Close
Menu

ਭਾਰਤੀ ਜਲ ਸਪਤਾਹ: ਸੰਤ ਸੀਚੇਵਾਲ ਦੀ ਆਦਰਸ਼ ਵਜੋਂ ਚੋਣ

-- 26 December,2014

santਜਲੰਧਰ, ਕੇਂਦਰੀ ਜਲ ਮੰਤਰਾਲੇ ਵੱਲੋਂ 13 ਤੋਂ 17 ਜਨਵਰੀ 2015 ਤਕ ਮਨਾਏ ਜਾਣ ਵਾਲੇ ‘ਭਾਰਤ ਜਲ ਹਫ਼ਤਾ’ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਸਮੇਤ ਚਾਰ ਵਿਅਕਤੀਆਂ ਨੂੰ ਆਦਰਸ਼ ਮੰਨਿਆ ਗਿਆ ਹੈ। ਦੇਸ਼ ਲਈ ਆਦਰਸ਼ ਮੰਨੀਆਂ ਗਈਆਂ ਇਨ੍ਹਾਂ ਸ਼ਖ਼ਸੀਅਤਾਂ ਨੇ ਪਾਣੀ ਦੇ ਕੁਦਰਤੀ ਸੋਮਿਆਂ ਨੂੰ ਸੰਭਾਲਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ।
ਜਲ ਮੰਤਰਾਲੇ ਦੀ ਮੰਤਰੀ ਉਮਾ ਭਾਰਤੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ‘ਭਾਰਤ ਜਲ ਹਫ਼ਤਾ’ ਮਨਾਉਣ ਸਬੰਧੀ ਕੀਤੇ ਜਾਣ ਵਾਲੇ ਪ੍ਰੋਗਰਾਮ ਬਾਰੇ ਚਰਚਾ ਕੀਤੀ ਗਈ। ਮੀਟਿੰਗ ਵਿੱਚ ਪਾਣੀ ਦੇ ਕੁਦਰਤੀ ਸੋਮਿਆਂ ਨੂੰ ਬਚਾਉਣ ਦਾ ਕੰਮ ਕਰਨ ਵਾਲੇ ਸਮਾਜ ਸੇਵੀਆਂ ਨੂੰ ਰੋਲ ਮਾਡਲ ਵਜੋਂ ਦੇਸ਼ ਸਾਹਮਣੇ ਰੱਖਣ ਦਾ ਫ਼ੈਸਲਾ ਕੀਤਾ ਗਿਆ। ਇਸ ਲਈ ਪੰਜਾਬ ਤੋਂ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਨੂੰ ਪ੍ਰਦੂਸ਼ਣ-ਮੁਕਤ ਕਰਵਾਉਣ ਦਾ ਬੀੜਾ ਚੁੱਕਣ ਵਾਲੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਸਮੇਤ ਚਾਰ ਸ਼ਖ਼ਸੀਅਤਾਂ ਦੀ ਚੋਣ ਕੀਤੀ ਗਈ ਹੈ। ਇਸ ਤੋਂ ਇਲਾਵਾ ਹਿਮਾਲਿਆ ਵਿੱਚ 40 ਸਾਲ ਤਕ ਪਾਣੀ ਨੂੰ ਸੰਭਾਲਣ ਦਾ ਕੰਮ ਕਰਨ ਵਾਲੇ ਜਗਤ ਸਿੰਘ ਜੰਗਲੀ, ਗੁਜਰਾਤ ਤੋਂ ਰਾਜ ਸਭਾ ਦੇ ਮੈਂਬਰ ਦਲੀਪ ਪਾਂਡੀਆ ਤੇ ਰਾਜਸਥਾਨ ਤੋਂ ਮਨਸੁਖ ਭਾਈ ਦੀ ਚੋਣ ਕੀਤੀ ਗਈ ਹੈ ਜਿਨ੍ਹਾਂ ਰਾਜਸਥਾਨ ਦੀ ਇੱਕ ਸੁੱਕੀ ਨਦੀ ਨੂੰ ਜ਼ਿੰਦਾ ਕੀਤਾ ਹੈ। ਇਸੇ ਤਰ੍ਹਾਂ ਉੱਤਰੀ- ਪੂਰਬੀ ਸੂਬਿਆਂ ਤੋਂ ਪਾਣੀ ਬਚਾਉਣ ਦਾ ਕੰਮ ਕਰਨ ਵਾਲੀਆਂ ਸਮਾਜਸੇਵੀ ਜਥੇਬੰਦੀਆਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ।
