Close
Menu

ਭਾਰਤੀ ਜਨਤਾ ਪਾਰਟੀ ਨੇ ਮੈਨੂੰ ਨੀਵਾਂ ਦਿਖਾਇਆ: ਕਵਿਤਾ ਖੰਨਾ

-- 29 April,2019

ਨਵੀਂ ਦਿੱਲੀ, 28 ਅਪਰੈਲ
ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਟਿਕਟ ਅਦਾਕਾਰ ਸੰਨੀ ਦਿਓਲ ਨੂੰ ਮਿਲਣ ਤੋਂ ਭਾਵੇਂ ਮਰਹੂਮ ਅਭਿਨੇਤਾ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਨਿਰਾਸ਼ਾ ਪ੍ਰਗਟਾਈ ਪਰ ਉਹ ਫਿਰ ਵੀ ਉਹ ਨਰਿੰਦਰ ਮੋਦੀ ਦੇ ਹੱਕ ਵਿੱਚ ਇਹ ਕਹਿੰਦਿਆਂ ਭੁਗਤੇ ਕਿ ਉਹ ਪਾਰਟੀ ਦੇ ਫ਼ੈਸਲੇ ਨਾਲ ਹਨ। ਉਹ ਇੱਥੇ ਪ੍ਰੈੱਸ ਕਲੱਬ ਆਫ ਇੰਡੀਆ ’ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਚਾਰ ਵਾਰ ਗੁਰਦਾਸਪੁਰ ਤੋਂ ਸੰਸਦ ਮੈਂਬਰ ਰਹੇ ਵਿਨੋਦ ਖੰਨਾ ਦੀ ਦੂਜੀ ਬਰਸੀ ਮੌਕੇ ਭਰੀਆਂ ਅੱਖਾਂ ਨਾਲ ਕਵਿਤਾ ਖੰਨਾ ਨੇ ਕਿਹਾ ਕਿ ਭਾਜਪਾ ਨੇ ਉਨ੍ਹਾਂ ਨੂੰ ਨੀਵਾਂ ਦਿਖਾਇਆ ਹੈ। ਉਨ੍ਹਾਂ ਕਿਹਾ, ‘ਮੈਨੂੰ ਜਾਪਦਾ ਹੈ ਕਿ ਮੇਰੇ ਨਾਲ ਧੋਖਾ ਹੋਇਆ ਹੈ। ਜੋ ਲੋਕ ਮੈਨੂੰ ਗੁਰਦਾਸਪੁਰ ਤੋਂ ਸੰਸਦ ਮੈਂਬਰ ਦੇਖਣਾ ਚਾਹੁੰਦੇ ਸਨ ਉਨ੍ਹਾਂ ਲੋਕਾਂ ਦੀਆਂ ਇੱਛਾਵਾਂ ਦੀ ਅਣਦੇਖੀ ਕੀਤੀ ਗਈ ਹੈ।
ਸ੍ਰੀਮਤੀ ਖੰਨਾ ਨੇ ਕਿਹਾ ਉਹ ਕਿਸੇ ਹੋਰ ਪਾਰਟੀ ਦੀ ਟਿਕਟ ਤੋਂ ਚੋਣ ਨਹੀਂ ਲੜਨਗੇ ਤੇ ਦਾਅਵਾ ਕੀਤਾ ਕਿ ਕਈ ਪਾਰਟੀਆਂ ਨੇ ਉਨ੍ਹਾਂ ਤੱਕ ਪਹੁੰਚ ਕੀਤੀ ਪਰ ਉਨ੍ਹਾਂ ਕੋਈ ਦਿਲਚਸਪੀ ਨਹੀਂ ਦਿਖਾਈ। ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਲਈ ਚੋਣ ਪ੍ਰਚਾਰ ਕਰਨ ਬਾਰੇ ਉਨ੍ਹਾਂ ਕਿਹਾ ਕਿ ਕਿਸੇ ਨੇ ਇਸ ਲਈ ਪਹੁੰਚ ਨਹੀਂ ਕੀਤੀ ਹੈ।
