Close
Menu

ਭਾਰਤੀ ਖਿਡਾਰੀ ਚੇਨਈ ਓਪਨ ਨਾਲ ਕਰਨਗੇ ਨਵੇਂ ਸਾਲ ਦੀ ਸ਼ੁਰੂਆਤ

-- 05 January,2015

ਚੇਨਈ, ਸੋਮਦੇਵ ਦੇਵਬਰਮਨ ਸਿਖਰਲੇ 100 ਖਿਡਾਰੀਆਂ ਵਿੱਚ ਵਾਪਸੀ ਦੀ ਆਪਣੀ ਮੁਹਿੰਮ ਦੀ ਸ਼ੁਰੂਆਤ ਕੱਲ੍ਹ ਤੋਂ ਇਥੇ ਸ਼ੁਰੂ ਹੋ ਰਹੇ 4.5 ਲੱਖ ਡਾਲਰ ਇਨਾਮੀ ਰਾਸ਼ੀ ਵਾਲੇ ਏ.ਟੀ.ਪੀ. ਚੇਨਈ ਓਪਨ ਟੈਨਿਸ ਟੂਰਨਾਮੈਂਟ ਤੋਂ ਕਰੇਗਾ, ਜਦਕਿ ਤਜਰਬੇਕਾਰ ਲਿਏਂਡਰ ਪੇਸ ਨੂੰ ਇਕ ਵਾਰ ਫਿਰ ਆਪਣੇ ਪੁਰਾਣੇ ਜੋੜੀਦਾਰ ਮਹੇਸ਼ ਭੂਪਤੀ ਨਾਲ ਦੋ-ਦੋ ਹੱਥ ਕਰਨੇ ਪੈ ਸਕਦੇ ਹਨ ਜੋ ਨੌਂ ਮਹੀਨਿਆਂ ਮਗਰੋਂ ਕੋਰਟ ‘ਤੇ ਵਾਪਸੀ ਕਰ ਰਿਹਾ ਹੈ।
ਸੋਮਦੇਵ, ਪੇਸ ਤੇ ਭੂਪਤੀ ਦੀ ਭਾਰਤੀ ਤਿੱਕੜੀ ਤੋਂ ਇਲਾਵਾ ਚੇਨਈ ਦੇ ਦਰਸ਼ਕਾਂ ਨੂੰ ਐਸ.ਡੀ.ਏ.ਟੀ. ਟੈਨਿਸ ਸਟੇਡੀਅਮ ਵਿੱਚ ਵਿਸ਼ਵ ਦੇ ਚੌਥੇ ਨੰਬਰ ਦੇ ਖਿਡਾਰੀ ਤੇ ਸਾਬਕਾ ਚੈਂਪੀਅਨ ਸਟੇਨਿਸਲਾਸ ਵਾਵਰਿੰਕਾ ਨੂੰ ਖੇਡਦੇ ਹੋਏ ਦੇਖਣ ਦਾ ਮੌਕਾ ਵੀ ਮਿਲੇਗਾ। ਸਵਿਟਜ਼ਰਲੈਂਡ ਦਾ ਵਾਵਰਿੰਕਾ ਇਥੇ ਸੱਤਵੀਂ ਵਾਰ ਖੇਡ ਰਿਹਾ ਹੈ ਤੇ ਉਸ ਨੂੰ ਖਿਤਾਬ ਦਾ ਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਸਿੰਗਲਜ਼ ਵਿੱਚ ਭਾਰਤ ਨੂੰ ਸਭ ਤੋਂ ਵੱਧ ਉਮੀਦਾਂ 138ਵੇਂ ਨੰਬਰ ਦੇ ਖਿਡਾਰੀ ਸੋਮਦੇਵ ਤੋਂ ਹੈ ਜਿਸ ਨੂੰ ਟੂਰਨਾਮੈਂਟ ਦੇ ਪਹਿਲੇ ਦੌਰ ਵਿੱਚ ਵਿਸ਼ਵ ਦੇ 38ਵੇਂ ਨੰਬਰ ਦੇ ਖਿਡਾਰੀ ਐਨ ਸੁਨ ਲੂ ਵੱਲੋਂ ਚੁਣੌਤੀ ਮਿਲ ਸਕਦੀ ਹੈ। ਵਾਈਲਡ ਕਾਰਡ ਧਾਰਕ 241ਵੇਂ ਨੰਬਰ ਦੇ ਕੇ. ਰਾਮ ਕੁਮਾਰ ਰਾਮਨਾਥਨ ਪਹਿਲੇ ਦੌਰ ਵਿੱਚ ਦਰਜਾਬੰਦੀ ਵਿੱਚ 93ਵੇਂ ਸਥਾਨ ‘ਤੇ ਜਪਾਨ ਦੇ ਤਤਸੁਨਾ ਇਟੋ ਨਾਲ ਭਿੜੇਗਾ। ਇਨ੍ਹਾਂ ਤੋਂ ਇਲਾਵਾ ਸਿੰਗਲਜ਼ ਵਿੱਚ ਸਪੇਨ ਦਾ ਨੰਬਰ ਦੋ ਖਿਡਾਰੀ ਫੇਲਸਿਆਨੋ ਲੋਪੇਜ ਤੇ ਉਸ ਦਾ ਹਮਵਤਨ ਰੋਬਰਟੋ ਬਾਤਿਸਤਾ ਆਗੁਤ ਤੇ ਚੌਥਾ ਦਰਜਾ ਪ੍ਰਾਪਤ ਬੈਲਜੀਅਮ ਦੇ ਡੇਵਿਡ ਗੋਫਿਨ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਣਗੀਆਂ।

Facebook Comment
Project by : XtremeStudioz