Close
Menu

ਭਾਰਤੀ ਗੇਂਦਬਾਜ਼ਾਂ ਨੇ ਆਸਟਰੇਲੀਆ ਨੂੰ ਦਿੱਤੀ ਸਖ਼ਤ ਚੁਣੌਤੀ

-- 27 December,2014

ਮੈਲਬਰਨ,ਭਾਰਤ ਤੇ ਆਸਟਰੇਲੀਆ ਵਿਚਕਾਰ ਖੇਡੇ ਜਾ ਰਹੇ ਤੀਜੇ ਟੈਸਟ ਮੈਚ ਦੇ ਪਹਿਲੇ ਦਿਨ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਆਸਟਰੇਲੀਆ ਨੂੰ ਪੰਜ ਵਿਕਟਾਂ ਪਿੱਛੇ 259 ਦੌੜਾਂ ‘ਤੇ ਰੋਕਣ ਵਿੱਚ ਸਫਲਤਾ ਹਾਸਲ ਕਰ ਲਈ।
ਟਾਸ ਜਿੱਤ ਕੇ ਕਪਤਾਨ ਸਟੀਵਨ ਸਮਿੱਥ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਤੇ ਫਿਰ ਆਪਣੀਆਂ ਬੱਲੇਬਾਜ਼ੀ ਯੁਗਤਾਂ ਦੇ ਨਾਲ ਪ੍ਰੇਸ਼ਾਨ ਕਰਨਾ ਸ਼ੁਰੂ ਕੀਤਾ। ਉਤਰਾਅ-ਚੜ੍ਹਾਅ ਭਰੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਸਮੇਂ ਤੱਕ ਸਮਿੱਥ 72 ਦੌੜਾਂ ਉੱਤੇ ਖੇਡ ਰਿਹਾ ਸੀ।
ਆਸਟਰੇਲੀਆ ਨੇ ਡੇਵਿਡ ਵਾਰਨਰ (0) ਦਾ ਵਿਕਟ ਜਲਦੀ ਗਵਾ ਦਿੱਤਾ ਪਰ ਕ੍ਰਿਸ ਰੋਜਰਜ਼ (57) ਤੇ ਸ਼ੇਨ ਵਾਟਸਨ (52) ਨੇ ਦੂਜੀ ਵਿਕਟ ਲਈ 115 ਦੌੜਾਂ ਜੋੜ ਕੇ ਉਸ ਨੂੰ ਸ਼ੁਰੂਆਤੀ ਝਟਕੇ ਵਿੱਚੋਂ ਉਭਾਰਿਆ। ਇਸ ਤੋਂ ਬਾਅਦ ਮੇਜ਼ਬਾਨ ਟੀਮ ਨੇ ਤਿੰਨ ਵਿਕਟਾਂ ਜਲਦੀ-ਜਲਦੀ ਗਵਾ ਕੇ ਭਾਰਤ ਨੂੰ ਵਾਪਸੀ ਦਾ ਮੌਕਾ ਦਿੱਤਾ। ਇਕ ਸਮੇਂ ਆਸਟਰੇਲੀਆ ਦਾ ਸਕੋਰ ਚਾਰ ਵਿਕਟਾਂ ਪਿੱਛੇ 184 ਦੌੜਾਂ ਸੀ ਪਰ ਉਸ ਨੇ ਆਪਣੇ ਕਪਤਾਨ ਦੀ ਸ਼ਾਨਦਾਰ ਪਾਰੀ ਤੇ ਬਰੈਡ ਹੇਡਿਨ ਨਾਬਾਦ (23) ਦੇ ਯਤਨਾਂ ਦੇ ਪਹਿਲੇ ਦਿਨ ਪੂਰੀ ਤਰ੍ਹਾਂ ਭਾਰਤ ਦਾ ਦਬਦਬਾ ਨਾ ਬਣਨ ਦਿੱਤਾ।
ਅੱਜ ਭਾਰਤੀ ਗੇਂਦਬਾਜ਼ਾਂ ਨੇ ਪਿਛਲੇ ਮੈਚਾਂ ਦੇ ਮੁਕਾਬਲੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਤੇ ਮੁਹੰਮਦ ਸ਼ਾਮੀ ਨੇ ਚੰਗੀ ਲਾਈਨ ਤੇ ਲੈਂਥ ਨਾਲ ਗੇਂਦਬਾਜ਼ੀ ਕੀਤੀ ਤੇ ਦੋ-ਦੋ ਵਿਕਟਾਂ ਲਈਆਂ। ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਨੇ ਵੀ ਪ੍ਰਭਾਵਸ਼ਾਲੀ ਗੇਂਦਬਾਜ਼ੀ ਕਰਕੇ ਇਕ ਵਿਕਟ ਹਾਸਲ ਕੀਤਾ। ਗੇਂਦਬਾਜ਼ੀ ਦੀ ਸ਼ੁਰੂਆਤ ਕਰਨ ਵਾਲੇ ਈਸ਼ਾਂਤ ਸ਼ਰਮਾ ਨੇ ਵੀ ਚੰਗੀ ਗੇਂਦਬਾਜ਼ੀ ਕੀਤੀ ਪਰ ਉਹ ਵਿਕਟ ਨਾ ਲੈ ਸਕਿਆ। ਮੈਚ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਆਸਟਰੇਲੀਆ ਬੈਕ ਫੁੱਟ ਉੱਤੇ ਚਲਾ ਗਿਆ ਕਿਉਂਕਿ ਯਾਦਵ ਨੇ ਆਪਣੇ ਪਹਿਲੇ ਤੇ ਪਾਰੀ ਦੇ ਦੂਜੇ ਓਵਰ ਵਿੱਚ ਹੀ ਵਾਰਨਰ ਨੂੰ ਆਊਟ ਕਰ ਦਿੱਤਾ। ਭਾਰਤੀ ਖਿਡਾਰੀ ਹਾਲਾਂਕਿ ਇਸ ਦਾ ਫਾਇਦਾ ਨਹੀਂ ਉਠਾ ਸਕੇ। ਸਲਿਪ ਵਿੱਚ ਵਾਰਨਰ ਦਾ ਨੀਚੇ ਰਹਿੰਦਾ ਹੋਇਆ ਕੈਚ ਲੈਣ ਵਾਲੇ ਸ਼ਿਖਰ ਧਵਨ ਨੇ ਬਾਅਦ ਵਿੱਚ ਲੰਚ ਤੋਂ ਪਹਿਲਾਂ ਵਾਟਸਨ ਦਾ ਆਸਾਨ ਕੈਚ ਲਿਆ। ਵਾਟਸਨ ਉਦੋਂ 37 ਦੌੜਾਂ ਉੱਤੇ ਖੇਡ ਰਿਹਾ ਸੀ। ਆਸਟਰੇਲੀਆ ਨੇ ਪਹਿਲੇ ਸੈਸ਼ਨ ਵਿੱਚ ਇਕ ਵਿਕਟ ਉੱਤੇ 92 ਦੌੜਾਂ ਬਣਾਈਆਂ।

