Close
Menu

ਭਾਰਤੀ ਜੇਲ੍ਹਾਂ ‘ਚ ਬੰਦ ਰਾਜਸੀ ਸਿੱਖ ਕੈਦੀਆਂ ਦੀ ਰਿਹਾਈ ਨੂੰ ਲੈ ਕੇ ਬਰਤਾਨੀਆ ਦੀ ਸੰਸਦ ਸਾਹਮਣੇ ਸਿੱਖਾਂ ਵੱਲੋਂ ਰੋਸ ਪ੍ਰਦਰਸ਼ਨ

-- 17 July,2015

ਲੰਡਨ, ਭਾਰਤ ਦੀਆਂ ਜੇਲ੍ਹਾਂ ‘ਚ ਬੰਦ ਰਾਜਸੀ ਸਿੱਖ ਕੈਦੀਆਂ ਦੀ ਰਿਹਾਈ ਨੂੰ ਲੈ ਕੇ ਬਰਤਾਨੀਆ ਦੀ ਸੰਸਦ ਸਾਹਮਣੇ ਜਿੱਥੇ ਇੰਗਲੈਂਡ ਭਰ ‘ਚੋਂ ਆਏ ਸਿੱਖਾਂ ਨੇ ਭਾਰੀ ਰੋਸ ਮੁਜ਼ਾਹਰਾ ਕੀਤਾ ਉੱਥੇ ਹੀ ਪ੍ਰਧਾਨ ਮੰਤਰੀ ਦੇ ਪ੍ਰਸ਼ਨ ਕਾਲ ਮੌਕੇ ਆਪਣੀ ਆਵਾਜ਼ ਬੁਲੰਦ ਕਰਨ ਅਤੇ ਰੋਸ ਪ੍ਰਦਰਸ਼ਨ ਕਰਨ ਲਈ ਵੱਡੀ ਗਿਣਤੀ ਵਿਚ ਸਿੱਖ ਸੰਸਦ ਦੀ ਪਬਲਿਕ ਗੈਲਰੀ ਵਿਚ ਵੀ ਦਾਖ਼ਲ ਹੋਏ ਹਨ | ਇਸ ਮੌਕੇ ਸਿੱਖਾਂ ਵੱਲੋਂ ਭਾਰਤ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਅਤੇ ਜੇਲ੍ਹਾਂ ‘ਚ ਸਜ਼ਾਵਾਂ ਭੁਗਤ ਚੁੱਕੇ ਰਾਜਸੀ ਕੈਦੀਆਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਦੇ ਸੰਘਰਸ਼ ਦਾ ਸਮਰਥਨ ਕਰਦਿਆਂ, ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਅਤੇ ਵਿਦੇਸ਼ ਮੰਤਰੀ ਤੋਂ ਦਖ਼ਲ ਦੀ ਮੰਗ ਕਰ ਰਹੇ ਹਨ | ਇਸ ਮੌਕੇ ਕਈ ਸੰਸਦ ਮੈਂਬਰ ਵੀ ਸਿੱਖ ਮਾਮਲਿਆਂ ‘ਚ ਉਨ੍ਹਾਂ ਨਾਲ ਖੜੋਤੇ ਸਨ | ਭਾਵੇਂ ਕਿ ਪ੍ਰਸ਼ਨ ਕਾਲ ਦੌਰਾਨ ਪ੍ਰਧਾਨ ਮੰਤਰੀ ਜਾਂ ਕਿਸੇ ਸੰਸਦ ਮੈਂਬਰ ਨੇ ਸਿੱਖ ਮੁੱਦਿਆਂ ‘ਤੇ ਕੋਈ ਗੱਲ ਨਹੀਂ ਕੀਤੀ ਪਰ ਵੱਡੀ ਗਿਣਤੀ ਵਿਚ ਸਿੱਖਾਂ ਦੀ ਸੰਸਦ ਦੀ ਗੈਲਰੀ ਵਿਚ ਹਾਜ਼ਰੀ ਸਿੱਖਾਂ ਦੇ ਸਵਾਲਾਂ ਦਾ ਜਵਾਬ ਮੰਗ ਰਹੀ ਸੀ | ਇਸ ਮੌਕੇ ਸਿੱਖਾਂ ਨੇ ਅਮਰੀਕੀ ਅੰਬੈਸੀ ਤੋਂ ਵੀ ਬਾਪੂ ਸੂਰਤ ਸਿੰਘ ਦੀ ਭੁੱਖ ਹੜਤਾਲ ਸਬੰਧੀ ਭਾਰਤ ਸਰਕਾਰ ‘ਤੇ ਦਬਾਅ ਬਣਾਉਣ ਲਈ ਕਿਹਾ | ਸਵੇਰੇ 10 ਵਜੇ ਦੇ ਕਰੀਬ ਪਾਰਲੀਮੈਂਟ ਸਾਹਮਣੇ ਜੁੜਨਾ ਸ਼ੁਰੂ ਹੋ ਗਏ ਸਨ ਅਤੇ ਵੇਖਦੇ-ਵੇਖਦੇ ਹੀ ਹਜ਼ਾਰਾਂ ਸਿੱਖਾਂ ਨੇ ਸੰਸਦ ਸਾਹਮਣੇ ਦੀ ਸੜਕ ਮਿਲਬੈਂਕ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ | ਇਸ ਮੌਕੇ ਕੇਸਰੀ ਲਹਿਰ ਵੱਲੋਂ ਭਾਈ ਗੁਰਪ੍ਰੀਤ ਸਿੰਘ, ਸਿੱਖ ਫੈੱਡਰੇਸ਼ਨ ਯੂ.ਕੇ. ਵੱਲੋਂ ਭਾਈ ਅਮਰੀਕ ਸਿੰਘ ਗਿੱਲ, ਭਾਈ ਦਬਿੰਦਰਜੀਤ ਸਿੰਘ, ਲਵਸ਼ਿੰਦਰ ਸਿੰਘ ਡੱਲੇਵਾਲ, ਗੁਰਦੇਵ ਸਿੰਘ ਚੌਹਾਨ, ਕੁਲਦੀਪ ਸਿੰਘ ਚਹੇੜੂ, ਕੁਲਵੰਤ ਸਿੰਘ ਢੇਸੀ, ਗੁਰਪ੍ਰੀਤ ਸਿੰਘ, ਭਾਈ ਹਰਦੀਸ਼ ਸਿੰਘ, ਜਸਬੀਰ ਸਿੰਘ ਘੁਮਾਣ, ਭਾਈ ਸੇਵਾ ਸਿੰਘ ਲੱਲੀ, ਬਾਬਾ ਫ਼ੌਜਾ ਸਿੰਘ, ਮਨਮੋਹਨ ਸਿੰਘ ਖ਼ਾਲਸਾ ਆਦਿ ਹਾਜ਼ਰ ਸਨ | ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖਾਂ ਵੱਲੋਂ ਇਕ ਪਟੀਸ਼ਨ ਪਾਈ ਗਈ ਹੈ | ਇਸ ਸਬੰਧੀ ਅਰਲੀ ਡੇਅ ਮੋਸ਼ਨ ਰਾਹੀਂ ਸੰਸਦ ਵਿਚ ਮਤਾ ਵੀ ਲਿਆਂਦਾ ਗਿਆ ਹੈ, ਜਿਸ ‘ਤੇ ਸੰਸਦ ਮੈਂਬਰਾਂ ਦੇ ਦਸਤਖ਼ਤਾਂ ਦੀ ਲੋੜ ਹੈ | ਜੇ 100 ਤੋਂ ਵੱਧ ਸੰਸਦ ਮੈਂਬਰ ਇਸ ਦੀ ਹਮਾਇਤ ਕਰਦੇ ਹਨ ਤਾਂ ਬਾਪੂ ਸੂਰਤ ਸਿੰਘ ਦੇ ਮਾਮਲੇ ‘ਤੇ ਬਰਤਾਨੀਆ ਦੀ ਸੰਸਦ ‘ਚ ਬਹਿਸ ਹੋ ਸਕਦੀ ਹੈ, ਜਿਸ ਲਈ ਸੰਘਰਸ਼ ਕੀਤਾ ਜਾ ਰਿਹਾ ਹੈ | ਇਸ ਮੌਕੇ ਜਿੱਥੇ ਭਾਰਤ ਦੀ ਕੇਂਦਰ ਸਰਕਾਰ ਵਿਰੁੱਧ ਸਿੱਖਾਂ ਦਾ ਗੁੱਸਾ ਨਿਕਲ ਰਿਹਾ ਸੀ ਉੱਥੇ ਹੀ ਪੰਜਾਬ ਸਰਕਾਰ ਵਿਰੁੱਧ ਵੀ ਸਿੱਖਾਂ ਦਾ ਰੋਹ ਸੀ | ਇਸ ਮੌਕੇ ਸਿੱਖਾਂ ਨੇ ਸੰਸਦ ਵਿਚ ਜਾ ਕੇ ਵੱਖ-ਵੱਖ ਸੰਸਦ ਮੈਂਬਰਾਂ ਨਾਲ ਮੁਲਾਕਾਤਾਂ ਕਰਕੇ ਬਾਪੂ ਸੂਰਤ ਸਿੰਘ ਦੇ ਸ਼ੰਘਰਸ਼ ‘ਤੇ ਵਿਚਾਰ ਕਰਨ ਅਤੇ ਸਿੱਖਾਂ ਦੀ ਆਵਾਜ ਬਣਨ ਲਈ ਕਿਹਾ |

Facebook Comment
Project by : XtremeStudioz