ਮੀਟਿੰਗ ਵਿੱਚ ਹਾਜ਼ਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੁਝਾਅ ਰੱਖਦਿਆਂ ਕਿਹਾ ਕਿ ਦੇਸ਼ ਦੀਆਂ ਨਦੀਆਂ ਤੇ ਦਰਿਆਵਾਂ ਨੂੰ ਲੋਕਾਂ ਦੀ ਸ਼ਮੂਲੀਅਤ ਬਿਨਾਂ ਸਾਫ਼ ਨਹੀਂ ਰੱਖਿਆ ਜਾ ਸਕਦਾ। ਉਨ੍ਹਾਂ ਸੁਝਾਅ ਦਿੱਤਾ ਕਿ ਗੰਗਾ ਨੂੰ ਦੇਸ਼ ਦੀ ਨਦੀ ਮੰਨਿਆ ਜਾਵੇ, ਨਾ ਕਿ ਕਿਸੇ ਇੱਕ ਫਿਰਕੇ ਦੀ। ਉਨ੍ਹਾਂ ਹਵਾਲੇ ਦਿੰਦਿਆਂ ਕਿਹਾ ਕਿ ਗੰਗਾ ਨਦੀ ਨਾਲ ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਤੇਗ ਬਹਾਦਰ ਜੀ ਤੇ ਗੁਰੂ ਗੋਬਿੰਦ ਸਿੰਘ ਦਾ ਵੀ ਨਾਤਾ ਜੁੜਿਆ ਹੋਇਆ ਹੈ। ਕੇਂਦਰ ਸਰਕਾਰ ਵੱਲੋਂ ਐਲਾਨੇ ਪ੍ਰਾਜੈਕਟਾਂ ਨੂੰ ਮੁਕੰਮਲ ਕਰਨ ਲਈ ਉਪਰਲੇ ਪੱਧਰ ’ਤੇ ਹੁੰਦੀਆਂ ਮੀਟਿੰਗਾਂ ਵਿੱਚ ਹੋਏ ਫ਼ੈਸਲਿਆਂ ਨੂੰ ਸਿੱਧੇ ਤੌਰ ’ਤੇ ਡਿਪਟੀ ਕਮਿਸ਼ਨਰ ਤੇ ਬਲਾਕ ਪੱਧਰ ’ਤੇ ਬੀਡੀਪੀਓ ਤਕ ਜਲਦੀ ਪਹੁੰਚਾਉਣਾ ਚਾਹੀਦਾ ਹੈ ਤਾਂ ਜੋ ਧਰਾਤਲ ਪੱਧਰ ’ਤੇ ਕਾਰਜ ਮੁਕੰਮਲ ਹੋ ਸਕਣ।
ਮੀਟਿੰਗ ਵਿੱਚ ਦੇਸ਼ ਦੇ 672 ਜ਼ਿਲ੍ਹਿਆਂ ’ਚੋਂ ਜਲ ਗ੍ਰਾਮ ਦੀ ਚੋਣ ਕਰਨ ਤੇ ਪਾਣੀ ਨੂੰ ਸੰਭਾਲਣ ਵਾਲੇ ਪਿੰਡਾਂ ਨੂੰ ਐਵਾਰਡ ਦੇਣ ਦਾ ਫ਼ੈਸਲਾ ਵੀ ਕੀਤਾ ਗਿਆ। ਇਸ ਮੌਕੇ ਰਾਜ ਮੰਤਰੀ ਸਨਵਰ ਲਾਲ ਜਾਟ, ਗੁਜਰਾਤ ਸਰਕਾਰ ਦੇ ਸਲਾਹਕਾਰ ਬੀ.ਐਨ. ਨਵਾਲਾਵਾਲਾ, ਕਮਿਸ਼ਨਰ ਸਟੇਟ ਪ੍ਰਾਜੈਕਟ ਪਰਦੀਪ ਕੁਮਾਰ, ਡਾਇਰੈਕਟਰ ਨੈਸ਼ਨਲ ਵਾਟਰ ਡਿਵੈਲਪਮੈਂਟ ਅਥਾਰਟੀ ਐਸ.ਐਮ. ਹੁਸੈਨ, ਚੇਅਰਮੈਨ ਸੀ.ਡਬਲਿਊ.ਸੀ. ਏ.ਬੀ. ਪਾਂਡਿਆ, ਜੇ.ਐਸ. ਅਮੀਤਾ ਪ੍ਰਸਾਦ, ਅਮਰਜੀਤ ਸਿੰਘ, ਡਾਇਰੈਕਟਰ ਰਾਖੀ ਗੁਪਤਾ ਭੰਡਾਰੀ, ਪ੍ਰਸਾਦ ਜੀ, ਏ.ਕੇ. ਖਾਰਿਆ, ਗੁਰਵਿੰਦਰ ਸਿੰਘ ਬੋਪਾਰਾਏ ਤੇ ਕੁਲਵਿੰਦਰ ਸਿੰਘ ਪਵਾਰ ਹਾਜ਼ਰ ਸਨ।

Facebook Comment
Project by : XtremeStudioz