ਕਵਿਤਾ ਖੰਨਾ ਨੇ ਸ੍ਰੀ ਮੋਦੀ ਨੂੰ ਹਮਾਇਤ ਜਾਰੀ ਰੱਖਣ ਦਾ ਵਾਅਦਾ ਕਰਦਿਆਂ ਕਿਹਾ ਕਿ ਉਨ੍ਹਾਂ ਬਹੁਤ ਦੁਖ ਹੋਇਆ ਪਰ ਉਹ ਸਮਝਦੇ ਹਨ ਕਿ ਪਾਰਟੀ ਕੋਲ ਟਿਕਟ ਵੰਡਣ ਬਾਰੇ ਫ਼ੈਸਲਾ ਕਰਨ ਦਾ ਅਧਿਕਾਰ ਹੈ ਪਰ ਅਜਿਹਾ ਕਰਨ ਦਾ ਵੀ ਤਰੀਕਾ ਹੋਣਾ ਚਾਹੀਦਾ ਹੈ। ਉਨ੍ਹਾਂ ਭਾਜਪਾ ਹਾਈ ਕਮਾਨ ਨਾਲ ਨਾਰਾਜ਼ਗੀ ਪ੍ਰਗਟਾਈ ਕਿ ਪਾਰਟੀ ਨੇ ਉਨ੍ਹਾਂ ਨੂੰ ਇਕੱਲੇ ਛੱਡ ਦਿੱਤਾ ਤੇ ਨਕਾਰ ਦੇਣ ਵਰਗਾ ਅਹਿਸਾਸ ਕਰਵਾਇਆ ਗਿਆ।
ਉਨ੍ਹਾਂ ਕਿਹਾ ਕਿ ਉਹ ਆਪਣੀ ਨਾਰਾਜ਼ਗੀ ਜਾਹਰ ਨਹੀਂ ਕਰਨਗੇ। ਉਨ੍ਹਾਂ ਕਿਹਾ, ‘ਇਹ ਮੇਰਾ ਫ਼ੈਸਲਾ ਹੈ ਕਿ ਇਸ ’ਤੇ ਕੋਈ ਨਿਜੀ ਟਿੱਪਣੀ ਨਹੀਂ ਕਰਾਂਗੀ, ਮੈਂ ਆਪਣੀ ਪੂਰੀ ਤਾਕਤ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਹਮਾਇਤ ਕਰਾਂਗੀ।’ ਉਨ੍ਹਾਂ ਮੁਤਾਬਕ ਉਨ੍ਹਾਂ ਆਪਣੇ ਪਤੀ ਵਿਨੋਦ ਖੰਨਾ ਦੀ ਮੌਤ ਤੋਂ ਪਹਿਲਾਂ ਤੇ ਬਾਅਦ ਵਿੱਚ ਕਈ ਸਾਲਾਂ ਤੱਕ ਗੁਰਦਾਸਪੁਰ ’ਚ ਕੰਮ ਕੀਤਾ ਸੀ। ਉਨ੍ਹਾਂ ਕਿਹਾ ਕਿ ਇਹ ਟਿਕਟ ਕੋਈ ਨਿੱਜੀ ਮਾਮਲਾ ਨਹੀਂ ਹੈ ਬਲਕਿ ਖੇਤਰ ਦੇ ਲੋਕਾਂ ਦੀ ਤਰੱਕੀ ਨਾਲ ਜੁੜਿਆ ਮੁੱਦਾ ਸੀ। ਜ਼ਿਕਰਯੋਗ ਹੈ ਕਿ ਗੁਰਦਾਸਪੁਰ ਤੋਂ ਸ੍ਰੀ ਖੰਨਾ 1998 ਤੋਂ 2014 ਤੱਕ ਸੰਸਦ ਮੈਂਬਰ ਰਹੇ ਸਨ ਪਰ ਉਨ੍ਹਾਂ ਦੀ ਮੌਤ ਮਗਰੋਂ ਕਾਂਗਰਸ ਦੇ ਸੁਨੀਲ ਜਾਖੜ ਜ਼ਿਮਨੀ ਚੋਣ ਜਿੱਤ ਗਏ ਸਨ ਤੇ ਭਾਜਪਾ ਦੇ ਸਵਰਨ ਸਲਾਰੀਆ ਹਾਰ ਗਏ ਸਨ।

Facebook Comment
Project by : XtremeStudioz