Close
Menu

ਭਾਰਤੀ ਮਹਿਲਾ ਟੀਮ ਨੇ ਇੰਗਲੈਂਡ ਤੋਂ ਇੱਕ ਰੋਜ਼ਾ ਲੜੀ ਜਿੱਤੀ

-- 13 April,2018

ਨਾਗਪੁਰ, 13 ਅਪਰੈਲ
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਤੀਜੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਅੱਜ ਇੱਥੇ ਇੰਗਲੈਂਡ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 2-1 ਨਾਲ ਜਿੱਤ ਲਈ ਹੈ। ਬਿਹਤਰੀਨ ਪ੍ਰਦਰਸ਼ਨ ਕਰ ਰਹੀ ਸਮ੍ਰਿਤੀ ਮੰਧਾਨਾ ਦੀ ਸ਼ਾਨਦਾਰ ਸ਼ੁਰੂਆਤ ਮਗਰੋਂ ਕਪਤਾਨ ਮਿਤਾਲੀ ਰਾਜ ਦੀ ਠਰ੍ਹੱਮੇ ਵਾਲੀ ਪਾਰੀ ਅਤੇ ਦੀਪਿਤੀ ਸ਼ਰਮਾ ਦੇ ਨਾਬਾਦ ਅਰਧ ਸੈਂਕੜੇ ਨੇ ਜਿੱਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਭਾਰਤ ਦੀ ਇਸ ਜਿੱਤ ਵਿੱਚ ਗੇਂਦਬਾਜ਼ਾਂ ਦਾ ਵੀ ਮਹੱਤਵਪੂਰਨ ਯੋਗਦਾਨ ਰਿਹਾ, ਜਿਨ੍ਹਾਂ ਨੇ ਇੰਗਲੈਂਡ ਨੂੰ 50 ਓਵਰਾਂ ਵਿੱਚ ਨੌਂ ਵਿਕਟਾਂ ’ਤੇ 201 ਦੌੜਾਂ ਹੀ ਬਣਾਉਣ ਦਿੱਤੀਆਂ। ਮੈਚ ਵਿੱਚ ਖਿੱਚ ਦਾ ਕੇਂਦਰ ਮਹਿਮਾਨ ਟੀਮ ਦੀ ਵਿਕਟਕੀਪਰ ਬੱਲੇਬਾਜ਼ ਐਮੀ ਜੋਨਜ਼ 94 ਦੌੜਾਂ ਦੀ ਪਾਰੀ ਰਹੀ। ਉਸ ਤੋਂ ਇਲਾਵਾ ਕਪਤਾਨ ਹੀਥਰ ਨਾਈਟ ਨੇ 36 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਲਈ ਦੀਪਤੀ ਸ਼ਰਮਾ, ਝੂਲਨ ਗੋਸਵਾਮੀ, ਰਾਜੇਸ਼ਵਰੀ ਗਾਇਕਵਾੜ ਅਤੇ ਪੂਨਮ ਯਾਦਵ ਨੇ ਦੋ-ਦੋ ਵਿਕਟਾਂ ਲਈਆਂ। ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਸੀ, ਪਰ ਮੰਧਾਨਾ ਨੇ ਇੱਕ ਸਮੇਂ ਤਕ ਪਾਰੀ ਸੰਭਾਲੀ। ਮੰਧਾਨਾ ਦਾ ਪ੍ਰਦਰਸ਼ਨ ਹੁਣ ਤਕ ਸ਼ਾਨਦਾਰ ਰਿਹਾ ਹੈ, ਜਿਸ ਨੇ ਤਿੰਨ ਮੈਚਾਂ ਵਿੱਚ 181 ਦੌੜਾਂ ਬਣਾਈਆਂ ਹਨ। ਉਸ ਨੂੰ ਲੜੀ ਦੀ ਸਰਵੋਤਮ ਖਿਡਾਰਨ ਚੁਣਿਆ ਗਿਆ ਹੈ ਅਤੇ ਦੀਪਤੀ ਨੂੰ ਮੈਚ ਦੀ ਸਰਵੋਤਮ ਖਿਡਾਰਨ ਦਾ ਪੁਰਸਕਾਰ ਮਿਲਿਆ।
ਭਾਰਤ ਸਾਹਮਣੇ ਵੱਡਾ ਟੀਚਾ ਨਹੀਂ ਸੀ, ਪਰ ਉਸ ਨੇ ਜੈਮਿਮਾ ਰੌਡ੍ਰਿਗਜ਼ (ਦੋ) ਅਤੇ ਵੇਦਾ ਕ੍ਰਿਸ਼ਨਾਮੂਰਤੀ (ਸੱਤ) ਦੀਆਂ ਵਿਕਟਾਂ ਛੇਤੀ ਗੁਆ ਲਈਆਂ। ਭਾਰਤ ਜਦੋਂ ਦੋ ਵਿਕਟਾਂ ਪਿੱਛੇ 99 ਦੌੜਾਂ ’ਤੇ ਖੇਡ ਰਿਹਾ ਸੀ ਤਾਂ ਮੰਧਾਨਾ ਨੂੰ ਸਿਹਤ ਸਮੱਸਿਆ ਕਾਰਨ ਕ੍ਰੀਜ ਛੱਡਣੀ ਪਈ। ਦੀਪਤੀ ਨੇ ਹਾਲਾਂਕਿ ਮਿਤਾਲੀ ਦਾ ਚੰਗਾ ਸਾਥ ਦਿੱਤਾ। ਭਾਰਤ ਨੇ ਪਹਿਲਾ ਇੱਕ ਰੋਜ਼ਾ ਇੱਕ ਵਿਕਟ ਨਾਲ ਜਿੱਤਿਆ ਸੀ, ਪਰ ਦੂਜੇ ਮੈਚ ਵਿੱਚ ਉਸ ਨੂੰ ਅੱਠ ਵਿਕਟਾਂ ਨਾਲ ਹਾਰ ਝੱਲਣੀ ਪਈ ਸੀ। 

Facebook Comment
Project by : XtremeStudioz