Close
Menu

ਭਾਰਤੀ ਕੈਦੀਆਂ ਨੂੰ ਫਾਂਸੀ ਦੇ ਫੰਦੇ ਤੋਂ ਮੁਕਤ ਕਰਵਾਉਣ ਬਦਲੇ ਸਮਾਜ ਸੇਵੀ ਓਬਰਾਏ ਦਾ ਢੀਂਡਸਾ ਵਲੋਂ ਸਨਮਾਨ

-- 01 November,2013

Mr. Oberoi1ਚੰਡੀਗੜ੍ਹ,1 ਨਵੰਬਰ (ਦੇਸ ਪ੍ਰਦੇਸ ਟਾਈਮਜ਼)-  ਉਘੇ ਸਮਾਜ ਸੇਵੀ ਅਤੇ ਦੁਬਈ ਦੇ ਪ੍ਰਸਿੱਧ ਕਾਰੋਬਾਰੀ ਐਸ. ਪੀ ਸਿੰਘ ਓਬਰਾਏ ਨੂੰ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ਼੍ਰੀ ਚਰਨਜੀਤ ਸਿੰਘ ਅਟਵਾਲ ਵਲੋਂ ਅਸੰਬਲੀ ਇਜਲਾਸ ਵਿਚ ਪਹਿਲੀ ਵਾਰ ਆਉਣ ਤੇ ਸਵਾਗਤ ਕਰਦਿਆਂ ਉਨ੍ਹਾਂ ਵਲੋਂ ਜੇਲਾਂ ਵਿਚ ਬੰਦ ਨੌਜਵਾਨਾਂ ਨੂੰ ਫਾਂਸੀ ਦੇ ਫੰਦਿਆਂ ਤੋਂ ਬਚਾਉਣ ਅਤੇ ਲੋੜਵੰਦਾਂ ਲਈ ਕੀਤੇ ਜਾ ਰਹੇ ਨਿਸਵਾਰਥ ਕਾਰਜਾਂ ਬਦਲੇ ਸਦਨ ਨੂੰ ਜਾਣੂ ਕਰਵਾਇਆ ਗਿਆ ਜਿਸ ਤੇ ਸਮੂਹ ਮੈਂਬਰਾਂ ਨੇ ਮੇਜ ਥਪ-ਥਪਾਕੇ ਸਵਾਗਤ ਕੀਤਾ। ਵਿਧਾਨ ਸਭਾ ਦੇ ਅੰਦਰ ਕਿਸੇ ਸਮਾਜ ਸੇਵੀ ਦਾ ਅਜਿਹਾ ਵਿਸ਼ੇਸ਼ ਸਵਾਗਤ ਪਹਿਲੀ ਵਾਰ ਕੀਤਾ ਗਿਆ ਹੈ। ਇਸ ਉਪਰੰਤ ਵਿਧਾਨ ਸਭਾ ਦੇ ਅੰਦਰ ਸਪੀਕਰ ਦੇ ਚੈਂਬਰ ਵਿਚ ਪੰਜਾਬ ਸਰਕਾਰ ਦੀ ਤਰਫੋਂ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਅਤੇ  ਸਾਬਕਾ ਵਿਧਾਇਕ ਸ਼੍ਰੀ ਇਕਬਾਲਇੰਦਰ ਸਿੰਘ ਅਟਵਾਲ ਨੇ ਦੁਸ਼ਾਲਾ ਅਤੇ ਯਾਦਗਾਰੀ ਚਿੰਨ ਦੇ ਕੇ ਸ਼੍ਰੀ ਓਬਰਾਏ ਨੂੰ ਸਨਮਾਨਤ ਕੀਤਾ।
ਜਿਕਰਯੋਗ ਹੈ ਕਿ ਸ਼੍ਰੀ ਓਬਰਾਏ ਨੇ ਦੁਬਈ ਤੇ ਸ਼ਾਰਜਾਹ ਦੀਆਂ ਜੇਲ੍ਹਾਂ ਵਿਚ ਬੰਦ ਭਾਰਤੀਆਂ ਸਮੇਤ ਕੁਝ ਹੋਰ ਮੁਲਕਾਂ ਦੇ ਕੁਲ 54 ਨੌਜਵਾਨਾਂ ਦੇ ਮੁਕੱਦਮੇ ਖੁਦ ਲੜੇ ਅਤੇ ਜੇਲ੍ਹਾਂ ਅੰਦਰ ਉਨ੍ਹਾਂ ਨੂੰ ਆਪਣੇ ਪੱਲਿਓਂ ਰਸਦ-ਪਾਣੀ ਮੁਹੱਈਆ ਕਰਵਾਉਣ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰਾਂ ਦੀ ਮੱਦਦ ਵੀ ਕੀਤੀ। ਉਨ੍ਹਾਂ ਕਰੋੜਾਂ ਦੀ ‘ਬਲੱਡ ਮਨੀ’ ਦੇ ਕੇ ਇਨ੍ਹਾਂ ਨੌਜਵਾਨਾਂ ਵਿਚੋਂ ਕਰੀਬ ਦੋ ਦਰਜਨ ਕੈਦੀਆਂ ਨੂੰ ਫਾਂਸੀ ਦੇ ਫੰਦੇ ਤੋਂ ਮੁਕਤ ਵੀ ਕਰਵਾਇਆ। ਇਸ ਤੋਂ ਇਲਾਵਾ ਸਮਾਜ ਸੇਵੀ  ਸੰਸਥਾਵਾਂ ਦੀ ਆਰਥਿਕ ਮੱਦਦ ਤੋਂ ਇਲਾਵਾ ਉਹ ਪਟਿਆਲਾ ਵਿਖੇ ਮੰਦਬੁੱਧੀ ਬੱਚਿਆਂ ਲਈ ਮੁਫਤ ਸਕੂਲ ਤੇ ਹੋਸਟਲ ਵੀ ਚਲਾ ਰਹੇ ਹਨ। ਪੰਜਾਬ ਦੀਆਂ ਜੇਲ੍ਹਾਂ ਵਿਚ ਸ਼ੁੱਧ ਪੀਣ ਵਾਲੇ ਪਾਣੀ ਲਈ ਆਰ.ਓ. ਸਿਸਟਮ ਲਗਾਉਣ ਤੋਂ ਇਲਾਵਾ ਚਾਰ ਜੇਲ੍ਹਾਂ ਵਿਚ ਕੈਦ ਕੱਟ ਰਹੀਆਂ ਮਾਵਾਂ ਨਾਲ ਉਨ੍ਹਾਂ ਦੇ ਛੋਟੇ ਬੱਚਿਆਂ ਲਈ ਕਰੈਚ ਵੀ ਸੁਵਿਧਾ ਵੀ ਮੁਹੱਈਆ ਕਰਵਾਈ ਹੈ।

Facebook Comment
Project by : XtremeStudioz