Close
Menu

ਭਾਰਤੀ ਮਹਿਲਾ ਟੀਮ ਨੂੰ ਏਸ਼ੀਆ ਕੱਪ ‘ਚ ਕਾਂਸੀ

-- 28 September,2013

N-51-640x344ਕੁਆਲਾਲੰਪੁਰ ,28 ਸਤੰਬਰ (ਦੇਸ ਪ੍ਰਦੇਸ ਟਾਈਮਜ਼)-  ਭਾਰਤੀ ਮਹਿਲਾ ਹਾਕੀ ਟੀਮ ਭਾਵੇਂ ਹੀ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਤੋਂ ਖੁੰਝ ਗਈ ਹੋਵੇ ਪਰ ਉਸ ਨੇ ਅੱਜ ਇਥੇ ਚੀਨ ਨੂੰ ਪੈਨਲਟੀ ਸ਼ੂਟਆਊਟ ਰਾਹੀਂ ਹਰਾ ਕੇ ਅੱਠਵੇਂ ਮਹਿਲਾ ਏਸ਼ੀਆ ਕੱਪ ਵਿਚ ਕਾਂਸੀ ਤਮਗਾ ਹਾਸਲ ਕੀਤਾ।
ਭਾਰਤ ਨੂੰ ਅਗਲੇ ਸਾਲ ਹਾਲੈਂਡ ਦੇ ਹੇਗ ‘ਚ ਹੋਣ ਵਾਲੇ ਵਿਸ਼ਵ ਕੱਪ ਵਿਚ ਜਗ੍ਹਾ ਬਣਾਉਣ ਲਈ ਇਹ ਟੂਰਨਾਮੈਂਟ ਜਿੱਤਣਾ ਜ਼ਰੂਰੀ ਸੀ ਪਰ ਉਸ ਨੂੰ ਆਖਿਰ ਵਿਚ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ। ਭਾਰਤੀ ਟੀਮ ਨੇ ਪੈਨਲਟੀ ਸ਼ੂਟਆਊਟ ਵਿਚ ਚੀਨ ਨੂੰ 3-2 ਨਾਲ ਹਰਾਇਆ। ਨਿਯਮਿਤ ਸਮੇਂ ਵਿਚ ਦੋਵੇਂ ਟੀਮਾਂ 2-2 ਨਾਲ ਬਰਾਬਰੀ ‘ਤੇ ਸਨ।
ਇਸ ਜਿੱਤ ਨਾਲ ਭਾਰਤੀ ਟੀਮ ਚੀਨ ਤੋਂ ਪੂਲ ਸੈਸ਼ਨ ਵਿਚ ਮਿਲੀ 0-1 ਦੀ ਹਾਰ ਦਾ ਬਦਲਾ ਲੈਣ ਵਿਚ ਸਫਲ ਰਹੀ।
ਭਾਰਤ ਨੇ ਪਹਿਲੇ ਹਾਫ ਵਿਚ ਦਬਦਬਾ ਬਣਾਈ ਰੱਖਿਆ। ਇਸ ਦੌਰਾਨ ਅਨੁਰਾਧਾ ਦੇਵੀ ਥੋਕਚੋਮ (16ਵੇਂ ਮਿੰਟ) ਤੇ ਵੰਦਨਾ ਕਟਾਰੀਆ (31ਵੇਂ ਮਿੰਟ) ਨੇ ਗੋਲ ਕਰਕੇ ਹਾਫ ਸਮੇਂ ਤਕ ਭਾਰਤ ਨੂੰ 2-0 ਨਾਲ ਅੱਗੇ ਰੱਖਿਆ।
ਚੀਨ ਦੀ ਯਾਨ ਨੇ 51ਵੇਂ ਮਿੰਟ ਵਿਚ ਮੈਦਾਨੀ ਗੋਲ ਕਰਕੇ ਮੈਚ ਨੂੰ ਜਿਊਂਦਾ ਰੱਖਿਆ। ਇਸ ਤੋਂ ਬਾਅਦ ਭਾਰਤੀਆਂ ਦੀ ਖੇਡ ਕਮਜ਼ੋਰ ਰਹੀ ਤੇ ਚੀਨ ਨੇ ਇਸ ਦਾ ਫਾਇਦਾ ਚੁੱਕ ਕੇ 64ਵੇਂ ਮਿੰਟ ਵਿਚ ਬਰਾਬਰੀ ਦਾ ਗੋਲ ਕਰ ਦਿੱਤਾ। ਉਸ ਵਲੋਂ ਇਕ ਗੋਲ ਵੂ ਮੇਨਗ੍ਰੇਗ ਨੇ ਕੀਤਾ। ਇਸ ਤੋਂ ਬਾਅਦ ਆਖਰੀ ਛੇ ਮਿੰਟ ‘ਚ ਦੋਵਾਂ ਟੀਮਾਂ ਨੇ ਪੂਰੀ ਤਾਕਤ ਲਗਾਈ ਦਿੱਤੀ। ਸ਼ੂਟਆਊਟ ‘ਚ ਭਾਰਤੀ ਟੀਮ ਅੱਵਲ ਸਾਬਤ ਹੋਈ।
ਇਸ ਵਿਚਾਲੇ ਜਾਪਾਨ ਨੇ ਮੌਜੂਦਾ ਚੈਂਪੀਅਨ ਕੋਰੀਆ ਨੂੰ 2-1 ਨਾਲ ਹਰਾ ਕੇ ਏਸ਼ੀਆ ਕੱਪ ਜਿੱਤਿਆ ਤੇ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਵਿਚ ਆਪਣੀ ਜਗ੍ਹਾ ਪੱਕੀ ਕੀਤੀ।

Facebook Comment
Project by : XtremeStudioz