Close
Menu

ਭਾਰਤੀ ਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਰੱਦ; ਪੁਲੀਸ ਵੱਲੋਂ ਵਾਰੰਟ ਜਾਰੀ

-- 15 September,2015

ਨਵੀਂ ਦਿੱਲੀ, 15 ਸਤੰਬਰ
ੲਿਥੋਂ ਦੀ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਦਿੱਲੀ ਦੇ ਸਾਬਕਾ ਕਾਨੂੰਨ ਮੰਤਰੀ ਸੋਮਨਾਥ ਭਾਰਤੀ ਦੀ ਅਗਾਉਂ ਜ਼ਮਾਨਤ ਅਰਜ਼ੀ ਅੱਜ ਰੱਦ ਕਰ ਦਿੱਤੀ ਜਿਸ ਕਰਕੇ ਸ੍ਰੀ ਭਾਰਤੀ ਤੱਕ ਦਿੱਲੀ ਪੁਲੀਸ ਦਾ ਸ਼ਿਕੰਜ਼ਾ ਕੱਸਦਾ ਜਾ ਰਿਹਾ ਹੈ। ਦਿੱਲੀ ਪੁਲੀਸ ਨੇ ਗ਼ੈਰਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਹਨ। ਸ੍ਰੀ ਭਾਰਤੀ ਉਪਰ ਉਨ੍ਹਾਂ ਦੀ ਪਤਨੀ ਨੇ ਘਰੇਲੂ ਹਿੰਸਾ ਅਤੇ ਦੋ ਵਾਰ ਕਤਲ ਦਾ ਯਤਨ ਕਰਨ ਦੇ ਦੋਸ਼ ਲਾ ਕੇ ਮਾਮਲਾ ਦਰਜ ਕਰਵਾਇਆ ਸੀ।
ਵਧੀਕ ਸੈਸ਼ਨ ਜੱਜ ਸੰਜੇ ਗਰਗ ਵੱਲੋਂ ਸ੍ਰੀ ਭਾਰਤੀ ਦੀ ਅਰਜ਼ੀ ਰੱਦ ਕੀਤੀ ਗਈ ਜਿਸ ਵਿੱਚ ਸ੍ਰੀ ਭਾਰਤੀ ਨੇ ਉਨ੍ਹਾਂ ਉਪਰ ਲੱਗੇ ਦੋਸ਼ਾਂ ਨੂੰ ਗ਼ਲਤ ਦੱਸਦੇ ਹੋਏ ਦਲੀਲ ਦਿੱਤੀ ਕਿ ਉਹ ਖੁਦ ਵਕੀਲ ਹੈ ਤੇ ਦਿੱਲੀ ਦੇ ਸਾਬਕਾ ਕਾਨੂੰਨ ਮੰਤਰੀ ਤੇ ਮੌਜੂਦਾ ਵਿਧਾਇਕ ਵੀ ਹਨ ਜਿਸ ਕਰਕੇ ਉਹ ਕਦੇ ਵੀ ਭੱਜ ਕੇ ਨਹੀਂ ਜਾਣਗੇ। ਉਨ੍ਹਾਂ ਵੱਲੋਂ ਪੇਸ਼ ਵਕੀਲ ਵਿਜੈ ਅਗਰਵਾਲ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਸ੍ਰੀ ਭਾਰਤੀ ਅਜੇ ਵੀ ਆਪਣੀ ਪਤਨੀ ਤੇ ਬੱਚਿਆਂ ਨੂੰ ਮੱਦਦ ਕਰਨ ਲਈ ਤੇ ਸੁਲਾਹ ਲਈ ਤਿਆਰ ਹਨ।
ਦੂਜੇ ਪਾਸੇ ਉਨ੍ਹਾਂ ਦੀ ਪਤਨੀ ਲਿਪਿਕਾ ਦੇ ਵਕੀਲ ਸਲਿੰਦਰ ਬੱਬਰ ਨੇ ਅਗਾਉਂ ਜ਼ਮਾਨਤ ਦੀ ਅਰਜ਼ੀ ਦਾ ਵਿਰੋਧ ਕੀਤਾ ਤੇ ਕਿਹਾ ਕਿ ਸ੍ਰੀ ਭਾਰਤੀ ਇੱਕ ਅਸਰਦਾਰ ਵਿਅਕਤੀ ਹਨ ਤੇ ਉਹ ਮੁਕੱਦਮੇ ਨੂੰ ਪ੍ਰਭਾਵਤ ਕਰ ਸਕਦੇ ਹਨ । ਉਨ੍ਹਾਂ ਖ਼ਿਲਾਫ਼ ਦੋਸ਼ ਗੰਭੀਰ ਹਨ, ਇਸ ਲਈ ਉਨ੍ਹਾਂ ਨੂੰ ਅਗਾਉਂ ਜ਼ਮਾਨਤ ਨਾ ਦਿੱਤੀ ਜਾਵੇ। ਵਕੀਲ ਨੇ ਕਿਹਾ ਕਿ ਦਿੱਲੀ ਪੁਲੀਸ ਵੱਲੋਂ ਭਾਰਤੀ ਨੂੰ ਦੋ ਵਾਰ ਨੋਟਿਸ ਜਾਰੀ ਕੀਤੇ ਗਏ ਹਨ ਪਰ ਉਹ ਸਹਿਯੋਗ ਨਹੀਂ ਕਰ ਰਹੇ ਤੇ ਨਾ ਹੀ ਨੋਟਿਸਾਂ ਦੇ ਜਵਾਬ ਵਿੱਚ ਜਾਂਚ ਅੰਦਰ ਸ਼ਾਮਲ ਹੋ ਕੇ ਸਹਿਯੋਗ ਦੇ ਰਹੇ ਹਨ। ਵਕੀਲ ਮੁਤਾਬਕ ਭਾਰਤੀ ਖ਼ਿਲਾਫ਼ ਦੋ ਅਜਿਹੇ ਮਾਮਲੇ ਦਰਜ ਹਨ ਜਿਨ੍ਹਾਂ ਵਿੱਚ ਇੱਕ ਅਫ਼ਰੀਕੀ ਔਰਤ ਨਾਲ ਕਥਿਤ ਛੇੜਛਾੜ ਦਾ ਮਾਮਲਾ ਵੀ ਪਹਿਲਾਂ ਦਰਜ ਹੋ ਚੁੱਕਾ ਹੈ। ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਚਾਰ ਵਾਰ ਸਮਝੌਤੇ ਦੀ ਕੋਸ਼ਿਸ਼ ਕੀਤੀ ਗਈ ਪਰ ਕੋਈ ਹੱਲ ਨਹੀਂ ਨਿਕਲਿਆ।
ਭਾਰਤੀ ਦੀ ਪਤਨੀ ਨੇ ਅਦਾਲਤ ਵਿੱਚ ਕਿਹਾ, ‘ਹੁਣ ਸੁਲਾਹ ਨਹੀਂ ਹੋ ਸਕਦੀ ਕਿਉਂਕਿ ਉਹ (ਸ੍ਰੀ ਭਾਰਤੀ) ਮੈਨੂੰ ਬੱਚਿਆਂ ਦੇ ਸਾਹਮਣੇ ਸਾਡੇ ਹਾਲ ‘ਤੇ ਛੱਡ ਗਏ ਸਨ।’ ਲਿਪਿਕਾ ਨੇ ਕਿਹਾ,‘ ਮੇਰੇ ਛੋਟੇ ਬੱਚੇ ਤੰਗ ਹਨ, ਮੈਂ ਆਪਣੇ ਪਤੀ ਨੂੰ ਪਿਆਰ ਕਰਦੀ ਹਾਂ, ਇਸੇ ਕਰਕੇ ਪੰਜ ਸਾਲ ਬਰਦਾਸ਼ਤ ਕੀਤਾ’।
ਲਿਪਿਕਾ ਨੇ 10 ਜੂਨ ਨੂੰ ਦਿੱਲੀ ਮਹਿਲਲਾ ਕਮਿਸ਼ਨ ਕੋਲ ਭਾਰਤੀ ਦੀ ਸ਼ਿਕਾਇਤ ਕੀਤੀ ਸੀ ਤੇ ਉਨ੍ਹਾਂ ਦਿੱਲੀ ਪੁਲੀਸ ਕੋਲ ਵੀ ਮਾਮਲਾ ਵੀ ਰੱਖਿਆ ਸੀ।
ਇਸ ਪਿੱਛੋਂ ਦਿੱਲੀ ਪੁਲੀਸ ਨੇ ਧਾਰਾ 307, 498ਏ ਸਮੇਤ ਹੋਰ ਧਰਾਵਾਂ ਹੇਠ ਮਾਮਲਾ ਦਰਜ ਕਰਕੇ ਦੋ ਵਾਰ ਭਾਰਤੀ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਨੋਟਿਸ ਜਾਰੀ ਕੀਤਾ ਸੀ। ਭਾਰਤੀ ਵੱਲੋਂ ਪਹਿਲਾਂ ਵੀ ਅਗਾਉਂ ਜ਼ਮਾਨਤ ਅਰਜ਼ੀ ਪਾਈ ਸੀ ਜਿਸ ਨੂੰ ਅਦਾਲਤ ਨੇ ਨਾਮੰਨਜ਼ੂਰ ਕਰ ਦਿੱਤਾ ਸੀ।

Facebook Comment
Project by : XtremeStudioz