰ ਵਿਧਾਇਕ ਮਿਲਣਗੇ ਤੇ ਨਾ ਵੋਟਾਂ ਮਿਲਣਗੀਆਂ। ਸ੍ਰੀ ਸਿਸੋਦੀਆ ਨੇ ਕਿਹਾ ਕਿ ਭਾਜਪਾ ਨੇ ਨਿਗਮ ਚੋਣਾਂ ਤੋਂ ਪਹਿਲਾਂ ਵੀ ‘ਆਪ’ ਦੇ ਬਵਾਨਾ ਤੋਂ ਵਿਧਾਇਕ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਸੀ, ਪਰ ਮੂੰਹ ਦੀ ਖਾਣੀ ਪਈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਅਹਿਸਾਸ ਹੋ ਗਿਆ ਹੈ ਕਿ ਲੋਕ ਸਭਾ ਚੋਣਾਂ ਵਿੱਚ ਉਸਦੀ ਹਾਲਤ ਪਤਲੀ ਹੈ ਤੇ ਇਹੀ ਵਜ੍ਹਾ ਹੈ ਕਿ ਪਾਰਟੀ ਪੁਰਾਣੀਆਂ ਹਰਕਤਾਂ ’ਤੇ ਉਤਰ ਆਈ ਹੈ।
ਦਿੱਲੀ ਦੇ ਕਿਰਤ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਭਾਜਪਾ ਦੇ 7 ਸੰਸਦ ਮੈਂਬਰਾਂ ਨੇ ਦਿੱਲੀ ਲਈ ਕੋਈ ਕੰਮ ਨਹੀਂ ਕੀਤਾ ਤੇ ਇਸ ਲਈ ਖਰੀਦਦਾਰ ਲਿਆ ਕੇ ਵਿਧਾਇਕ ਖਰੀਦਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ 2013 ਦੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਦੇ 28 ਵਿਧਾਇਕ ਜਿੱਤੇ ਸਨ। ਉਸ ਮੌਕੇ ਵੀ ਭਾਜਪਾ ਨੇ ਉਨ੍ਹਾਂ ਨੂੰ ਖਰੀਦਣ ਦੀਆਂ ਕੋਸ਼ਿਸ਼ਾਂ ਨੂੰ ‘ਸਟਿੰਗ’ ਰਾਹੀਂ ਉਜਾਗਰ ਕੀਤਾ ਸੀ।

Facebook Comment
Project by : XtremeStudioz