Close
Menu

ਭਾਰਤੀ ਬੱਲੇਬਾਜ਼ਾਂ ਨੂੰ ਤਕਨੀਕੀ ਨਹੀਂ, ਮਾਨਸਿਕ ਸਮੱਸਿਆ: ਕੋਹਲੀ

-- 14 August,2018

ਲੰਡਨ, ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਖਿਰ ਨੂੰ ਇਹ ਗੱਲ ਮੰਨ ਲਈ ਹੈ ਕਿ ਇੰਗਲੈਂਡ ਖ਼ਿਲਾਫ਼ ਦੂਜੇ ਟੈਸਟ ਵਿੱਚ ਮਿਲੀ ਹਾਰ ਦੌਰਾਨ ਉਨ੍ਹਾਂ ਦੀ ਟੀਮ ਦਾ ਸੁਮੇਲ ਕੁਝ ਗ਼ਲਤ ਸੀ। ਕਪਤਾਨ ਨੇ ਇੰਗਲਿਸ਼ ਗੇਂਦਬਾਜ਼ਾਂ ਅੱਗੇ ਜੂਝ ਰਹੇ ਸਾਥੀ ਬੱਲੇਬਾਜ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੌਜੂਦਾ ਟੈਸਟ ਲੜੀ ਨੂੰ ਬਚਾਉਣ ਲਈ ਚੀਜ਼ਾਂ ਨੂੰ ਆਮ ਵਾਂਗ ਰੱਖਣ। ਲਾਰਡਜ਼ ਵਿੱਚ ਖੇਡੇ ਦੂਜੇ ਟੈਸਟ ਮੈਚ ਵਿੱਚ ਪਾਰੀ ਤੇ 159 ਦੌੜਾਂ ਦੀ ਹਾਰ ਮਗਰੋਂ ਭਾਰਤ ਪੰਜ ਮੈਚਾਂ ਦੀ ਲੜੀ ਵਿੱਚ 0-2 ਨਾਲ ਪੱਛੜ ਗਿਆ ਹੈ।
ਕਪਤਾਨ ਕੋਹਲੀ ਨੇ ਕਿਹਾ, ‘ਮੈਨੂੰ ਲਗਦਾ ਹੈ ਕਿ ਮੈਚ ਤੋਂ ਪਹਿਲਾਂ ਸਾਡਾ ਟੀਮ ਸੁਮੇਲ ਥੋੜ੍ਹਾ ਗਲਤ ਸੀ। ਸਾਨੂੰ ਅਗਲੇ ਮੈਚ ਵਿੱਚ ਇਸ ਵਿੱਚ ਸੁਧਾਰ ਕਰਨ ਦਾ ਮੌਕਾ ਮਿਲੇਗਾ। 0-2 ਨਾਲ ਪੱਛੜਨ ਮਗਰੋਂ ਇਕਮਾਤਰ ਬਦਲ ਇਹ ਹੈ ਕਿ ਅਸੀਂ ਸਕਾਰਾਤਮਕ ਹੋ ਕੇ ਖੇਡੀਏ, ਲੜੀ ਨੂੰ 2-1 ਕਰੀਏ ਤੇ ਇਥੋਂ ਇਸ ਨੂੰ ਰੋਮਾਂਚਕ ਲੜੀ ਬਣਾਈਏ।’ ਯਾਦ ਰਹੇ ਕਿ ਲਾਰਡਜ਼ ਦੇ ਮੈਦਾਨ ’ਤੇ ਭਾਰਤ ਦੋ ਪਾਰੀਆਂ ਦੌਰਾਨ 107 ਤੇ 130 ਦੌੜਾਂ ਹੀ ਬਣਾ ਸਕਿਆ ਸੀ ਤੇ ਟੀਮ ਇੰਡੀਆ ਨੂੰ ਲੜੀ ਵਿੱਚ ਬਣੇ ਰਹਿਣ ਲਈ 18 ਅਗਸਤ ਤੋਂ ਨਾਟਿੰਘਮ ਵਿੱਚ ਸ਼ੁਰੂ ਹੋ ਰਹੇ ਤੀਜੇ ਟੈਸਟ ਵਿੱਚ ਹਾਰ ਤੋਂ ਬਚਨਾ ਹੋਵੇਗਾ। ਉਂਜ ਕੋਹਲੀ ਨੇ ਦੁਹਰਾਇਆ ਕਿ ਉਨ੍ਹਾਂ ਦੇ ਬੱਲੇਬਾਜ਼ਾਂ ਦੀ ਸਮੱਸਿਆ ਤਕਨੀਕੀ ਨਾਲੋਂ ਮਾਨਸਿਕ ਵੱਧ ਹੈ। ਕਪਤਾਨ ਨੇ ਕਿਹਾ, ‘ਮੈਨੂੰ ਕੋਈ ਤਕਨੀਕੀ ਖ਼ਾਮੀ ਨਜ਼ਰ ਨਹੀਂ ਆਉਂਦੀ। ਜੇਕਰ ਬੱਲੇਬਾਜ਼ ਆਪਣੀ ਯੋਜਨਾ ਨੂੰ ਲੈ ਕੇ ਸਪਸ਼ਟ ਹੈ ਤੇ ਉਸ ਨੂੰ ਕੋਈ ਤਣਾਅ ਨਹੀਂ ਤਾਂ ਫ਼ਿਰ ਜੇਕਰ ਗੇਂਦ ਪਿੱਚ ’ਤੇ ਘੁੰਮ ਵੀ ਰਹੀ ਹੈ ਤਾਂ ਉਸ ਨਾਲ ਨਜਿੱਠਣ ਦੇ ਸਮਰੱਥ ਹਨ।’
ਕੋਹਲੀ ਨੇ ਕਿਹਾ ਕਿ ਜਦੋਂ ਖਿਡਾਰੀ ਦੇ ਦਿਮਾਗ ’ਚ ਕਈ ਚੀਜ਼ਾਂ ਚੱਲ ਰਹੀਆਂ ਹੋਣ ਤਾਂ ਮਹਾਨ ਖਿਡਾਰੀਆਂ ਦੇ ਕਹੇ ਮੁਤਾਬਕ ਇਨ੍ਹਾਂ ਨੂੰ ਆਮ ਵਾਂਗ ਰੱਖਣ। ਕਾਬਿਲੇਗੌਰ ਹੈ ਕਿ ਲਾਰਡਜ਼ ਟੈਸਟ ਦੌਰਾਨ ਮੌਸਮ ਵੀ ਭਾਰਤ ਦੇ ਪੱਖ ’ਚ ਨਹੀਂ ਰਿਹਾ। ਭਾਰਤੀ ਟੀਮ ਨੂੰ ਜਦੋਂ ਬੱਲੇਬਾਜ਼ੀ ਕਰਨ ਦਾ ਮੌਕਾ ਮਿਲਿਆ ਤਾਂ ਅਸਮਾਨ ਵਿੱਚ ਬੱਦਲ ਛਾਏ ਹੋਏ ਸਨ, ਜਦੋਂਕਿ ਇੰਗਲੈਂਡ ਨੇ ਆਪਣੀਆਂ ਦੌੜਾਂ ਤੀਜੇ ਦਿਨ ਖਿੜੀ ਧੁੱਪ ਵਿੱਚ ਬਣਾਏ। ਕੋਹਲੀ ਨੇ ਕਿਹਾ ਕਿ ਗੇਂਦਬਾਜ਼ਾਂ ਨੇ ਲੜੀ ਦੇ ਪਹਿਲੇ ਮੈਚ ਵਿੱਚ ਚੰਗਾ ਪ੍ਰਦਰਸ਼ਨ ਕੀਤਾ, ਪਰ ਉਹ ਦੂਜੇ ਟੈਸਟ ਵਿੱਚ ਇਸ ਨੂੰ ਜਾਰੀ ਰੱਖਣ ਵਿੱਚ ਨਾਕਾਮ ਰਹੇ। ਦੂਜੇ ਟੈਸਟ ਵਿੱਚ ਪਿੱਠ ਦੀ ਦਰਦ ਕਰਕੇ ਦੂਜੀ ਪਾਰੀ ’ਚ ਪੰਜਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਵਾਲੇ ਕੋਹਲੀ ਨੇ ਆਸ ਜਤਾਈ ਕਿ ਉਹ ਅਗਲੇ ਮੈਚ ਤੋਂ ਪਹਿਲਾਂ ਫਿਟ ਹੋ ਜਾਵੇਗਾ। 

Facebook Comment
Project by : XtremeStudioz