ਭਾਰਤ ਨੇ ਪਹਿਲੇ ਸੈਸ਼ਨ ਵਿੱਚ ਲੜੀ ਦੀ ਹੁਣ ਤੱਕ ਦੀ ਸਭ ਤੋਂ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਆਸਟਰੇਲੀਆ ਨੂੰ ਆਸ ਦੇ ਅਨੁਸਾਰ ਦੌੜਾਂ ਨਹੀਂ ਬਣਾਉਣ ਦਿੱਤੀਆਂ। ਲੰਚ ਦੇ ਤੁਰੰਤ ਬਾਅਦ ਰੋਜਰਜ਼ ਦੇ ਆਊੂਟ ਹੋਣ ਤੋਂ ਬਾਅਦ ਕਰੀਜ਼ ਉੱਤੇ ਉਤਰੇ ਸਮਿੱਥ ਨੇ ਇਕ ਸਿਰਾ ਸੰਭਾਲ ਲਿਆ। 25 ਸਾਲਾ ਆਸਟਰੇਲਿਆਈ ਕਪਤਾਨ ਸ਼ਾਨਦਾਰ ਫਾਰਮ ਵਿੱਚ ਹੈ। ਉਸ ਨੇ ਪਹਿਲੇ ਦੋ ਮੈਚਾਂ ਵਿੱਚ ਦੋ ਸੈਂਕੜਿਆਂ ਤੇ ਇਕ ਅਰਧ ਸੈਂਕੜੇ ਦੀ ਮਦਦ ਨਾਲ 375 ਦੌੜਾਂ ਬਣਾਈਆਂ ਹਨ। ਸਮਿੱਥ ਨੇ ਚਾਹ ਦੇ ਵਿਸ਼ਰਾਮ ਤੋਂ ਬਾਅਦ ਵੀ ਦੌੜਾਂ ਬਣਾਉਣੀਆਂ ਜਾਰੀ ਰੱਖੀਆਂ। ਸ਼ਾਨ ਮਾਰਸ਼ (32) ਨੇ ਉਸ ਦਾ ਚੰਗਾ ਸਾਥ ਦਿੱਤਾ ਤੇ ਜਾਪਦਾ ਸੀ ਕਿ ਆਸਟਰੇਲੀਆ ਖੇਡ ਦੇ ਆਖਰੀ ਸੈਸ਼ਨ ਵਿੱਚ ਦਬਦਬਾ ਬਣਾ ਲਵੇਗਾ ਪਰ ਭਾਰਤੀਆਂ ਨੇ ਵੀ ਚੰਗੀ ਖੇਡ ਦਿਖਾਉਣੀ ਜਾਰੀ ਰੱਖੀ ਤੇ ਆਖਰੀ ਸੈਸ਼ਨ ਦੇ ਸ਼ੁਰੂ ਵਿੱਚ ਹੀ ਮਾਰਸ਼ ਨੂੰ ਆਊੂੂਟ ਕਰ ਦਿੱਤਾ। ਸ਼ਾਮੀ ਨੇ ਉਸ ਦੀ ਵਿਕਟ ਲਈ। ਆਪਣਾ ਪਹਿਲਾ ਟੈਸਟ ਖੇਡ ਰਹੇ ਜੋ ਬਰਨਸ (13) ਨੇ ਦਰਸ਼ਕਾਂ ਦੇ ਭਾਰੀ ਉਤਸ਼ਾਹ ਦੌਰਾਨ ਕਰੀਜ਼ ‘ਤੇ ਪੈਰ ਧਰਿਆ ਪਰ ਯਾਦਵ ਨੇ ਉਸ ਨੂੰ ਵਿਕਟ ਦੇ ਪਿੱਛੇ ਕੈਚ ਕਰਾ ਦਿੱਤਾ। ਇਸ ਦੌਰਾਨ ਸਮਿੱਥ (71) ਨੇ ਆਪਣਾ ਦਸਵਾਂ ਅਰਧ-ਸੈਂਕੜਾ ਪੂਰਾ ਕੀਤਾ। ਉਸ ਨੇ 96 ਗੇਂਦਾਂ ਖੇਡਦਿਆਂ ਚਾਰ ਚੌਕੇ ਤੇ ਇਕ ਛੱਕਾ ਜੜਿਆ। ਉਸ ਨੇ ਇਕ ਕੈਲੰਡਰ ਸਾਲ ਵਿੱਚ ਆਪਣੀਆਂ ਹਜ਼ਾਰ ਦੌੜਾਂ ਵੀ ਪੂਰੀਆਂ ਕਰ ਲਈਆਂ।
ਆਸਟਰੇਲੀਆ ਨੇ ਅੱਜ ਆਪਣੀ ਟੀਮ ਵਿੱਚ ਦੋ ਬਦਲਾਅ ਕੀਤੇ। ਉਸ ਨੇ ਮਿਸ਼ੇਲ ਸਟਾਰਕ ਦੀ ਥਾਂ ਰਿਆਨ ਹੈਰਿਸ ਤੇ ਮਿਸ਼ੇਲ ਮਾਰਸ਼ ਦੀ ਥਾਂ ਜੋ ਬਰਨਸ ਨੂੰ ਟੀਮ ਵਿੱਚ ਲਿਆ। ਭਾਰਤ ਨੇ ਵੀ ਵਰੁਣ ਅਰੋਨ ਦੀ ਥਾਂ ਸ਼ਮੀ ਨੂੰ ਲਿਆ ਤੇ ਰੋਹਿਤ ਸ਼ਰਮਾ ਦੀ ਥਾਂ ਲੋਕੇਸ਼ ਰਾਹੁਲ ਨੂੰ ਟੈਸਟ ਵਿੱਚ ਸ਼ੁਰੂਆਤ ਕਰਨ ਦਾ ਮੌਕਾ ਦਿੱਤਾ।

Facebook Comment
Project by : XtremeStudioz