Close
Menu

ਭਾਰਤੀ ਦੀ ‘ਕਾਲੀ ਸੂਚੀ’ ਕਾਰਨ ਇਟਲੀ ‘ਚ ਵੱਸਦੇ ਭਾਰਤੀਆਂ ਦਾ ਪੱਕੇ ਹੋਣਾ ਹੋਇਆ ਮੁਸ਼ਕਿਲ

-- 18 July,2015

ਰੋਮ (ਕੈਂਥ)— ਇਟਲੀ ਵਿਚ ਵੱਸਦੇ ਕੱਚੇ ਭਾਰਤੀਆਂ ਲਈ ਹੁਣ ਉੱਥੋਂ ਦੀ ਨਾਗਰਿਕਤਾ ਪ੍ਰਾਪਤ ਕਰਨਾ ਹੋਰ ਵੀ ਮੁਸ਼ਕਿਲ ਸਾਬਤ ਹੋ ਰਿਹਾ ਹੈ। ਅਮਰੀਕਾ, ਕੈਨੇਡਾ ਵਿਚ ਇਟਲੀ ਵਿਚ ਭਾਰਤੀਆਂ ਦੀ ਕਾਲੀ ਸੂਚੀ ਕਾਰਨ ਭਾਰਤੀਆਂ ਨੂੰ ਇਟਲੀ ਦੀ ਨਾਗਰਿਕਤਾ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ, ਉੱਥੇ ਇਟਲੀ ‘ਚ ਵੀ ਅਜਿਹਾ ਮਾਹੌਲ ਬਣਦਾ ਜਾ ਰਿਹਾ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਾਲ ਹੀ ਵਿਚ ਇਟਲੀ ਦੇ ਸਭ ਤੋਂ ਅਮੀਰ ਸੂਬੇ ਏਮਿਲੀਆ ਰੋਮਾਨਾ ਤੋਂ ਕੁਝ ਭਾਰਤੀਆਂ (ਪੰਜਾਬੀ) ਨੇ ਇਟਾਲੀਅਨ ਨਾਗਰਿਕਤਾ ਲਈ ਦਰਖਾਸਤ ਦਿੱਤੀ ਹੋਈ ਹੈ। ਉਨ੍ਹਾਂ ਨੂੰ ਇਟਾਲੀਅਨ ਸਰਕਾਰ ਨੇ ਇਹ ਕਹਿ ਕੇ ਖਾਰਜ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਚਾਲ-ਚਲਨ ਠੀਕ ਨਾ ਹੋਣ ਕਾਰਨ ਤੇ ਭਾਰਤੀ ਅੰਬੈਂਸੀ ਵੱਲੋਂ ਉਨ੍ਹਾਂ ਦੀ ਜਿੰਮੇਵਾਰੀ ਨਾਲ ਚੁੱਕਣ ਕਾਰਨ ਇਟਾਲੀਅਨ ਨਾਗਰਿਕਤਾ ਨਹੀਂ ਦਿੱਤੀ ਜਾ ਸਕਦੀ। ਜਿਸ ਤੋਂ ਸਾਫ ਹੈ ਕਿ ਇਟਲੀ ਵਿਚ ਇਨ੍ਹਾਂ ਲੋਕਾਂ ਦਾ ਨਾਂ ਕਾਲੀ ਸੂਚੀ ਵਿਚ ਰਿਹਾ ਹੋਵੇਗਾ।
ਅੱਜ ਜਦੋਂ ਕਿ ਇਟਲੀ ਵਿਚ ਮਹਾਨ ਸਿੱਖ ਧਰਮ ਰਜਿਸਟਰਡ ਹੋਣ ਜਾ ਰਿਹਾ ਹੈ। ਇਟਲੀ ਦੀ ਪੂਰੀ ਮਨਿਸਟਰੀ ਵਿਚ ਸਿੱਖ ਧਰਮ ਦੇ ਚਰਚੇ ਹਨ, ਅਜਿਹੇ ਬੁਲੰਦੀ ਵਾਲੇ ਮਾਹੌਲ ਵਿਚ ਜੇਕਰ ਇਟਲੀ ਦੀ ਸਰਕਾਰ ਕਿਸੇ ਭਾਰਤੀ ਨੂੰ ਇਹ ਕਹਿ ਕਿ ਇਟਾਲੀਅਨ ਨਾਗਰਿਕਤਾ ਦੇਣ ਤੋਂ ਇਨਕਾਰੀ ਹੋ ਜਾਵੇ ਕਿਉਂਕਿ ਇਟਲੀ ਵਿਚ ਸਥਿਤ ਭਾਰਤੀ ਅੰਬੈਂਸੀ ਉਸ ਦੇ ਵਧੀਆ ਚਰਿੱਤਰ ਦੀ ਗਵਾਹੀ ਨਹੀਂ ਭਰਦੀ ਤਾਂ ਇਹ ਗੱਲ ਇਟਲੀ ਦੇ ਸਮੁੱਚੇ ਸਿੱਖ ਭਾਈਚਾਰੇ ਦੇ ਨਾਲ-ਨਾਲ ਇਟਲੀ ਦੀਆਂ ਨਾਮੀ ਗ੍ਰਾਮੀ ਸਿੱਖ ਜੱਥੇਬੰਦੀਆਂ ਲਈ ਵੀ ਆਉਣ ਵਾਲੇ ਸਮੇਂ ਵਿਚ ਵੱਡੀ ਮੁਸ਼ਕਿਲ ਬਣ ਸਕਦੀ ਹੈ। ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ ਤੇ ਇੱਕ ਭਾਰਤੀ (ਜਿਸ ਨੂੰ ਕਿ ਨਾਗਰਿਕਤਾ ਦੇਣ ਤੋਂ ਨਾਂਹ ਹੋਈ ਹੈ) ਨੇ ਦੱਸਿਆ ਕਿ ਉਹ ਪਿਛਲੇ ਡੇਢ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਇਟਲੀ ਰੈਣ-ਬਸੇਰਾ ਕਰ ਰਹੇ ਹਨ, ਉਨ੍ਹਾਂ ਕੋਲ ਭਾਰਤੀ ਪਾਸਪੋਰਟ ਹੈ ਤੇ ਉਹ ਅਨੇਕਾਂ ਵਾਰ ਭਾਰਤ ਤੇ ਕਈ ਹੋਰ ਦੇਸ਼ਾਂ ਵਿੱਚ ਘੁੰਮ ਚੁੱਕਾ ਹੈ ਕਦੇ ਵੀ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਈ ਤੇ ਨਾਂਹੀ ਕਦੇ ਭਾਰਤ ਵਿਚ ਉਹਨਾਂ ਦੇ ਨਾਂਅ ਕੇਸ ਦਰਜ ਹੋਇਆ ਹੋਵੇ ਫਿਰ ਪਤਾ ਨਹੀਂ ਕਿਉਂ ਇਟਲੀ ਸਰਕਾਰ ਨੇ ਉਨ੍ਹਾਂ ਨੂੰ ਨਾਗਰਿਕਤਾ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਭਾਰਤੀ ਨੇ ਦੱਸਿਆ ਕਿ ਉਸ ਨਾਲ 10 ਹੋਰ ਅਜਿਹੇ ਭਾਰਤੀ ਹਨ ਜਿਨ੍ਹਾਂ ਨੂੰ ਇਟਲੀ ਸਰਕਾਰ ਨੇ ਨਾਗਰਿਕਤਾ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ।

Facebook Comment
Project by : XtremeStudioz